ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਕੋਰੋਨਾਂ ਵਾਇਰਸ ਮਹਾਂਮਾਰੀ ਨੇ ਸਾਰੇ ਸੰਸਾਰ ਦੇ ਸਿਹਤ ਵਿਗਿਆਨੀਆਂ ਨੂੰ ਇਸਦੇ ਇਲਾਜ ਲੱਭਣ ਦੇ ਕਾਰਜ ਵਿੱਚ ਲਾਇਆ ਹੋਇਆ ਹੈ। ਯੂਕੇ ਵਿੱਚ ਵੀ ਮਾਹਿਰ ਇਸ ਬਿਮਾਰੀ ਨੂੰ ਹਰਾਉਣ ਦੇ ਯਤਨ ਕਰ ਰਹੇ ਹਨ ਅਤੇ ਉਹ ਇਸ ਵਿੱਚ ਸਫਲ ਹੋਣ ਦੇ ਵੀ ਬਹੁਤ ਨੇੜੇ ਹਨ।ਇਕ ਅਧਿਐਨ ਦੇ ਅਨੁਸਾਰ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾਂ ਵਾਇਰਸ ਦੇ ਟੀਕੇ ਪ੍ਰਤੀ ਬਜ਼ੁਰਗਾਂ ਵਿਚ ਵਧੀਆ ਪ੍ਰਭਾਵ ਸਾਹਮਣੇ ਆ ਰਹੇ ਹਨ। ਇਸ ਟੀਕੇ ਦੇ ਪਰੀਖਣ ਵਿੱਚ ਪਾਇਆ ਗਿਆ ਕਿ 55 ਸਾਲਾਂ ਉਮਰ ਗਰੁੱਪ ਵਿੱਚ ‘ਮਜ਼ਬੂਤ’ ਪ੍ਰਤੀਰੋਧਕ ਪ੍ਰਤੀਕ੍ਰਿਆ ਨਾਲ ਕੋਵਿਡ -19 ਤੋਂ ਹੋਣ ਵਾਲੇ ਮੌਤ ਦੇ ਖਤਰੇ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਹ ਟੀਕਾ ਇਸ ਸਮੇਂ ਦੁਨੀਆ ਭਰ ਦੇ ਹਜ਼ਾਰਾਂ ਲੋਕਾਂ ‘ਤੇ ਕਲੀਨੀਕਲ ਪਰੀਖਣ ਦੇ ਤੀਜੇ ਪੜਾਅ ਵਿੱਚ ਹੈ। ਮਾਹਿਰ ਇਹ ਉਡੀਕ ਕਰ ਰਹੇ ਹਨ ਕਿ ਅਸਲ ਵਿਚ ਇਹ ਟੀਕਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਵਿੱਚ ਸਫਲ ਹੋਵੇਗਾ ਜਾਂ ਨਹੀਂ।ਇਸਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਾਲ ਦੇ ਅੰਤ ਤੱਕ ਤਿਆਰ ਹੋ ਸਕਦਾ ਹੈ । ਸਿਹਤ ਸਕੱਤਰ ਮੈਟ ਹੈਨਕਾਕ ਨੇ ਫਿਲਹਾਲ ਕ੍ਰਿਸਮਸ ਤੋਂ ਪਹਿਲਾਂ ਸਭ ਤੋਂ ਕਮਜ਼ੋਰ ਬ੍ਰਿਟਿਸ਼ਾਂ ਨੂੰ ਟੀਕਾ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸਦੇ ਨਤੀਜੇ ਅਜੇ ਪੂਰੀ ਤਰ੍ਹਾਂ ਨਤੀਜੇ ਜਨਤਕ ਨਹੀਂ ਕੀਤੇ ਗਏ ਹਨ ਪਰ ਆਕਸਫੋਰਡ ਯੂਨੀਵਰਸਿਟੀ ਪ੍ਰੋਫੈਸਰ ਐਂਡਰਿਊ ਪੋਲਾਰਡ ਨੇ ਇੱਕ ਕਾਨਫਰੰਸ ਵਿੱਚ CHAdOx1 nCov-2019 ਆਕਸਫੋਰਡ ਕੋਰੋਨਾਂ ਵਾਇਰਸ ਟੀਕੇ ਦੇ ਫੇਜ਼ -2 ਦੀ ਸੁਰੱਖਿਆ ਅਤੇ ਇਮਯੂਨੋਜੀਨੀਸਿਟੀ ਟਰਾਇਲ ਦੀਆਂ ਮੁੱਢਲੀਆਂ ਖੋਜਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਹਨ। ਇਸਦੇ ਨਾਲ ਹੀ ਇਹ ਤੈਅ ਹੈ ਕਿ ਜੇ ਇਹ ਕੋਰੋਨਾਂ ਵਾਇਰਸ ਟੀਕਾ ਸਫਲ ਹੁੰਦਾ ਹੈ ਤਾਂ ਆਕਸਫੋਰਡ ਯੂਨੀਵਰਸਿਟੀ ਲੱਖਾਂ ਪੌਂਡ ਕਮਾ ਸਕਦੀ ਹੈ। ਇਸਦੇ ਅਰੰਭਿਕ ਨਤੀਜੇ 56-69 ਅਤੇ 70 ਸਾਲਾਂ ਉਮਰ ਸਮੂਹਾਂ ਦੇ ਅਜ਼ਮਾਇਸ਼ ਵਾਲੰਟੀਅਰਾਂ ਤੋਂ ਆਏ ਹਨ ਅਤੇ ਇੱਕ ਪੀਅਰ-ਰਿਵਿਊ ਜਰਨਲ ਨੂੰ ਸੌਂਪੇ ਗਏ ਹਨ ਜਿਹਨਾਂ ਦੀ ਆਉਣ ਵਾਲੇ ਹਫ਼ਤਿਆਂ ਵਿੱਚ ਪ੍ਰਕਾਸ਼ਨ ਦੀ ਉਮੀਦ ਹੈ। ਯੂਕੇ ਦੇ ਸਿਹਤ ਸਕੱਤਰ ਮੈਟ ਹੈਨਕਾਕ ਅਨੁਸਾਰ ਵੀ 2021 ਦੇ ਪਹਿਲੇ ਅੱਧ ਵਿਚ ਟੀਕੇ ਦੀ ਬਹੁਤ ਭੂਮਿਕਾ ਹੋ ਸਕਦੀ ਹੈ।