ਭਾਰਤ ਸਰਕਾਰ ਦੇਸ਼ ਦੇ ਕਰੋੜਾਂ ਮੁਸਲਮਾਨਾਂ ਦੀਆਂ ਭਾਵਨਾਵਾਂ ਅਤੇ ਬਲੂਧਰੇ ਹਿਰਦਿਆਂ ਦਾ ਰੋਸ ਤੋਂ ਫਰਾਂਸ ਦੀ ਹਕੂਮਤ ਨੂੰ ਜਾਣੂ ਕਰਵਾਏ-ਐਡਵੋਕੇਟ ਜੌੜਾ
ਮਾਲੇਰਕੋਟਲਾ, 30 ਅਕਤੂਬਰ (ਪੰਜ ਦਰਿਆ ਬਿਊਰੋ): ਫਰਾਂਸ ਵਿੱਚ ਪੈਗੰਬਰ ਮੁਹੰਮਦ (ਸਲ.) ਦੇ ਕਾਰਟੂਨ ਨੂੰ ਲੈ ਕੇ ਜੋ ਹੱਤਿਆਕਾਂਡ ਪਿਛਲੇ ਦਿਨੀਂ ਹੋਇਆ ਉਸ ਦਾ ਧੂੰਆ ਸਾਰੀ ਦੁਨੀਆ ਅੰਦਰ ਫੈਲ ਰਿਹਾ ਹੈ । ਸੈਮੁਅਲ ਪੇਟੀ ਨਾਮਕ ਇੱਕ ਫਰਾਂਸੀਸੀ ਅਧਿਆਪਕ ਦੀ ਹੱਤਿਆ ਅਬਦੁੱਲਾ ਅਜਾਰੋਵ ਨਾਮਕ ਵਿਅਕਤੀ ਨੇ ਇਸ ਲਈ ਕਰ ਦਿਤੀ ਸੀ ਕਿ ਉਸ ਅਧਿਆਪਕ ਨੇ ਆਪਣੀ ਕਲਾਸ ਵਿੱਚ ਵਿਦਿਆਰਥੀ ਨੂੰ ਹਜ਼ਰਤ ਮੁਹੰਮਦ ਸਾਹਿਬ (ਸਲ.) ਦੇ ਕਾਰਟੂਨ ਦਿਖਾ ਦਿੱਤੇ ਸਨ । ਅਬਦੁੱਲਾ ਦੀ ਵੀ ਫਰਾਂਸੀਸੀ ਪੁਲਿਸ ਨੇ ਗੋਲੀ ਮਾਰਕੇ ਹੱਤਿਆ ਕਰ ਦਿਤੀ ਸੀ । ਉਕਤ ਘਟਨਾ ਤੋਂ ਬਾਦ ਫਰਾਂਸ ਦੇ ਰਾਸ਼ਟਰਪਤੀ ਨੇ ਬੇਵਕੂਫੀ ਵਾਲਾ ਬਿਆਨ ਦੇ ਕੇ ਆਲਮੇ ਇਸਲਾਮ ਵਿੱਚ ਲਾਹਨਤ ਖੱਟ ਲਈ ਹੈ । ਇਸ ਘਟਨਾ ਦੀ ਪੂਰੇ ਵਿਸ਼ਵ ਵਿੱਚ ਨਿੰਦਾ ਕੀਤੀ ਜਾ ਰਹੀ ਹੈ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਐਡਵੋਕੇਟ ਮੁਹੰਮਦ ਜਮੀਲ ਜੌੜਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ । ਉਨਾਂ ਕਿਹਾ ਕਿ ਹੁਣ ਇਹ ਮਾਮਲਾ ਇਨਾਂ ਤੂਲ ਫੜ ਗਿਆ ਹੈ ਕਿ ਫਰਾਂਸ ਸਮੇਤ ਯੂਰਪੀ ਦੇਸ਼ਾਂ ਵਿੱਚ ਬੋਲਣ ਦੀ ਆਜ਼ਾਦੀ ਦੇ ਨਾਮ ਤੇ ਪ੍ਰਦਰਸ਼ਨ ਹੋ ਰਹੇ ਹਨ । ਉਨਾਂ ਕਿਹਾ ਕਿ ਬੋਲਣ ਦੀ ਅਜ਼ਾਦੀ ਦੇ ਇਹ ਅਰਥ ਹਰਗਿਜ਼ ਨਹੀਂ ਕਿ ਕਿਸੇ ਧਰਮ ਦੇ ਖਿਲ਼ਾਫ ਪ੍ਰਚਾਰ ਕੀਤਾ ਜਾਵੇ ਅਤੇ ਲੋਕਾਂ ਦੇ ਜਜ਼ਬਾਤਾਂ ਅਤੇ ਭਾਵਨਾਵਾਂ ਨਾਲ ਖੇਡਿਆ ਜਾਵੇ । ਆਲਮੇ ਇਸਲਾਮ ਵਿੱਚ ਫਰਾਂਸ ਦੇ ਸਦਰ ਅਤੇ ਇੱਕ ਵਿਸ਼ੇਸ ਪੱਤ੍ਰਿਕਾ ਖਿਲਾਫ ਰੋਸ ਵਧਦਾ ਜਾ ਰਿਹਾ ਹੈ ਅਤੇ ਕਈ ਇਸਲਾਮੀ ਦੇਸ਼ ਤਾਂ ਫਰਾਂਸ ਤੇ ਬੁਰੀ ਤਰ੍ਹਾਂ ਹਮਲਾਵਰ ਹੋ ਗਏ ਹਨ ।ਅਨੇਕਾਂ ਮੁਸਲਿਮ ਦੇਸ਼ਾਂ ਨੇ ਫਰਾਂਸ ਦੀਆਂ ਵਸਤੂਆਂ ਦਾ ਬਾਈਕਾਟ ਕਰ ਦਿਤਾ ਹੈ । ਵਿਸ਼ਵ ਦੇ ਬਹੁ ਚਰਚਿਤ ਇਸਲਾਮੀ ਆਗੂ ਤੁਰਕੀ ਦੇ ਰਾਸ਼ਟਰਪਤੀ ਤਯੱਬ ਉਰਦਗਾਨ ਨੇ ਤਾਂ ਫਰਾਂਸ ਦੇ ਰਾਸ਼ਟਰਪਤੀ ਨੂੰ ਦਿਮਾਗੀ ਜਾਂਚ ਕਰਵਾਉਣ ਦੀ ਸਲਾਹ ਦਿਤੀ ਹੈ ਅਤੇ ਲੋਕਾਂ ਨੂੰ ਫਰਾਂਸ ਦੀਆਂ ਚੀਜ਼ਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ । ਇਸ ਤਰ੍ਹਾਂ ਮਲੇਸ਼ੀਆ ਸਮੇਤ ਕਈ ਦੇਸ਼ਾਂ ਨੇ ਵੀ ਫਰਾਂਸ ਦੀਆਂ ਬਣੀਆਂ ਵਸਤਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ । ਕੁਵੈਤ ਦੇ ਇੱਕ ਵੱਡੇ ਹੋਟਲ ਨੇ ਉਕਤ ਘਟਨਾ ਦੇ ਪ੍ਰਤੀਕਰਮ ਵਜੋਂ ਆਪਣੇ ਪੂਰੇ ਹੋਟਲ ਦੇ ਫਰਸ਼ ਤੇ ਫਰਾਂਸ ਦੇ ਰਾਸ਼ਟਰਪਤੀ ਦੀ ਤਸਵੀਰਾਂ ਪੇਸਟ ਕਰਕੇ ਰੋਸ ਜਤਾਇਆ ਜਾ ਰਿਹਾ ਹੈ । ਜੇਕਰ ਫਰਾਂਸ ਦੀ ਸਰਕਾਰ ਨੇ ਆਪਣੀਆਂ ਨੀਤੀਆਂ ਨਾ ਸੁਧਾਰੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਫਰਾਂਸ ਪੂਰੀ ਦੁਨੀਆਂ ਵਿੱਚ ਆਪਣੇ ਆਪ ਨੂੰ ਤਨਹਾਂ ਮਹਿਸੂਸ ਕਰਨ ਲੱਗੇਗਾ ਅਤੇ ਜਲਾਲਤ ਦਾ ਮਜ਼ਾ ਚਖੇਗਾ।
ਉਨਾਂ ਕਿਹਾ ਕਿ ਇਸਲਾਮ ਅਮਨ ਅਤੇ ਸ਼ਾਂਤੀ ਦਾ ਧਰਮ ਹੈ, ਇਸਲਾਮ ਕਿਸੇ ਵੀ ਧਰਮ ਦਾ ਨਿਰਾਦਰ ਕਰਨ ਦੀ ਸਿਖਿਆ ਨਹੀਂ ਦਿੰਦਾ । ਇਸ ਵਿੱਚ ਸਾਰੀ ਦੁਨੀਆ ਦੇ ਇਨਸਾਨ ਬਰਾਬਰ ਹਨ, ਕੋਈ ਵੀ ਵੱਡਾ ਜਾਂ ਛੋਟਾ ਨਹੀਂ ਹੈ । ਇਸਲਾਮ ਉਹ ਧਰਮ ਹੈ ਜਿਸ ਵਿੱਚ ਰਾਜਾ ਤੇ ਫਕੀਰ ਇੱਕ ਹੀ ਲਾਈਨ ਵਿੱਚ ਖੜੇ ਹੋ ਕੇ ਨਮਾਜ ਅਦਾ ਕਰਦੇ ਹਨ ।ਪਰੰਤੂ ਕੁਝ ਗੈਰ ਇਨਸਾਨੀ ਤਾਕਤਾਂ ਦੁਨੀਆ ਵਿੱਚ ਅਸ਼ਾਂਤੀ ਫੈਲਾਉਣ ਲਈ ਆਏ ਦਿਨ ਇਸਲਾਮ ਖਿਲਾਫ ਸਾਜ਼ਿਸ਼ਾਂ ਰਚਕੇ ਬਦਨਾਮ ਕਰਨ ਦੀ ਕੋਸ਼ਿਸ਼ਾਂ ਕਰਦੀਆਂ ਰਹਿੰਦੀਆਂ ਹਨ ।
ਐਡਵੋਕੇਟ ਜੌੜਾ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਆਪਣੇ ਦੇਸ਼ ਦੇ ਕਰੋੜਾਂ ਮੁਸਲਮਾਨਾਂ ਦੀਆਂ ਭਾਵਨਾਵਾਂ ਅਤੇ ਬਲੂਧਰੇ ਹਿਰਦਿਆਂ ਬਾਰੇ ਫਰਾਂਸ ਦੀ ਹਕੂਮਤ ਨੂੰ ਜਾਣੂ ਕਰਵਾਉਣਾ ਲਈ ਆਪਣਾ ਰੋਸ ਜ਼ਾਹਿਰ ਕਰਨਾ ਚਾਹੀਦਾ ਹੈ ਅਤੇ ਆਪਣੇ ਦੇਸ਼ ਦੇ ਘੱਟ ਗਿਣਤੀ ਮੁਸਲਮਾਨਾਂ ਦੀ ਤਰਜੁਮਾਨੀ ਕਰਨੀ ਚਾਹੀਦੀ ਹੈ ।