ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਕੋਰੋਨਾਂ ਦੇ ਨਾਲ ਹੁਣ ਸਕਾਟਲੈਂਡ ‘ਤੇ ਇੱਕ ਹੋਰ ਕੁਦਰਤੀ ਆਫਤ ਏਡਨ ਤੂਫਾਨ ਦਾ ਸੰਕਟ ਮੰਡਰਾ ਰਿਹਾ ਹੈ। ਏਡਨ ਇਸ ਹਫਤੇ ਯਾਤਰਾ ਅਤੇ ਹੈਲੋਵੀਨ ਵਿੱਚ ਵਿਘਨ ਪਾ ਸਕਦਾ ਹੈ ਕਿਉਂਕਿ ਇਸ ਨਾਲ ਸਕਾਟਲੈਂਡ ਦੇ ਕੁਝ ਹਿੱਸੇ ਭਾਰੀ ਬਾਰਸ਼ ਅਤੇ 75mph ਰਫਤਾਰ ਦੀਆਂ ਹਵਾਵਾਂ ਦਾ ਸਾਹਮਣੇ ਕਰਨਗੇ।ਮੌਸਮ ਵਿਭਾਗ ਦੁਆਰਾ ਦੇਸ਼ ਭਰ ਵਿੱਚ ਖਰਾਬ ਮੌਸਮ ਅਤੇ ਹੜ੍ਹਾਂ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਜਿਸ ਨਾਲ ਦੇਸ਼ ਦੇ ਬਹੁਤ ਸਾਰੇ ਹਿੱਸੇ ਬਿਜਲੀ ਦੇ ਨੈਟਵਰਕ ਅਤੇ ਜਨਤਕ ਆਵਾਜਾਈ ਵਿੱਚ ਵਿਘਨ ਲਈ ਅਲਰਟ ‘ਤੇ ਹਨ। ਮੌਸਮ ਦੀ ਪਹਿਲੀ ਚੇਤਾਵਨੀ ਕੱਲ੍ਹ ਸਵੇਰੇ 3 ਵਜੇ ਤੋਂ ਗਲਾਸਗੋ, ਆਇਰਸ਼ਾਇਰ ਅਤੇ ਟਾਇਸਾਈਡ ਦੇ ਬਹੁਤ ਸਾਰੇ ਹਿੱਸਿਆਂ ਵਿਚ ਲਾਗੂ ਹੋਵੇਗੀ, ਜੋ ਕਿ ਸ਼ਾਮ 7 ਵਜੇ ਤਕ ਲਗਾਤਾਰ ਭਾਰੀ ਬਾਰਸ਼ ਦਾ ਖਦਸ਼ਾ ਪ੍ਰਗਟਾਉਂਦੀ ਹੈ। ਇਸਤੋਂ ਇਲਾਵਾ ਪੱਛਮੀ ਆਈਸਲਜ਼ ਵੀ ਐਤਵਾਰ ਨੂੰ ਤੂਫ਼ਾਨ ਦਾ ਸਾਹਮਣਾ ਕਰ ਸਕਦੇ ਹਨ। ਤੇਜ਼ ਹਵਾਵਾਂ ਦੇ ਮੱਦੇਨਜ਼ਰ ਵੈਸਟ ਹਾਈਲੈਂਡ ਲਾਈਨ ਦੇ ਦੱਖਣੀ ਭਾਗ ਵਿੱਚ ਦੁਪਹਿਰ 12 ਵਜੇ ਤੋਂ ਬਾਅਦ ਅਤੇ ਇਸ ਦੇ ਨਾਲ ਹੀ ਹਾਈਲੈਂਡ ਮੇਨਲਾਈਨ ਵਿੱਚ ਸਵੇਰੇ 6 ਵਜੇ ਤੋਂ ਦੁਪਹਿਰ 1 ਵਜੇ ਦੇ ਵਿਚਕਾਰ 40 mph ਸਪੀਡ ਦੀ ਪਾਬੰਦੀ ਲਗਾਈ ਜਾਵੇਗੀ। ਮੁੱਖ ਮੌਸਮ ਵਿਗਿਆਨੀ ਫਰੈਂਕ ਸੌਂਡਰਸ ਅਨੁਸਾਰ “ਅਸੀਂ ਹਫ਼ਤੇ ਦੇ ਅਖੀਰ ਵਿਚ ਇਸ ਆਮ ਪਤਝੜ ਦਾ ਮੌਸਮ ਜਾਰੀ ਦੇਖਾਂਗੇ ਅਤੇ ਭਾਰੀ ਬਾਰਸ਼, ਤੇਜ਼ ਹਵਾਵਾਂ ਨਾਲ ਕੁਝ ਖੇਤਰਾਂ ਵਿੱਚ ਹੜ੍ਹਾਂ ਦੇ ਜੋਖਮ ਦੀ ਵੀ ਉਮੀਦ ਹੈ।”