9.8 C
United Kingdom
Monday, June 8, 2026

More

    ਕਿਸਾਨ ਆਗੂਆਂ ਦੀ ਦੋ ਟੁੱਕ, ਜਾਰੀ ਰੱਖਿਆ ਜਾਏਗਾ ਨਿੱਜੀ ਥਰਮਲਾਂ ਦਾ ਘਿਰਾਓ

    ਅਸ਼ੋਕ ਵਰਮਾ
    ਬਠਿੰਡਾ, 29 ਅਕਤੂਬਰ2020: ਪੰਜਾਬ ਦੇ ਤਿੰਨ ਮੰਤਰੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੂੰ ਬਣਾਂਵਾਲੀ ਤੇ ਰਾਜਪੁਰਾ ਥਰਮਲਾਂ ਦੇ ਕੀਤੇ ਘਿਰਾਓ ਖਤਮ ਕਰਨ  ਦੀ ਮੰਗ ਨੂੰ  ਕਿਸਾਨ ਆਗੂਆਂ ਨੇ ਦੋ ਟੁੱਕ ਰੱਦ ਕਰਦਿਆਂ ਖੇਤੀ ਕਾਨੂੰਨਾਂ ਨੂੰ ਵਾਪਿਸ ਕਰਾਉਣ ਲਈ ਭਾਜਪਾ ਆਗੂਆਂ ਦੀ ਘਿਰਾਓ ਤੇ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ਨੂੰ ਠੱਪ ਕਰਨ ਦੇ ਸ਼ੁਰੂ ਕੀਤੇ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਸੇ ਕੜੀ ਵਜੋਂ ਹੀ ਰਾਜਪੁਰਾ ਤੇ ਬਣਾਂਵਾਲੀ ਵਿਖੇ ਪ੍ਰਾਈਵੇਟ ਥਰਮਲਾਂ ਨੂੰ ਠੱਪ ਕਰਨ ਲਈ ਕਈ ਦਿਨਾਂ ਤੋਂ ਰੇਲ ਲਾਈਨਾਂ ਤੇ ਧਰਨੇ ਦਿੱਤੇ ਹੋਏ ਹਨ। ਅੱਜ ਪੰਜਾਬ ਦੇ ਤਿੰਨ ਮੰਤਰੀਆਂ ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਜਸਵਿੰਦਰ ਸਿੰਘ ਲੌਂਗੋਵਾਲ ਰੂਪ ਸਿੰਘ ਛੰਨਾ ਤੇ ਮਨਜੀਤ ਸਿੰਘ ਨਿਆਲ ਨਾਲ ਚੰਡੀਗੜ ‘ਚ ਥਰਮਲਾਂ ਦੇ ਘਿਰਾਓ ਖਤਮ ਕਰਾਉਣ ਲਈ ਉਹਨਾਂ ਨਾਲ  ਮੀਟਿੰਗ ਕੀਤੀ ਗਈ।
                      ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਤੇ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਬਿਆਨ ਵਿੱਚ ਦੱਸਿਆ ਕਿ ਸਰਕਾਰ ਵੱਲੋਂ ਥਰਮਲਾਂ ਦੇ ਘਿਰਾਓ ਖਤਮ ਕਰਨ ਦੀ ਮੰਗ ਉਹਨਾਂ ਨੇ ਨਾਂਮਨਜੂਰ ਕਰ ਦਿੱਤੀ ਹੈ ਪਰ ਮੰਤਰੀਆਂ ਨੇ ਸਰਕਾਰ ਦੀ ਇਸ ਮੰਗ ਨੂੰ ਮੁੜ ਵਿਚਾਰਨ ਦੀ ਅਪੀਲ ਕੀਤੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਭਾਵੇਂ ਉਹਨਾਂ ਇਸ ਅਪੀਲ ਨੂੰ ਭਲਕੇ ਹੋਣ ਵਾਲੀ ਸੂਬਾ ਮੀਟਿੰਗ ‘ਚ ਵਿਚਾਰਨ ਦੀ ਹਾਮੀ ਭਰੀ ਹੈ ਪਰ ਇਸ ਫੈਸਲੇ ‘ਚ ਬਦਲਾਅ ਆਉਣ ਦੀ ਉੱਕਾ ਹੀ ਗੁੰਜਾਇਸ਼ ਨਹੀਂ ਜਿਸ ਬਾਰੇ ਉਹਨਾਂ ਸਰਕਾਰੀ ਧਿਰ ਨੂੰ ਵੀ ਸਪੱਸ਼ਟ ਕਰ ਦਿੱਤਾ ਹੈ। ਉਹਨਾਂ ਸਰਕਾਰੀ ਧਿਰ ਤੋਂ ਜੋਰਦਾਰ ਮੰਗ ਕੀਤੀ ਕਿ ਦਿਓਕੱਦ ਕੰਪਨੀਆਂ ਦੇ ਇਹਨਾਂ  ਥਰਮਲਾਂ ਨੂੰ ਸਰਕਾਰੀ ਹੱਥਾਂ ਵਿੱਚ ਲੈਕੇ ਉਥੇ ਕੰਮ ਕਰਦੇ ਮਜਦੂਰਾਂ ਤੇ ਮੁਲਾਜਮਾਂ ਨੂੰ ਪੂਰੀ ਤਨਖਾਹ ‘ਤੇ ਪੱਕੇ ਕੀਤਾ ਜਾਵੇ। ਉਹਨਾਂ ਆਖਿਆ ਕਿ ਇਹਨਾਂ ਥਰਮਲਾਂ ਨੂੰ ਜਾਂਦਾ ਕੋਲਾ ਸਰਕਾਰੀ ਥਰਮਲਾਂ ਨੂੰ ਭੇਜ ਕੇ ਪੂਰੇ ਲੋਢ ‘ਤੇ ਚਲਾਇਆ ਜਾਵੇ ਅਤੇ ਬਠਿੰਡਾ ਦੇ ਬੰਦ ਕੀਤੇ ਥਰਮਲ ਮੁੜ ਚਾਲੂ ਹੋਵੇ।
                        ਕਿਸਾਨ ਆਗੂਆਂ ਨੇ ਮੰਤਰੀਆਂ ਤੋਂ ਪੁੱਛਿਆ ਕਿ ਚੋਣਾਂ ਸਮੇਂ ਕਾਂਗਰਸ ਵਲੋਂ ਬਾਦਲ ਸਰਕਾਰ ਦੁਆਰਾ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਸਮਝੌਤੇ ਰੱਦ ਕਰਨ ਦਾ ਜੋ ਵਾਅਦਾ ਕੀਤਾ ਗਿਆ ਸੀ ਉਸ ਨੂੰ ਪੂਰਾ ਕਿਓਂ ਨਹੀ ਕੀਤਾ ਜਾ ਰਿਹਾ ਹੈ? ਦੋਵਾਂ ਆਗੂਆਂ ਨੇ  ਆਖਿਆ ਕਿ ਬਣਾਂਵਾਲੀ ਦਾ ਥਰਮਲ ਉਸ ਦਿਓ ਕੱਦ ਬਹੁਰਾਸ਼ਟਰੀ ਵੇਦਾਂਤਾ ਕੰਪਨੀ ਦਾ ਹੈ ਜਿਸ ਦੀ ਸਲਾਨਾ ਆਮਦਨ ਇੱਕ ਲੱਖ ਕਰੋੜ ਰੁਪਏ ਤੋਂ ਜਿਆਦਾ ਹੈ। ਉਹਨਾਂ ਆਖਿਆ ਕਿ ਇਹ ਉਹੀ ਕੰਪਨੀ ਹੈ ਜੋ ਸਰਕਾਰਾਂ ਦੀ ਕਥਿਤ ਮਿਲੀਭੁਗਤ ਸਦਕਾ ਜਨਤਕ ਖੇਤਰ ਦੇ ਅਦਾਰੇ ਬਾਲਕੋ ਅਤੇ ਹਿੰਦੋਸਤਾਨ ਜਿੰਕ ਲਿਮਟਿਡ ਨੂੰ ਕੌਡੀਆਂ ਦੇ ਭਾਅ ਹੜੱਪ  ਕਰ ਚੁੱਕੀ ਹੈ। ਉਹਨਾਂ ਦੱਸਿਆ ਕਿ ਇਹ ਕੰਪਨੀ  ਤਾਮਿਲਨਾਡੂ ਦੇ ਟੂਟੀਕੋਰਨ ‘ਚ ਫਲਾਏ  ਅਸਿਹ ਪ੍ਰਦੂਸ਼ਣ ਦਾ ਵਿਰੋਧ ਕਰਦੇ13 ਲੋਕਾਂ ਨੂੰ ਕਤਲ ਤੇ 102 ਨੂੰ ਗੰਭੀਰ ਜਖਮੀ ਕਰਨ ਦੀ ਦੋਸ਼ੀ ਹੈ। ਇਸ ਤੋਂ ਇਲਾਵਾ ਇਹ ਕੰਪਨੀ ਉੜੀਸਾ ਦੇ ਨਿਆਮਗਿਰੀ ਖੇਤਰ ‘ਚ ਉਥੋਂ ਦੇ ਬਹੁਕੀਮਤੀ ਕੁਦਰਤੀ ਸਰੋਤਾਂ ਨੂੰ ਹੜੱਪਣ ਲਈ  ਸਥਾਨਕ ਲੋਕਾਂ ਨੂੰ ਉਜਾੜਨ ‘ਤੇ ਤੁਲੀ ਹੋਈ ਹੈ।
                        ਉਹਨਾਂ ਦੋਸ਼ ਲਾਇਆ ਕਿ ਨਰਿੰਦਰ ਮੋਦੀ ਵੱਲੋਂ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਸਭ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਲਾਰਸਨ ਐਂਡ ਟੂਬਰੋ ਨੂੰ  ਅੰਨੇ ਮੁਨਾਫੇ ਕਮਾਉਣ ਲਈ ਕੌਡੀਆਂ ਦੇ ਭਾਅ ਜਮੀਨਾਂ ਦੇ ਠੇਕੇ ਦਿੱਤੇ ਗਏ ਸਨ। ਉਹਨਾਂ ਆਖਿਆ ਕਿ ਇਸ ਕੰਪਨੀ ਦੇ ਕੁੱਲ ਅਸਾਸੇ 3 ਲੱਖ ਕਰੋੜ ਰੁਪਏ ਤੋਂ ਵੀ ਵਧੇਰੇ ਹਨ ਅਤੇ ਇਸ ‘ਤੇ ਭਾਰਤੀ ਅਧਿਕਾਰੀਆਂ ਨੂੰ ਕਥਿਤ ਰਿਸ਼ਵਤ ਦੇਣ ‘ਚ ਦਲਾਲੀ ਦੇ ਚਰਚੇ ਹਨ। ਕਿਸਾਨ ਆਗੂਆਂ ਨੇ ਆਖਿਆ ਕਿ ਉਹਨਾਂ ਦੀ ਜਥੇਬੰਦੀ ਵੱਲੋਂ ਪ੍ਰਧਾਨ ਮੰਤਰੀ ਦੇ ਚਹੇਤੇ ਅਡਾਨੀ ਦੇ ਸਾਈਲੋ ਗੁਦਾਮ ਅਤੇ  ਮੋਦੀ ਦੀਆਂ ਸੱਜੀਆਂ ਖੱਬੀਆਂ ਬਾਹਵਾਂ ਬਣਦੇ ਵੇਦਾਂਤਾ ਤੇ ਲਾਰਸਨ ਐਂਡ ਟੂਬਰੋ ਦੇ ਥਰਮਲ ਪਲਾਂਟਾਂ ਨੂੰ ਜਾਮ ਕਰਕੇ ਐਨ ਠੀਕ ਟਿਕਾਣੇ ‘ਤੇ ਚੋਟ ਮਾਰੀ ਹੈ।
                           ਉਹਨਾਂ ਦਾਅਵਾ ਕੀਤਾ ਕਿ ਕਿਸਾਨ ਸੰਘਰਸ਼ ਨੇ ਫਿਰਕੂ, ਜਾਤਪਾਤੀ,ਅੰਨੇ ਰਾਸਟਰਵਾਦ ਤੇ ਦੇਸ ਭਗਤੀ ਦੇ ਪੱਤੇ ਖੇਡਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਚੈਂਪੀਅਨ ਭਾਜਪਾ ਤੇ ਆਰ ਐਸ ਐਸ ਸਰਕਾਰ ਨੂੰ ਨੰਗੇ ਚਿੱਟੇ ਰੂਪ ‘ਚ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀਆਂ ਦੇ ਹੱਥਠੋਕੇ ਵਜੋਂ ਨਸ਼ਰ ਕਰ ਦਿੱਤਾ ਹੈ ਜੋ ਕਿਸਾਨ ਸੰਘਰਸ ਦੀ ਅਹਿਮ ਪ੍ਰਾਪਤੀ ਹੈ। ਉਹਨਾਂ  ਕਿਹਾ ਕਿ ਇਹੀ ਵਜਾ ਹੈ ਕਿ ਮੋਦੀ ਸਰਕਾਰ  ਭੜਕਾਹਟ ‘ਚ ਆ ਕੇ ਮਾਲ ਗੱਡੀਆਂ ਤੇ ਦਿਹਾਤੀ ਵਿਕਾਸ ਫੰਡ ਰੋਕਣ ਰਾਹੀਂ ਪੰਜਾਬ ਦੀ ਨਾਕਾਬੰਦੀ ਕਰਨ ਤੇ ਉੱਤਰ ਆਈ ਹੈ।  ਉਹਨਾਂ ਐਲਾਨ ਕੀਤਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ ਅਤੇ 5 ਨਵੰਬਰ ਨੂੰ ਦੇਸ਼ ਵਿਆਪੀ ਚੱਕਾ ਜਾਮ ਸਮੇਂ ਉਹਨਾਂ ਦੀ ਜਥੇਬੰਦੀ ਆਪਣੇ ਅਜਾਦ ਐਕਸ਼ਨ ਰਾਹੀਂ ਭਰਵਾਂ ਯੋਗਦਾਨ ਪਾਵੇਗੀ।    

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!