4.5 C
United Kingdom
Friday, March 6, 2026

More

    ਨਾਵਲ- ਬੇਨਾਮ ਰਿਸ਼ਤੇ (ਕਾਂਡ 1) ਪ੍ਰਕਾਸ਼ ਸੋਹਲ

    ਵਹੀਦ

    ਵਹੀਦ ਲਾਹੌਰ ਦਾ ਜੰਮਪਲ ਤੇ ਦਰਮਿਆਨਾ ਤੱਬਕੇ ਦੇ ਪਰਿਵਾਰ ਵਿਚੋਂ ਸੀ। ਅੱਬੂ ਬੈਂਕ ਮੁਲਾਜਮ ਤੇ ਅੰਮੀ ਨੇ ਕਈ ਕੰਮ ਬਦਲੇ ਸਨ, ਲੇਕਿਨ ਜ਼ਿਆਦਾਤਰ ਉਸਨੇ ਸ਼ੌਪ ਅਸਿਸਟੈਂਟ ਦਾ ਹੀ ਕੰੰਮ ਕੀਤਾ ਸੀ। ਵਹੀਦ ਨੂੰ ਗਰੈਜੂਏਸ਼ਨ ਕਰਿਆਂ ਸਾਲ ਹੋ ਚੁੱਕਾ ਸੀ ਤੇ ਉਸਤੋਂ ਦੋ ਸਾਲ ਛੋਟੀ ਅੰਜੁਮ ਅਜੇ ਕਾਲਿਜ ਵਿਚ ਪੜ੍ਹਦੀ ਸੀ। ਦੋਨੋ ਭੈਣ ਭਾਈ ਪੜ੍ਹਨ ਵਿਚ ਠੀਕ ਹੀ ਸਨ। ਪੜ੍ਹਾਈ ਖਤਮ ਕਰਨ ਬਾਦ, ਕਾਫ਼ੀ ਅਰਸੇ ਤੋਂ ਉਹ ਅੱਛੀ ਨੌਕਰੀ ਦੀ ਤਾਲਾਸ਼ ਕਰ ਰਿਹਾ ਸੀ ਲੇਕਿਨ ਇਕ ਅੱਧ ਪਾਰਟ ਟਾਈਮ ਕੰਮ ਤੋ ਸਿਵਾ, ਅਜੇ ਤੱਕ ਕੋਈ ਖ਼ਾਸ ਗੱਲ ਨਹੀਂ ਸੀ ਬਣੀ। ਉਸਦੇ ਨਾਲ ਉੇਸਦੇ ਘਰ ਵਾਲੇ ਵੀ ਨਿਰਾਸ਼ਾ ਦਾ ਭਾਰ ਢੋਅ ਰਹੇ ਸਨ। ਹਰ ਸੁਬ੍ਹਾ ਉਹ ਨੌਕਰੀ ਦੀ ਤਾਲਾਸ਼ ਵਿਚ ਨਿਕਲ ਤੁਰਦਾ ਸੀ।

    ਰਾਤ ਤਾਂ ਉਸਦਾ ਮਨ ਖਾਣਾ ਖਾਣ ਨੂੰ ਵੀ ਨਹੀਂ ਸੀ ਕੀਤਾ। ਸਾਰਾ ਦਿਨ ਲੋਹੜਿਆਂ ਦੀ ਗਰਮੀ ਵਿਚ ਧੱਕੇ ਖਾਂਦਾ, ਉਹ ਸ਼ਾਮ ਨੂੰ ਦੇਰ ਨਾਲ ਘਰ ਮੁੜਿਆ ਹੀ ਸੀ ਕਿ ਉਸਦੇ ਅੱਬਾ ਨੇ ਉਸਤੇ ਸਵਾਲਾਂ ਦੀ ਬੁਛਾੜ ਕਰ ਦਿੱਤੀ। ਇਹ, ਉਸ ਲਈ ਕੋਈ ਨਵੀਂ ਬਾਤ ਨਹੀਂ ਸੀ, ਤਕਰੀਬਨ ਹਰ ਹਫ਼ਤੇ ਇਕ ਪੀਰੀਅਡ ਤਾਂ ਐਸਾ ਲੱਗਦਾ ਹੀ ਸੀ।
    ‘ਕਿੱਥੇ ਰਹੇ ਸਾਰਾ ਦਿਨ, ਨਵਾਬ ਸਾਹਿਬ…?’ ਅੱਬਾ ਨੇ ਤੀਰ ਕੱਸਦਿਆਂ ਕਿਹਾ।
    ‘ਉਸਨੂੰ ਪਾਣੀ ਵਾਣੀ ਤਾਂ ਪੀ ਲੈਣ ਦਿਉ, ਸਵਾਲ ਬਾਦ ਵਿਚ ਕਰ ਲਇਓ… ਬੇਚਾਰਾ ਕੋਸ਼ਿਸ਼ ਤਾਂ ਕਰ ਹੀ ਰਿਹਾ,’ ਉਸਦੀ ਅੰਮੀ ਨੇ ਬੇਟੇ ਦਾ ਪੱਖ ਪੂਰਦਿਆਂ ਕਿਹਾ।
    ‘ਇਸ ਪਾਸੋਂ ਕਦੇ ਕੁਛ ਨਹੀਂ ਹੋਣਾ, ਬੇਕਾਰ ਇਨਸਾਨ!’ ਅੱਬਾ ਨੇ ਸਿਰ ਹਿਲਾਉਂਦਿਆਂ ਕਿਹਾ।
    ‘ਤੁਸੀਂ ਹਰ ਵਕਤ ਨਾਰਾਜ਼ ਕਿਉਂ ਹੁੰਦੇ ਰਹਿੰਦੇ ਓ ਅੱਬੂ, ਮੇਰੇ ਵਰਗੇ ਹੋਰ ਵੀ ਤਾਂ ਏਨੇ ਗਰੈਜੂਏਟ ਬੇਕਾਰ ਨੇ,’ ਵਹੀਦ ਨੇ ਕਿਹਾ।
    ‘ਸਾਨੂੰ ਸਾਰਿਆਂ ਨਾਲ ਮਤਲਬ ਨਹੀਂ, ਤੇਰਾ ਫ਼ਿਕਰ ਏ, ਕੱਦ ਤੱਕ ਵੇਹਲੀਆਂ ਖਾਂਦਾ ਰਹੇਂਗਾ… ਹੁਣ ਤਾਂ ਤੇਰੀ ਅੰਮੀ ਵੀ ਕੰਮ ਨਹੀਂ ਕਰਦੀ… ਮੇਰੀ ‘ਕੱਲੇ ਦੀ ਤਨਖ਼ਾਹ ਨਾਲ ਕਿੰਝ ਗ਼ੁਜ਼ਾਰਾ ਹੋਏਗਾ…ਦੱਸੀਂ ਖਾਂ?’ ਅੱਬਾ ਨੇ ਕਿਹਾ।
    ‘ਤੁਸੀਂ ਫ਼ਿਕਰ ਨਾ ਕਰੋ… ਅਗਲੇ ਮਹੀਨੇ ਤੋਂ ਮੇਰਾ ਕੰਮ ਫ਼ਿਰ ਤੋਂ ਸ਼ੁਰੂ ਹੋ ਜਾਣਾ… ਇਸਨੂੰ ਵੀ ਕੰੰਮ ਮਿਲੇਗਾ ਈ, ਅਲ੍ਹਾ ਫ਼ਜ਼ਲ ਕਰੇਗਾ!’ ਉਸਦੀ ਅੰਮੀ ਜੋ ਹਮੇਸ਼ਾ ਹੀ ਹੌਸਲੇ ਅਫ਼ਜਾਈ ਦੀ ਗੱਲ ਕਰਦੀ ਸੀ, ਨੇ ਕਿਹਾ।
    ‘ਪੜ੍ਹਾਈ ਤੇ ਏਨਾ ਪੈਸਾ ਫ਼ਜ਼ੂਲ ਖਰਚਿਆ… ਇਸ ਮੁਲਕ ਦਾ ਤਾਂ ਭੱਠਾ ਈ ਬੈਠਾ ਹੋਇਆ, ਗਰੈਜੂਏਸ਼ਨ ਕਰਕੇ ਵੀ ਨੌਕਰੀ ਨਹੀਂ… ਇਕ ਸਾਡਾ ਵੇਲ਼ਾ ਸੀ, ਦਸਵੀਂ ਪਾਸ ਵਾਲੇ…’ ਤੇ ਉਸ ਬਾਤ ਪੂਰੀ ਨਹੀਂ ਸੀ ਕੀਤੀ ਕਿ ਅਗਲੀ ਸ਼ੁਰੂ ਕਰ ਲਈ, ‘ਤੇ ਆਫ਼ਿਸ ਦਾ ਕੰਮ ਨਹੀਂ ਮਿਲਦਾ ਤਾਂ ਬੰਦਾ ਮਜ਼ਦੂਰੀ ਕਰ ਲਵੇ।’
    ਇਕ ਉਹ ਵੇਲ਼ਾ ਸੀ ਕਿ ਜਦੋਂ ਦਸਵੀਂ ਪਾਸ ਵਾਲਾ ਤਹਿਸੀਲਦਾਰ ਬਣ ਜਾਂਦਾ ਸੀ ਤੇ ਬੀਏ ਵਾਲਾ ਤਾਂ ਸਿੱਧਾ ਬੈਂਕ ਮੈਨੇਜਰ ਤੇ ਉਹ ਆਪ ਵੀ ਤਾਂ ਦਸਵੀਂ ਪਾਸ ਸੀ ਤੇ ਬੈਂਕ ਵਿਚ ਕੈਸ਼ੀਅਰ ਦੀ ਨੌਕਰੀ ਕਰ ਰਿਹਾ ਸੀ। ਇਹ ਬਾਤ ਉਸਦੇ ਅੱਬਾ ਨੇ ਪਤਾ ਨਹੀਂ ਕਿੰਨੀ ਵਾਰ ਦੁਹਰਾਈ ਸੀ।
    ‘ਅੰਮੀ! ਅੱਬਾ ਨੂੰ ਦੱਸ ਦਿਉ ਕਿ ਉਹਨਾ ਦਾ ਬੇਟਾ ਸਾਰੀ ਉਮਰ ਬੈਂਕ ‘ਚ ਨੌਕਰੀ ਕਰਨ ਲਈ ਨਹੀਂ ਪੈਦਾ ਹੋਇਆ।’
    ‘ਹਾਂ! ਮੈਂ ਬੈਂਕ ਵਿਚ ਨੌਕਰੀ ਕਰਦਾਂ ਤਾਂ ਕਿ ਤੁਹਾਡਾ ਸਭ ਦਾ ਪੇਟ ਭਰ ਸਕਾਂ… ਬੱਸ ਸਾਰਾ ਦਿਨ ਖਿਆਲੀ ਪੁਲਾਅ ਪਕਾਂਦਾ ਰਿਹਾ ਕਰ,’ ਉਸਦੇ ਅੱਬਾ ਬੁੜ ਬੁੜ ਕਰਦੇ, ਦੋਹਾਂ ਨੂੰ ਓਥੇ ਈ ਛੱਡ ਕੇ ਅੰਦਰ ਵੱਡੇ ਦਾਲਾਨ ਦੀ ਤਰਫ਼ ਜਾ, ਉਹ ਪੁਰਾਣੀ ਅਖ਼ਬਾਰ ਜੋ ਉਸਨੇ ਬੈਂਕ ਤੋਂ ਲਿਆਂਦੀ ਸੀ, ਨੂੰ ਫ਼ਿਰ ਤੋਂ ਪੜ੍ਹਨ ਲੱਗ ਪਏ ਸਨ।
    ‘ਅੱਛਾ ਬੈਠ! ਮੈਂ ਖਾਣਾ ਪਾਂਦੀ ਆਂ,’ ਅੰਮੀ ਨੇ ਵਹੀਦ ਨੂੰ ਬੈਠਣ ਦਾ ਇਸ਼ਾਰਾ ਕਰਦਿਆਂ ਕਿਹਾ।
    ‘ਨਹੀਂ, ਮੈਂ ਖਾ ਆਇਆਂ,’ ਆਖ ਉਹ ਆਪਣੇ ਕਮਰੇ ਵਿਚ ਆ ਗਿਆ ਸੀ। ਵੈਸੇ ਖਾਣਾ ਉਹ ਖਾ ਕੇ ਨਹੀਂ ਸੀ ਆਇਆ। ਰੋਜ਼ ਦੀ ਇਸ ਤਿੜ ਤਿੜ ਤੋਂ ਉਹ ਤੰਗ ਆ ਚੁੱਕਾ ਸੀ। ਕਸੂਰ ਅੱਬਾ ਦਾ ਵੀ ਨਹੀਂ ਸੀ, ਹਰ ਰੋਜ਼ ਦੀ ਨਾਮੋਸ਼ੀ ਤੋਂ ਸਾਰੇ ਪਰੇਸ਼ਾਨ ਸਨ। ਇਸ ਤੋਂ ਪਹਿਲਾਂ ਉਹ ਐਸੇ ਨਹੀਂ ਸਨ, ਕਦੇ ਉਸਨੂੰ ਖ਼ਾਸ ਝਿੜਕਿਆ ਵੀ ਨਹੀਂ ਸੀ। ਹੁਣ ਤਾਂ ਉਹ ਖ਼ੁਦ ਵੀ ਐਪਲੀਕੇਸ਼ਨ ਭਰ ਭਰ ਕੇ ਵੀ ਥੱਕ ਗਿਆ ਹੋਇਆ ਸੀ।
    ਬਿਨਾ ਕਪੜੇ ਬਦਲੇ ਹੀ ਉਹ ਬੈੱਡ ਤੇ ਅੱਖਾਂ ਮੀਟ ਲੇਟ ਗਿਆ ਤੇ ਅੱਧੇ ਕੁ ਘੰਟੇ ਬਾਦ ਉਸਨੂੰ ਈਮੇਲ ਚੈਕ ਕਰਨ ਦਾ ਖਿਆਲ ਆਇਆ ਜੋ ਉਹ ਸੌਣ ਤੋਂ ਪਹਿਲਾਂ ਰੋਜ਼ ਕਰਦਾ ਸੀ। ਜ਼ਿਆਦਾਤਰ ‘ਅਫ਼ਸੋਸ ਹੈ, ਆਪ ਕਾਮਯਾਬ ਨਹੀਂ ਹੁਏ’ ਦਾ ਹੀ ਈਮੇਲ ਹੁੰਦਾ ਤੇ ਕਦੇ ਕਦੇ ਕੋਈ ਨਵੀਂ ਇੰਟਰਵਿਊ ਲਈ ਸੱਦਾ ਹੁੰਦਾ। ਬੁਝੇ ਜਿਹੇ ਦਿਲ ਨਾਲ ਉਸਨੇ ਕੰਪਿਊਟਰ ਔਨ ਕੀਤਾ, ਪਹਿਲੀਆਂ ਦੋਵੇਂ ਈਮੇਲ ਸੌਰੀ ਦੀਆਂ ਸਨ, ਜੋ ਉਸਨੇ ਸਰਸਰੀ ਨਜ਼ਰੇ ਦੇਖੀਆਂ ਸਨ, ਪੂਰੀਆਂ ਪੜ੍ਹਨ ਦਾ ਵੀ ਕੀ ਫ਼ਾਇਦਾ, ਮਜ਼ਮੂਨ ਤਾਂ ਸਾਰੀਆਂ ਦਾ ਇਕੋ ਜਿਹਾ ਹੀ ਹੁੰਦਾ। ਕੰਪਿਊਟਰ ਬੰਦ ਈ ਕਰਨ ਲਗਾ ਸੀ ਕਿ ਉਸਦੀ ਨਜ਼ਰ ਆਖਿਰ ਦੀ ਈ ਮੇਲ ਤੇ ਪਈ ਤੇ ਉੇਸਨੇ ਆਪਣੇ ਮੂੰਹ ਵਿਚ ਹੀ ਦੁਹਰਾਇਆ, ‘ਟੌਏਓਟਾ ਮੋਟਰ ਕੰਪਨੀ’। ਮਹੀਨਾ ਪਹਿਲਾਂ ਉਸਨੇ ਅਪਲਾਈ ਕੀਤਾ ਸੀ ਤੇ ਹੁਣ ਤੱਕ ਤਾਂ ਉਹ ਭੁੱਲ ਹੀ ਚੁੱਕਾ ਸੀ। ਉਹ ਜੰਪ ਕਰਕੇ ਇਕਦਮ ਖੜਾ ਹੋ ਗਿਆ, ‘ਇੰਟਰਵਿਊ ਲੈਟਰ’ ਉਸਨੇ ਦੋ ਬਾਰ ਪੜ੍ਹਿਆ ਤੇ ਤੇਜ਼ੀ ਨਾਲ ਹੇਠਾਂ ਜਾ ਕੇ ਅੰਮੀ ਨੂੰ ਖ਼ੁਸ਼ਖਬਰ ਸੁਣਾਈ। ਪਤਾ ਨਹੀਂ ਕਿਉਂ ਉਸਨੂੰ ਲੱਗ ਰਿਹਾ ਸੀ ਕਿ ਇਹ ਨੌਕਰੀ ਉਸਨੂੰ ਮਿਲ ਹੀ ਜਾਣੀ ਹੈ।

    *

    ਦੋ ਦਿਨ ਬਾਦ:

    ਜਿੰਨੇ ਵਜੇ ਮਰਜ਼ੀ ਚੱਲ ਪਵੋ, ਲਾਹੋਰ ਦੀ ਟਰੈਫ਼ਿਕ ਕਦੇ ਵੀ ਟਾਈਮ ਸਿਰ ਪਹੁੰਚਣ ਨਹੀਂ ਦਿੰਦੀ। ਵਹੀਦ, ਸਾਢੇ ਸੱਤ ਵਜੇ ਘਰੋਂ ਨਿਕਲਿਆ ਸੀ, ਵਾਲਟਨ ਰੋਡ ਵਾਲੇ ਟਿਓਟਾ ਗੈਰਜ ਤੇ ਮਕੈਨਿਕ ਦੀ ਨੌਕਰੀ ਲਈ ਅਪਲਾਈ ਕਰਨ। ਪਹਿਲਾਂ ਬੱਸ ਨੇ ਲੇਟ ਕਰਤਾ ਤੇ ਫ਼ਿਰ ਗਲਤ ਪਾਸੇ ਨੂੰ ਟੁਰਨ ਲਗ ਪਿਆ। ਚਲੋ ਸ਼ੁਕਰ ਹੈ, ਨੌਂ ਵਜੇ ਪਹੁੰਚ ਤਾਂ ਗਿਆ। ਬੇਰੁਜ਼ਗਾਰੀ ਦਾ ਵੀ ਇਹ ਹਾਲ ਕਿ ਛੇ ਸੱਤ ਵੇਕੰਸੀਆਂ ਲਈ ਚਾਲੀ ਤੋਂ ਉਪਰ ਕੈਂਡੀਡੇਟ। ਰੀਸੈਪਸ਼ਨ ਤੇ ਬੈਠੀ ਖ਼ੂਬਸੂਰਤ ਲੜਕੀ ਨੇ ਮੁਸਕਰਾ ਕੇ ਉਸ ਵੱਲ ਦੇਖਿਆ ਤੇ ਇਕ ਚਿੱਟ ਫੜਾ ਦਿੱਤੀ, ਜਿਸਦੇ ਮੁਤਾਬਕ ਉਸਦਾ ਨੰਬਰ ਗਿਆਰਵਾਂ ਸੀ ਤੇ ਉਸਦੀ ਵਾਰੀ ਬਾਰਾਂ ਵਜੇ ਤੋਂ ਪਹਿਲਾਂ ਨਹੀਂ ਸੀ ਆਉਣੀ। ਕੀ ਇਹ ਸਾਰਿਆਂ ਨੂੰ ਇੰਟਰਵਿਊ ਦਾ ਟਾਈਮ ਪਹਿਲਾਂ ਨਹੀਂ ਦੇ ਸਕਦੇ? ਕਿੰਨਾ ਕੁ ਮੁਸ਼ਕਿਲ ਹੋਏਗਾ ਇਕ ਟਾਈਮ ਸ਼ੀਟ ਬਣਾ ਲੈਣਾ? ਏਥੇ ਸਾਡੇ ਕੋਈ ਕਿਸੇ ਦੇ ਵਕਤ ਦੀ ਪ੍ਰਵਾਹ ਨਹੀਂ ਕਰਦਾ, ਉਹ ਸੋਚ ਰਿਹਾ ਸੀ।
    ਤਿੰਨ ਘੰਟੇ ਰੀਸ਼ੈਪਨ ਦੇ ਬਾਹਰ ਪਏ ਬੈਂਚਾਂ ਤੇ ਬੈਠ ਕੇ ਗੁਜ਼ਾਰਨ ਨਾਲੋਂ ਉਹ ਵਕਤ ਟਪਾਉਣ ਲਈ ਬਾਹਰ ਆ, ਏਧਰ ਓਧਰ ਦੇਖਣ ਲਗਾ। ਜਲਦੀ ਵਿਚ ਘਰੋਂ ਨਾਸ਼ਤਾ ਵੀ ਕਰ ਕੇ ਨਹੀਂ ਆਇਆ ਸੀ। ਸ਼ਹਿਰੋਂ ਬਾਹਰ ਵੱਲ ਜਾਂਦੀ ਸੜਕ ਉਪਰ, ਬੱਸ ਤੇ ਬੈਠਿਆਂ ਉਸ ਇਕ ਢਾਬਾ ਦੇਖਿਆ ਸੀ, ਬਹੁਤਾ ਦੂਰ ਨਹੀਂ, ਅੱਧਾ ਪੌਣਾ ਮੀਲ ਹੋਏਗਾ। ਉਹ ਤੇਜ਼ ਕਦਮ ਪੁੱਟਦਾ ਓਧਰ ਨੂੰ ਚੱਲ ਪਿਆ। ਚੱਲਦਿਆਂ ਚੱਲਦਿਆਂ ਉਸਦੇ ਦਿਮਾਗ਼ ਵਿਚ ਆਇਆ ਕਿ ਉਸਨੂੰ ਕਾਹਲੀ ਕਾਹਦੀ ਹੈ, ਉਸਨੇ ਤਾਂ ਸਵਾ ਤਿੰਨ ਘੰਟੇ ਪਾਸ ਕਰਨੇ ਨੇ, ਤੇ ਫ਼ਿਰ ਉਹ ਆਰਾਮ ਨਾਲ ਤੁਰਨ ਲੱਗ ਪਿਆ। ਕਾਹਲ, ਉਸਦੀ ਆਦਤ ਵਿਚ ਸੀ… ਉਹ ਜ਼ਿੰਦਗੀ ਵਿਚ ਵੀ ਛਲਾਂਗਾ ਮਾਰ ਕੇ ਅੱਗੇ ਨਿਕਲ ਜਾਣਾ ਚਾਹੁੰਦਾ ਸੀ। ਆਪਣੇ ਅੱਬਾ ਦੀ ਜ਼ਿੰਦਗੀ ਵੱਲ ਦੇਖਦਾ ਤਾਂ ਹੈਰਾਨ ਹੁੰਦਾ। ਸਾਰੀ ਉਮਰ ਉਹਨਾ ਇਕੋ ਬੈਂਕ ਵਿਚ ਕਲਰਕ ਦੀ ਨੌਕਰੀ ਕੀਤੀ ਸੀ। ਕੋਈ ਮਾਰਕਾ ਮਾਰ ਤਰੱਕੀ ਵੀ ਨਹੀਂ, ਬਸ ਸਮੇਂ ਸਮੇਂ ਡੈਸਕ ਹੀ ਬਦਲੀਆਂ ਸਨ। ਅੰਮੀ ਲਾਹੋਰ ਦੀ ਜੰਮਪਲ ਸੀ ਤੇ ਅੱਬੂ ਪਿੰਡ ਵਿਚ ਰਹਿੰਦੇ ਸਨ, ਦੂਰੋਂ ਨੇੜਿਆਂ ਰਿਸ਼ਤੇਦਾਰੀ ਸੀ। ਸ਼ਾਦੀ ਤੋਂ ਬਾਦ ਉਹ ਲਾਹੋਰ ਹੀ ਆ ਗਏ ਸਨ ਤੇ ਉਹਨਾ ਨੂੰ ਸਫ਼ਾਰਿਸ਼ ਨਾਲ ਸੋਹਣੀ ਨੌਕਰੀ ਮਿਲ ਗਈ ਸੀ। ਉਹਨਾ ਦੇ ਵਾਲਦਾਇਨ ਖੇਤੀ ਬਾੜੀ ਦਾ ਕੰਮ ਕਰਦੇ ਸਨ। ਅੱਬੂ ਨੇ ਸੋਚਿਆ ਹੋਣਾ ਕਿ ਚਾਰ ਏਕੜਾਂ ਵਿਚ ਪਰਿਵਾਰ ਦਾ ਗੁਜ਼ਾਰਾ ਨਹੀਂ ਹੋਣ ਲਗਾ, ਇਸ ਲਈ ਉਹ ਸ਼ਹਿਰ ਆ ਗਏ। ਆਪਣੇ ਵਾਲਦਾਇਨ ਦੇ ਫ਼ੌਤ ਹੋ ਜਾਣ ਬਾਦ ਵੀ ਉਹਨਾ ਜ਼ਮੀਨ ਵੇਚੀ ਨਹੀਂ ਸੀ ਤੇ ਹੁਣ ਤੱਕ ਫ਼ਸਲ ਦਾ ਅੱਧ ਪਚੱਧ ਲੈਣ ਲਈ ਉਹ ਅਕਸਰ ਪਿੰਡ ਜਾਂਦੇ ਰਹਿੰਦੇ। ਫ਼ਿਰ ਵੀ ਠੀਕ ਹੀ ਰਿਹਾ। ਉਸਤੋਂ ਸਾਲ ਛੋਟੀ ਅੰਜੁਮ ਨੂੰ ਵੀ ਬੀਏ ਕਰਵਾ ਰਹੇ ਸਨ। ਲੇਕਿਨ ਏਨੇ ਕਾਸੇ ਵਿਚ ਵਹੀਦ ਦੀ ਤਸੱਲੀ ਨਹੀਂ ਸੀ, ਉਸਨੂੰ ਲੰਮੀਆਂ ਪੁਲਾਂਗਾਂ ਪੁੱਟ ਜਲਦੀ ਪਹੁੰਚਣ ਦੀ ਕਾਹਲ ਸੀ।
    ਉਹਨਾ ਦੇ ਘਰ ਤੋਂ ਪੈਦਲ ਤੁਰਦਿਆਂ ਪੰਦਰਾਂ ਕੁ ਮਿੰਟ ਦੇ ਵਕਫ਼ੇ ਤੇ ਉਸਦੀ ਅੰੰਮੀ ਦੀ ਵੱਡੀ ਸਿਸਟਰ, ਉਸਦੀ ਖਾਲਾ ਦਾ ਘਰ ਸੀ। ਉਹਨਾ ਦੀ ਬੇਟੀ ‘ਸਾਰਾ’ ਤੇ ਅੰਜੁਮ ਹਮ ਉਮਰ ਸਨ ਤੇ ਇਕੋ ਕਾਲਜ ਵਿਚ ਹੀ ਉਹ ਬੀਏ ਕਰ ਰਹੀਆਂ ਸਨ। ਭਾਵੇਂ ਇਕੋ ਕਾਲਜ ਵਿਚ ਪੜ੍ਹਦੀਆਂ ਸਨ, ਲੇਕਿਨ ਦੋਹਾਂ ਦੇ ਦੋਸਤਾਂ ਦਾ ਦਾਇਰਾ ਵੱਖਰਾ ਸੀ।
    ਸੋਚੀਂ ਪਿਆ, ਉਹ ਹੌਲ਼ੀ ਹੌਲ਼ੀ ਤੁਰਦਾ ਢਾਬੇ ਤੇ ਪਹੁੰਚ ਗਿਆ। ਦੋ ਆਲੂਆਂ ਵਾਲੇ ਪਰਾਂਠੇ ਤੇ ਚਾਹ ਦਾ ਆਰਡਰ ਦੇ ਕੇ ਉਹ ਬਾਹਰ ਵਰਾਂਡੇ ਵਿਚ ਬੈਠ ਗਿਆ। ਉਸਦੀ ਨਜ਼ਰ ਦੂਰ ਤੱਕ ਝੂੰਮਦੀਆਂ ਹਰੀਆਂ ਕਚੋਅ ਫ਼ਸਲਾਂ ਵੱਲ ਪਈ ਤੇ ਉਹ ਜਿਵੇਂ ਅਤੀਤ ਵਿਚ ਗੁਆਚ ਗਿਆ ਹੋਵੇ – ਸਾਲ ਹੋ ਗਿਆ ਸੀ ਕਾਲਿਜ ਛੱਡਿਆਂ, ਗਰੈਜੂਏਸ਼ਨ ਤੋਂ ਬਾਦ ਉਮੀਦ ਸੀ ਕਿ ਕੋਈ ਅੱਛੀ ਨੌਕਰੀ ਮਿਲ ਜਾਵੇਗੀ, ਲੇਕਿਨ ਦੋ ਤਿੰਨ ਟੈਂਪਰੇਰੀ ਜਿਹੀਆਂ ਤੋਂ ਸਿਵਾ ਉਹ ਨਾਕਾਮਯਾਬ ਹੀ ਰਿਹਾ ਸੀ। ਉਹ ਇਕੱਲਾ ਨਹੀਂ ਸੀ, ਉਸ ਵਰਗੇ ਬਹੁਤ ਸਾਰੇ ਹੋਰ ਗਰੈਜੂਏਟ ਨੌਕਰੀਆਂ ਦੀ ਤਾਲਾਸ਼ ਵਿਚ ਘੁੰਮ ਰਹੇ ਸਨ।
    ਸਾਰਾ ਉਮਰ ਵਿਚ ਭਾਵੇਂ ਉਸਤੋਂ ਡੇਢ ਕੁ ਸਾਲ ਛੋਟੀ ਸੀ, ਲੇਕਿਨ  ਉਹ ਉਸਦੇ ਨਾਲ ਹੀ ਪਲ਼ੀ ਵੱਡੀ ਹੋਈ ਸੀ ਤੇ ਉਹਨਾ ਦੋਹਾਂ ਵਿਚ ਸਦਾ ਬਹੁਤ ਜ਼ਿਆਦਾ ਤੇਹ ਪਿਆਰ ਰਿਹਾ ਸੀ। ਉਹ ਉਸਤੇ ਜਾਨ ਨਿਛਾਵਰ ਕਰਨ ਤੱਕ ਜਾਂਦੀ। ਦੋਹਾਂ ਦੀ ਆਦਤ ਤੇ ਮਨਸੂਬੇ ਵੀ ਇਕੋ ਜਿਹੇ ਹੀ ਸਨ। ਦੋਨੋ ਕਾਲਜ ਦੇ ਲਾਅਨ ਜਾਂ ਕਦੇ ਕੌਫ਼ੀ ਹਾਉੂਸ ਵਿਚ ਬੈਠੇ ਘੰਟਿਆਂ ਗੱਲਾਂ ਕਰਦੇ ਰਹਿੰਦੇ।
    ਦੋ ਮਹੀਨੇ ਪਹਿਲਾਂ ਸਾਰਾ ਦੇ ਘਰ ਹੋਇਆ ਵਾਕਿਆ, ਪਤਾ ਨਹੀਂ ਉਸ ਕਿੰਨੀ ਵਾਰ ਯਾਦ ਕੀਤਾ ਸੀ… ਕਦੇ ਉਹ ਖੂਬਸੂਰਤ ਖਵਾਬਾਂ ਵਿਚ ਗੁਆਚ ਜਾਂਦਾ ਤੇ ਕਦੇ ਡੂੰਘੀਆਂ ਸੋਚਾਂ ‘ਚ ਡੁੱਬ ਉਦਾਸ ਹੋ ਜਾਂਦਾ। ਇਕ ਇਕ ਲਮ੍ਹਾਂ ਯਾਦ ਸੀ ਉਸਨੂੰ…

    ਜੁੰਮੇ ਦਾ ਦਿਨ ਸੀ। ਸਾਰਾ ਦੀ ਅੰਮੀ, ਪਿੰਡ ਵਾਲੀ ਜ਼ਮੀਨ ਦੇ ਸਿਲਸਿਲੇ ਵਿਚ ਵਹੀਦ ਦੇ ਅੱਬਾ ਨੂੰ ਨਾਲ ਲੈ ਕੇ ਗਈ ਹੋਈ ਸੀ। ਇਹ ਕੋਈ ਪਹਿਲੀ ਵਾਰ ਨਹੀਂ ਸੀ, ਅੱਗੇ ਵੀ ਪਿੰਡ ਜਾਣ ਵੇਲੇ ਉਹ ਉਸਦੇ ਅੱਬਾ ਨੂੰ ਨਾਲ ਲੈ ਜਾਂਦੀ, ਠੇਕਾ ਵਗੈਰਾ ਵਸੂਲਣਾ ਤੇ ਹੋਰ ਜ਼ਮੀਨ ਦੇ ਮਸਲੇ ਦੇਖਣੇ ਹੁੰਦੇ ਸਨ। ਵਹੀਦ ਕੰਮ ਦੀ ਤਾਲਾਸ਼ ਬਹਾਨੇ, ਟਾਈਮ ਪਾਸ ਕਰਨ ਲਈ ਅਕਸਰ ਘਰੋਂ ਨਿਕਲ ਜਾਂਦਾ। ਅੱਜ ਪਤਾ ਨਹੀਂ ਉਸਦੇ ਦਿਲ ਵਿਚ ਕੀ ਆਇਆ, ਉਸ ਸੋਚਿਆ ਕਿ ਸਾਰਾ ਨਾਲ ਬੈਠ ਚਾਹ ਕੌਫ਼ੀ ਪੀਤੀ ਜਾਏ ਤੇ ਨਾਲ ਹੀ ਆਪਣੇ ਮੁਸਤਕਬਿਲ ਬਾਰੇ ਬਾਤਚੀਤ ਕੀਤੀ ਜਾਏ। ਅਵਾਰਗੀ ਤੋਂ ਵੀ ਮਨ ਅੱਕ ਜਾਂਦਾ ਹੁੰਦਾ, ਤੇ ਉਸਦਾ ਵੀ ਏਹ ਹੀ ਹਾਲ ਸੀ। ਐਵੇਂ ਈ ਘੁੰਮਦਿਆਂ, ਉਸਨੇ ਸਾਰਾ ਦੇ ਘਰ ਦਾ ਦਰਵਾਜ਼ਾ ਜਾ ਖੜਕਾਇਆ।
    ‘ਕੌਣ ਏ?’ ਥੋੜੀ ਦੇਰ ਬਾਦ ਅੰਦਰੋਂ ਆਵਾਜ਼ ਆਈ।
    ‘ਮੈਂ ਆਂ, ਵਹੀਦ।’
    ‘ਅੰਮੀ ਤਾਂ ਘਰ ਨਹੀਂ।’
    ‘ਹਾਂ, ਮੈਨੂੰ ਪਤਾ, ਮੈਂ ਖਾਲਾ ਨੂੰ ਨਹੀਂ, ਤੈਨੂੰ ਮਿਲਣ ਆਇਆਂ… ਕੁਛ ਮਸ਼ਵਰਾ ਕਰਨਾ।’
    ‘ਮਸ਼ਵਰਾ ਕਰਨਾ?’
    ਉਸ ਝਿਜਕਦੀ ਨੇ ਦਰਵਾਜ਼ਾ ਖੋਹਲ ਦਿੱਤਾ। ‘ਅੱਛਾ ਉਹ ਕਿਹੜਾ ਜ਼ਰੂਰੀ ਮਸ਼ਵਰਾ ਜੋ ਮੇਰੇ ਨਾਲ ਕਰਨਾ ਏਂ?’ ਸਾਰਾ ਨੇ ਮੁਸਕਰਾਉਂਦਿਆਂ ਕਿਹਾ। ਸੋਚਦੀ ਸੀ ਕਿ ਉਸਦੀ ਗੱਲ, ਵਹੀਦ ਨੇ ਪਹਿਲਾਂ ਤਾਂ ਕਦੇ ਨਹੀਂ ਮੰਨੀ, ਸਦਾ ਆਪਣੀ ਮਨ ਮਰਜ਼ੀ ਕਰਦਾ ਆਇਆ, ਹੁਣ ਕੀ ਜ਼ਰੂਰਤ ਪੈ ਗਈ ਹੋਵੇਗੀ?
    ‘ਠੰਡਾ ਪਾਣੀ ਪਿਲਾ, ਫ਼ਿਰ ਦੱਸਦਾਂ,’ ਵਹੀਦ ਨੇ ਕਿਹਾ।
    ਉਹ ਕਿਚਨ ਦੀ ਤਰਫ਼ ਪਾਣੀ ਲੈਣ ਚਲੇ ਗਈ… ਵਹੀਦ ਨੇ ਮਲਕੜੇ ਜਿਹੇ ਉਸਦੇ ਪਿੱਛੇ ਜਾ ਉਸਦੀ ਕਮਰ ਵਿਚ ਹੱਥ ਪਾ ਲਏ। ਉਹ ਤ੍ਰਬੱਕੀ… ਪਾਣੀ ਦਾ ਗਿਲਾਸ ਉਸਦੇ ਹੱਥੋਂ ਜ਼ਮੀਨ ਤੇ ਗਿਰ ਗਿਆ।
    ‘ਏਹ ਕੀ ਕਰ ਰਹੇ ਓ ਵਹੀਦ…?’
    ‘ਆਪਣੀ ਜਾਨ ਦੇ ਕਰੀਬ ਆ ਰਿਹਾਂ,’ ਉਸ ਕਿਹਾ… ‘ਬਹੁਤ ਮੁਹੱਬਤ ਕਰਦਾਂ ਤੈਨੂੰ, ਸਾਰਾ!’
    ਉਹ ਕੁਛ ਵੀ ਬੋਲੀ ਨਹੀਂ ਸੀ ਤੇ ਪਾਸਾ ਪਲਟ, ਉਸਦੀ ਚੌੜੀ ਛਾਤੀ ਨਾਲ ਚਿਪਕ ਗਈ ਸੀ… ਦਿਲਾਂ ਦੀ ਧੜਕਣ ਤੇਜ਼ ਹੋਣ ਲਗੀ… ਚਿੰਗਾਰੀ ਨੂੰ ਹਵਾ ਮਿਲੀ… ਉਹ ਧੁਖੀ… ਤੇ ਭਲਾ ਧੁੱਖਦੀ ਨੂੰ ਭਾਂਬੜ ਬਣ ਮੱਚਣ ਨੂੰ ਕਿੰਨੀ ਕੁ ਦੇਰ ਲਗਦੀ ਏ… ਵਹੀਦ ਦੀ ਪਿਆਸ, ਸਾਰਾ ਦੇ ਹੋਂਠ ਬੁਝਾਉਣ ਦੀ ਕੋਸ਼ਸ਼ ਕਰ ਰਹੇ ਸਨ। ਪਗ਼ਲੇ ਹੋਂਠ! ਪਿਆਸ ਭਲਾ ਇੰਝ ਬੁੱਝਦੀ ਹੈ? ਚੁੱਪ ਹਾਵੀ ਹੋ ਗਈ ਸੀ, ਜ਼ੁਬਾਨ ਬੋਲਣਾ ਭੁੱਲ ਗਈ… ਸਵਾਲ ਜਵਾਬ ਮੁਹੱਬਤ ਵਿਚ ਲਬਰੇਜ਼ ਨਜ਼ਰਾਂ ਕਰ ਰਹੀਆਂ ਸਨ… ਦੋ ਮਰਦਾਵੇਂ ਪੈਰ, ਦੋ ਜ਼ਨਾਨਾ ਪੈਰਾਂ ਪਿੱਛੇ ਟੁਰ ਕੇ ਬੈਡਰੂਮ ਤੱਕ ਪਹੁੰਚ ਗਏ… ਮਰਦਾਵੇਂ ਹੱਥਾਂ ਦਰਵਾਜ਼ਾ ਬੰਦ ਕੀਤਾ ਤੇ ਪੱਲਾਂ ਵਿਚ ਚਾਰੋਂ ਹੱਥ, ਘੁੱਪ ਹਨੇਰੇ ਵਿਚ, ਇਕ ਦੂਜੇ ਦੇ ਜਿਸਮ ਤੋਂ ਕਪੜਿਆਂ ਦੀਆਂ ਪਰਤਾਂ ਉਤਾਰਣ ਵਿਚ ਰੁੱਝ ਗਏ… ਅੱਗ ਦਾ ਭਾਂਬੜ, ਸਫ਼ੇਦ ਚਾਦਰ ਹੇਠਾਂ ਲੁੱਕਣ ਦੀ ਕੋਸ਼ਸ਼ ਕਰ ਰਿਹਾ ਸੀ।
    ਮਦਹੋਸ਼ੀ ਦੇ ਇਸ ਆਲਮ ਵਿਚ, ਥੱਕੇ ਨਿਢਾਲ ਜਿਸਮਾਂ ਨੂੰ ਨੀਂਦਰ ਨੇ ਕਲਾਵੇ ਵਿਚ ਲੈ ਲਿਆ… ਖ਼ਵਾਬਾਂ ਦੀ ਦੁਨੀਆਂ ਦੇ ਆਪਣੇ ਹੀ ਤੌਰ ਤਰੀਕੇ ਹੁੰਦੇ ਨੇ ਤੇ ਉਮਰ, ਸਿਰਫ਼ ਚੰਦ ਲਮ੍ਹੇਂ। ਸਾਰਾ ਵਹੀਦ ਦੀ ਛਾਤੀ ਤੇ ਸਿਰ ਰੱਖ ਉਸਦੀਆਂ ਧੜਕਣਾ ਸੁਣ ਰਹੀ ਸੀ ਤੇ ਵਹੀਦ ਆਪਣੇ ਪੋਟਿਆਂ ਨਾਲ ਸਾਰਾ ਦੇ ਰੇਸ਼ਮੀ ਵਾਲਾਂ ਨੂੰ ਪਲੋਸ ਰਿਹਾ ਸੀ।
    ‘ਗੁਨਾਹ ਹੋ ਗਿਆ ਸਾਡੇ ਕੋਲੋਂ,’ ਸਾਰਾ ਨੇ ਸੰਭਲਦਿਆਂ ਕਿਹਾ ਸੀ।
    ‘ਆਪਣੇ ਖਾਵੰਦ ਨਾਲ ਜਿਸਮਾਨੀ ਰਿਸ਼ਤਾ ਗੁਨਾਹ ਕਦੋਂ ਤੋਂ ਹੋ ਗਿਆ,’ ਵਹੀਦ ਦਾ ਜਵਾਬ ਸੀ।
    ‘ਅਜੇ ਖਾਵੰਦ ਬਣੇ ਤਾਂ ਨਹੀਂ।’
    ‘ਰੂਹ ਨਾਲ ਰੂਹ ਦਾ ਰਿਸ਼ਤਾ ਬਹੁਤ ਪਹਿਲਾਂ ਦਾ ਬਣ ਚੁੱਕੈ, ਮੇਰੀ ਜਾਨ! ਨਿਕਾਹ ਦੀ ਰਸਮ ਤਾਂ ਦੁਨੀਆਂ ਦੀ ਸਟੈਂਪ ਏ, ਉਹ ਵੀ ਲਗਵਾਲਾਂਗੇ।’
    ‘ਕਦੇ ਵੀ ਧੋਖਾ ਨਾ ਦਈਓ ਵਹੀਦ! ਮੈਂ ਤੁਹਾਡੇ ਬਿਨ ਮਰ ਜਾਂਵਾਗੀ,’ ਉਸਨੇ ਕਿਹਾ ਤੇ ਵਹੀਦ ਨੂੰ ਹੋਰ ਘੁੱਟ ਲਿਆ ਸੀ… ਉਹ ਜਿਵੇਂ ਪੂਰੀ ਦੀ ਪੂਰੀ ਉਸ ਵਿਚ ਸਮੋਅ ਜਾਣਾ ਚਾਹੁੰਦੀ ਸੀ। ਮਰਦਾਵੇਂ ਜੁੱਸੇ ਦੀ ਖ਼ੁਸ਼ਬੋ, ਜ਼ਨਾਨਾ ਜ਼ਿਹਨ ਨੇ, ਲੰਬੇ ਲੰਬੇ ਸਾਹ ਲੈ, ਸਦਾ ਲਈ ਕੈਦ ਲਈ ਸੀ।
    ‘ਤੇਰੇ ਬਿਨਾ ਮੈਂ ਵੀ ਰਹਿ ਨਹੀਂ ਸਕਦਾ… ਮੇਰੀ ਜਾਨ ਏਂ ਤੂੰ,’ ਕਹਿੰਦਿਆਂ ਉਸਨੇ ਉਸਦੇ ਮੱਥੇ ਨੂੰ ਚੁੰਮ ਲਿਆ ਸੀ।
    ‘ਅੰਮੀ ਨਾਲ ਤੁਹਾਨੂੰ ਬਾਤ ਕਰਨੀ ਪੈਣੀ ਏਂ।’
    ‘ਅਜੇ ਥੋੜਾ ਵਕਤ ਠਹਿਰ ਜਾ, ਮੈਨੂੰ ਕੋਈ ਪੱਕਾ ਕੰਮ ਮਿਲ ਲੈਣ ਦੇ।’
    ‘ਅੱਛਾ! ਠੰਡਾ ਪਾਣੀ ਤਾਂ ਵਿਚੇ ਈ ਰਹਿ ਗਿਆ, ਚੱਲੋ ਛੱਡੋ… ਮੈਂ ਲਿਆਉਂਦੀ ਆਂ…।’

    ਖ਼ਵਾਬ ਚਕਾਨਚੂਰ ਹੋ ਗਿਆ ਸੀ। ਢਾਬੇ ਵਾਲਾ ਵੇਟਰ ਬਿਨਾ ਪੁੱਛਿਆਂ, ਉਸਦੇ ਮੋਹਰੇ ਪਏ ਖਾਲੀ ਗਿਲਾਸ ਵਿਚ ਧਾਰ ਬੰਨ ਪਾਣੀ ਪਾ ਕਹਿ ਰਿਹਾ ਸੀ, ‘ਠੰਡਾ ਪਾਣੀ, ਸਰ ਜੀ!’
    ਉਹ ਇਕ ਦਮ ਤ੍ਰਬੱਕ ਗਿਆ, ਜਿਵੇਂ ਕੋਈ ਅਭੜਵਾਹੇ ਨੀਂਦਰ ‘ਚੋਂ ਉੱਠਿਆ ਹੋਵੇ।
    ਗਿਆਰਾਂ ਵੱਜ ਚੁਕੇ ਸਨ ਤੇ ਉਹ ਆਪਣੀ ਫ਼ਾਈਲ ਚੁੱਕ ਤੇਜ਼ ਕਦਮਾਂ ਨਾਲ ਵਾਪਸ ਮੁੜਨ ਲਗਾ। ਰਸਤੇ ਵਿਚ ਆਉਂਦਿਆਂ ਉਹ ਆਪਣੇ ਚਾਂਸਜ਼ ਬਾਰੇ ਸੋਚਦਾ; ਉਸ ਇੰਜਨੀਅਰਿੰਗ ਵਿਚ ਬੀ ਏ ਕੀਤੀ ਹੈ, ਏਹ ਜੌਬ ਤਾਂ ਉਸਨੂੰ ਮਿਲ ਹੀ ਜਾਣੀ ਚਾਹੀਦੀ ਹੈ।
    ‘ਅਸੀਂ ਆਪਣੇ ਮੁਲਕ ਵਿਚ ਇਕ ਦੂਜੇ ਦੇ ਟਾਈਮ ਦੀ ਕਦਰ ਬਿਲਕੁਲ ਈ ਨਹੀਂ ਕਰਦੇ? ਸਾਡੀ ਨਾਕਾਮਯਾਬੀ ਦੀ ਵਜਾ, ਸਾਡੇ ਮੁਆਸ਼ਰੇ ਵਿਚ ਡਸਿਪਲਿਨ ਦੀ ਘਾਟ ਦਾ ਹੋਣਾ,’ ਉਸਨੂੰ ਸਾਰਾ ਦਾ ਕਿਹਾ ਯਾਦ ਆ ਰਿਹਾ ਸੀ। ੧੨æ੩੫ ਤੇ ਉਸਦੀ ਵਾਰੀ ਆਈ। ਕੁਲ ਮਿਲਾ ਕੇ ਸੋਲਾਂ ਇੰਟਰਵਿਊਜ਼ ਹੋਈਆਂ, ਬਾਕੀ ਰਹਿੰਦੇ ਵੀਹ ਕੁ ਕੈਂਡੀਡੇਟਸ ਨੂੰ ਅਗਲੀ ਵਾਰ ਦਾ ਵਾਅਦਾ ਕਰ ਕੇ ਵਾਪਸ ਭੇਜ ਦਿੱਤਾ ਗਿਆ।ਇਕ ਦੋ ਨੂੰ ਬੁਰਾ ਵੀ ਲਗਾ, ਲੇਕਿਨ ਏਥੇ ਕੋਈ ਕਿਸੇ ਦੀ ਪ੍ਰਵਾਹ ਕਦੋਂ ਕਰਦਾ ਹੈ। ਚਾਰ ਵਜੇ ਦੇ ਕਰੀਬ ਸੋਲਾਂ ਵਿਚੋਂ ਪੰਜ ਨੂੰ ਚੁਣ ਲਿਆ ਗਿਆ, ਲੇਕਿਨ ਉਹਨਾ ਵਿਚ ਵਹੀਦ ਦਾ ਨਾਮ ਨਹੀਂ ਸੀ। ਆਖ਼ਿਰ ਕੀ ਚਾਹੁੰਦੇ ਨੇ ਏਹ ਲੋਗ਼? ਇੰਜਨੀਰਿੰਗ ਦੀ ਡਿਗਰੀ ਕਰਕੇ ਵੀ ਮਕੈਨਿਕ ਦੀ ਜੌਬ ਨਹੀਂ ਮਿਲੀ। ਉਹ ਸਿਰ ਸਿੱਟ ਕੇ ਬੈਠ ਗਿਆ; ਘਰ ਗਿਆਂ ਤੇ ਫ਼ਿਰ ਓਹੀ ‘ਤੂੰ ਕਿਸੇ ਵੀ ਕੰਮ ਦਾ ਨਹੀਂ’ ਸੁਨਣਾ ਪੈਣਾ ਸੀ।ਥੋੜੀ ਦੇਰ ਬਾਦ ਖ਼ੁਦ ਨੂੰ ਸੰਭਾਲਦਾ ਉਹ ਜਾਣ ਲਈ ਉੱਠ ਖੜਾ ਹੋਇਆ ਸੀ।
    ‘ਵਹੀਦ! ਕੌਨ ਹੈਂ’ ਰੀਸੈਪਨਿਸ਼ਟ ਨੇ ਹੱਥ ਵਿਚ ਫ਼ੜੇ ਪੇਪਰਜ਼ ਤੋਂ ਦੇਖ ਕੇ ਪੁਕਾਰਿਆ।
    ‘ਹਾਂ ਜੀ! ਮੈਂ ਵਹੀਦ,’ ਆਖ ਉਹ ਰੀਸੈਪਸ਼ਨਿਸਟ ਪਾਸ ਚਲਾ ਗਿਆ। ‘ਯੇ ਰਹਾ ਆਪ ਕਾ ਔਫ਼ਰ ਲੈਟਰ… ਆਪ ਕੀ ਕੁਆਲੀਫ਼ੀਕੇਸ਼ਨ ਕੀ ਵਜਾ ਸੇ ਆਪ ਕੋ ਹਾਇਰ ਜੌਬ ਕੀ ਔਫ਼ਰ ਦੀ ਗਈ ਹੈ,’  ਉਸਨੇ ਕਾਗ਼ਜ਼ ਦਾ ਬੰਡਲ ਉਸਦੇ ਹੱਥ ਪੜ੍ਹਾਉਂਦਿਆਂ ਕਿਹਾ।
    ‘ਔਫ਼ਰ ਲੈਟਰ! ਅਲਾਹ! ਤੇਰਾ ਲੱਖ ਲੱਖ ਸ਼ੁਕਰ ਏ! ਥੈਂਕ ਯੂ ਜੀ… ਥੈਂਕ ਯੂ।’ ਆਖ ਉਸ ਕਾਗਜ਼ ਦੇ ਬੰਡਲ ਨੂੰ ਚੁੰਮਿਆਂ।ਖ਼ੁਸ਼ੀ ਉਸ ਕੋਲੋਂ ਸੰਭਾਲੀ ਨਹੀਂ ਸੀ ਜਾ ਰਹੀ। ਟੌਏਓਟਾ ਵਰਗੀ ਡੀਲਰਸ਼ਿਪ ਵਿਚ ਉਸਨੂੰ ਜੌਬ ਮਿਲ ਗਈ ਸੀ ਤੇ ਅਗਲੇ ਹਫ਼ਤੇ ਤੋਂ ਉਸਦੀ ਟਰੇਨਿੰਗ ਸ਼ੁਰੂ ਹੋ ਜਾਣੀ ਸੀ। ਇਹ ਖ਼ੁਸ਼ਖ਼ਬਰੀ ਸਭ ਤੋਂ ਪਹਿਲਾਂ ਉਹ ਸਾਰਾ ਨੂੰ ਦੇਣੀ ਚਾਹੁੰਦਾ ਸੀ। ਸੋਚਦਾ ਕਿ ਹੁਣ ਉਹ ਉਸਨੂੰ, ”ਅਵਾਰਾ, ਵੇਹਲੜ ਤੇ ਤੂੰ ਕਿਸੇ ਕੰਮ ਦਾ ਨਹੀਂ”, ਨਹੀਂ ਕਹੇਗੀ । ਫ਼ੋਨ ਕਰਨ ਹੀ ਲੱਗਾ ਸੀ ਕਿ ਉਸਦੇ ਹੱਥਾਂ ਵਿਚ ਜ਼ਰਾ ਕੁ ਝਿਜਕ ਜਿਹੀ ਆ ਗਈ ਤੇ ਉਹ ਰੁੱਕ ਗਿਆ। ਉਸ ਦਿਨ ਦੇ ਵਾਕਿਆ ਤੋਂ ਬਾਦ ਉਹਨਾ ਵਿਚ ਨਰਾਜ਼ਗੀ ਚੱਲ ਰਹੀ ਸੀ। ਨਰਾਜ਼ਗੀ ਵੀ ਨਹੀਂ ਬਸ ਉਹ ‘ਹੂੰਅ ਹਾਂਅ’ ਤੋਂ ਵੱਧ ਕੋਈ ਖਾਸ ਗੱਲ ਨਹੀਂ ਸੀ ਹੋਈ। ਜੋ ਉਹਨਾ ਦੋਹਾਂ ਵਿਚਕਾਰ ਹੋਇਆ, ਸਾਰਾ ਉਸਨੂੰ ਗੁਨਾਹ ਕਹਿ ਰਹੀ ਸੀ ਜਦ ਕਿ ਉਹ ਇਸਨੂੰ ਉਮਰ ਭਰ ਦੇ ਰਿਸ਼ਤੇ ਦੀ ਬੁਨਿਯਾਦ ਸਮਝ ਰਿਹਾ ਸੀ। ਉਸਦੇ ਮੁਆਫ਼ੀ ਮੰਗਣ ਦਾ ਵੀ ਸਾਰਾ ਤੇ ਕੋਈ ਖਾਸ ਅਸਰ ਨਹੀਂ ਹੋਇਆ ਸੀ।ਪਿਛਲੇ ਦੋ ਸਾਲ ਤੋਂ ਉਹ ਇਕ ਦੂਜੇ ਨੂੰ ਹਫ਼ਤੇ ਵਿਚ ਦੋ ਤਿੰਨ ਵਾਰ ਫ਼ੋਨ ਕਰ ਲਿਆ ਕਰਦੇ ਸਨ ਤੇ ਹੁਣ ਏਨਾ ਵਕਫ਼ਾ। ਬਹੁਤ ਜ਼ਿੱਦੀ ਲੜਕੀ ਏ, ਉਹ ਜਾਣਦਾ ਸੀ… ਛੇਤੀ ਕੀਤੇ ਮੰਨੇਗੀ ਨਹੀਂ।ਫ਼ਿਰ ਵੀ ਉਸ ਪਾਸੋਂ ਰਿਹਾ ਨਾ ਗਿਆ… ਸਾਰਾ ਤੋਂ ਬਿਨਾ ਹੋਰ ਕੋਈ ਉਸਨੂੰ ਸਮਝਦਾ ਵੀ ਤਾਂ ਨਹੀਂ ਸੀ। ਹਰ ਕੋਈ ਉਸਦੀ ਮੁਖ਼ਾਲਫ਼ਤ ਕਰਨ ਤੇ ਤੁੱਲਿਆ ਰਹਿੰਦਾ। ਇਸ ਸਭ ਕਾਸੇ ਬਾਵਜੂਦ ਵੀ ਉਸ ਕੋਲੋਂ ਰਿਹਾ ਨਾ ਗਿਆ ਤੇ ਉਸਨੇ ਝਿਜਕਦਿਆਂ  ਸਾਰਾ ਦਾ ਨੰਬਰ ਪ੍ਰੈਸ ਕਰ ਹੀ ਦਿੱਤਾ।
    – ਹੈਲੋ, ਸਲਾਮ ਸਾਰਾ!
    – ਅੱਛਾ! ਆ ਗਈ ਯਾਦ, ਅਗਿਉਂ ਸਾਰਾ ਦਾ ਨਿਹੋਰਾ ਸੀ।
    – ਭੁੱਲਿਆ ਈ ਕਦੋਂ ਸੀ… ਅੱਛਾ ਸੁਣ ਇਕ ਖ਼ੁਸ਼ਖ਼ਬਰੀ ਏ… ਮੈਂ ਸੋਚਿਆ ਸਭ ਤੋਂ ਪਹਿਲਾਂ ਤੇਰੇ ਨਾਲ ਈ ਸ਼ੇਅਰ ਕਰਾਂ।
    – ਅੱਛਾ! ਐਸਾ ਕੀ ਹੋ ਗਿਆ? ਸੋਚਦੀ ਸੀ ਕਿ ਫ਼ਿਰ ਕੋਈ ਸ਼ੇਖ਼ਚਿਲੀਆਨਾ ਹਰਕਤ ਕੀਤੀ ਹੋਣੀ ਏਂ। ਵਹੀਦ ਦੀ ਤਾਂ ਸਦਾ ਪੁੱਟਿਆ ਪਹਾੜ ਨਿਕਲਿਆ ਚੂਹਾ ਵਾਲੀ ਕਹਾਣੀ ਹੁੰਦੀ ਏ।
    – ਤਾਂ ਹੁਣ ਤੂੰ ਮੇਰੇ ਨਾਲ ਨਾਰਾਜ਼ ਨਹੀਂ?
    – ਬਹੁਤ ਨਾਰਾਜ਼ ਆਂ ਤੇ ਨਹੀਂ ਵੀ… ਲੇਕਿਨ ਹੁਣ ਕੁਛ ਦਸੋਗੇ ਵੀ!
    – ਮੈਨੂੰ ਟੌਏਓਟਾ ਵਿਚ ਟੈਕਨੀਸ਼ਨ ਦੀ ਪੱਕੀ ਜੌਬ ਮਿਲ ਗਈ ਆ।
    – ਸੀ…ਰੀ…ਅਸ…?
    – ਹਾਂ ਜਾਨ! ਸੀਰੀਅਸ।
    – ਵੈਰੀ ਗੁੱਡ…! ਲੱਖ ਲੱਖ ਸ਼ੁਕਰ ਏ ਅਲ਼ਾਹ ਦਾ…! ਬਹੁਤ ਬੜੀਆ ਖਬਰ… ਹੁਣ ਕਮ ਸੇ ਕਮ ਮੈਨੂੰ ਤੰਗ ਤਾਂ ਨਹੀਂ ਕਰੋਗੇ।
    – ਅੱਛਾ ਨਾਰਾਜ਼ ਤਾਂ ਨਹੀਂ ਮੇਰੇ ਨਾਲ…? ਆਪਣੀ ਖ਼ੁਸ਼ੀ ਵਿਚ ਉਹ, ਉਸਦੀ ਨਾਰਾਜ਼ਗੀ ਦਾ ਕਾਰਨ ਹੀ ਭੁੱਲ ਗਿਆ ਸੀ।
    – ਹਾਂ! ਹੁਣ ਸਭ ਠੀਕ ਏ… ਮੈਂ ਬਹੁਤ ਡਰ ਗਈ ਸੀ, ਜੇ ਕੁਛ ਹੋ ਜਾਂਦਾ ਤਾਂ…?
    – ਕੀ ਹੋ ਜਾਂਦਾ ਤਾਂ?
    – ਵਹੀਦ ਸਾਹਿਬ! ਤੁਸੀਂ ਬਿਲਕੁਲ ਬੁੱਧੂ ਓ… ਬੁੱਧੂ ਰਹੋਗੇ! ਔਰਤ ਮਰਦ ਇਕੱਠੇ ਹੋਣ ਤਾਂ ਕੀ ਹੁੰਦਾ?’ ਆਖ ਉਹ ਉੱਚੀ ਉੱਚੀ ਹੱਸ ਪਈ ਸੀ।

    ਉਸਦਾ ਸ਼ਰਾਰਤ ਭਰਿਆ ਲਹਿਜਾ, ਵਹੀਦ ਨੂੰ ਬਹੁਤ ਪਸੰਦ ਸੀ। ਖੁਸ਼ੀ ਵਿਚ ਝੂੰਮਦਾ ਉਹ ਘਰ ਪਰਤ ਆਇਆ। ਉਸਨੇ ਆਪਣੇ ਅੱਬਾ ਅੰਮੀ ਤੇ ਅੰਜੁਮ ਨੂੰ ਖੁਸ਼ੀ ਦੀ ਖਬਰ ਸੁਣਾਈ।
    ‘ਸਾਰਾ ਹੋਰਾਂ ਨੂੰ ਵੀ ਖਬਰ ਦੇ ਦੇਣੀ ਸੀ… ਬਹੁਤ ਦੁਆਵਾਂ ਕਰਦੀ ਏ ਭਾਈ ਤੇਰੇ ਲਈ,’ ਅੰਜੁਮ ਨੇ ਸ਼ਰਾਰਤੀ ਲਹਿਜੇ ਵਿੱਚ ਕਿਹਾ।
    ‘ਹਾਂ! ਉਸਨੂੰ ਮੈਂ ਦੱਸ ਦਿੱਤਾ।’
    ‘ਉਸਨੂੰ ਤਾਂ ਸਭ ਤੋਂ ਪਹਿਲਾਂ ਦੱਸਿਆ ਹੋਣਾ,’ ਅੰਜੁਮ ਨੇ ਮੁਸਕਰਾਉਂਦਿਆ ਕਿਹਾ।
    ‘ਇਹ ਕੀ ਲੈ ਕੇ ਬੈਠ ਜਾਨੀ ਏਂ… ਉਸਨੂੰ ਕੋਈ ਸ਼ਰਬਤ, ਪਾਣੀ ਪੁੱਛ?’ ਅੰਮੀ ਨੇ ਕਿਹਾ।
    ‘ਹਾਂ, ਭਾਈ! ਠੰਡਾ ਪਾਣੀ ਲਿਆਵਾਂ?’ ਕਹਿ ਉਹ ਮੁਸਕੜੀਆਂ ਵਿਚ ਹੱਸਦੀ ਕਿਚਨ ਵੱਲ ਚਲੇ ਗਈ।
    ਕੀ ਅੰਜੁਮ, ਸਾਰਾ ਤੇ ਉਸਦੇ ਰਿਸ਼ਤੇ ਬਾਰੇ ਜਾਣਦੀ ਸੀ? ਉਹ ਸੋਚੀਂ ਪੈ ਗਿਆ ਤੇ ਉਸਨੇ ”ਐਵੇਂ ਬੋਲਦੀ ਰਹਿੰਦੀ” ਆਖ ਖ਼ੁਦ ਨੂੰ ਸਮਝਾ ਲਿਆ ਸੀ।

    ਚਾਰ ਮਹੀਨੇ ਗ਼ੁਜ਼ਰ ਗਏ ਸਨ। ਉਸਦੀ ‘ਅੋਨ ਜੌਬ ਟਰੇਨਿੰਗ’ ਖ਼ਤਮ ਹੋ ਚੁੱਕੀ ਸੀ। ਲਗਨ ਤੇ ਕੁਆਲੀਫ਼ੀਕੇਸ਼ਨ ਦੇਖ, ਉਸਨੂੰ ‘ਡਾਇਗਨੌਸਟਿਕ ਟੈਕਨੀਸ਼ਨ’ ਬਣਾ ਦਿੱਤਾ ਗਿਆ। ਇਹ ਟੌਪ ਦੀ ਜੌਬ ਸੀ ਤੇ ਇਸਦੀ ਪੇ ਸਕੇਲ ਵੀ ਆਮ ਮਕੈਨਿਕ ਤੋਂ ਵੱਧ ਸੀ।

    ਸਾਰਾ ਨਾਲ ਅਕਸਰ ਗਲਬਾਤ ਹੁੰਦੀ ਰਹਿੰਦੀ ਤੇ ਉਹ ਛੁਪ ਛੁਪਾ ਕੇ ਮਿਲਦੇ ਰਹਿੰਦੇ। ਇਕ ਦਿਨ ਸ਼ਾਮ ਵਕਤ ਜਦੋਂ ਉਹ ਕੰਮ ਤੋਂ ਮੁੜਿਆ ਤਾਂ ਉਸਨੂੰ ਅੰਮੀ ਤੋਂ ਪਤਾ ਲਗਾ ਸੀ ਕਿ ਉਸਦੇ ਲੰਡਨ ਵਿਚ ਰਹਿੰਦੇ ਮਾਮੂ ਹੋਰੀਂ ਤੇ ਨਾਲ ਉਹਨਾ ਦੀਆਂ ਦੋਨੋ ਲੜਕੀਆਂ ਰਾਵੀਆ ਤੇ ਰੁਖ਼ਸਾਨਾ ਸ਼ਾਇਦ ਸ਼ਾਦੀ ਕਰਵਾਉਣ ਲਈ ਲਾਹੌਰ ਆ ਰਹੀਆਂ ਸਨ। ਦਸ ਸਾਲ ਪਹਿਲਾਂ ਉਹ ਉਹਨਾ ਨੂੰ ਮਿਲਿਆ ਸੀ। ਇਸ ਖ਼ਬਰ ਵਿਚ ਉਸਨੂੰ ਕੋਈ ਖ਼ਾਸ ਦਿਲਚਸਪੀ ਨਹੀਂ ਸੀ, ਇਸ ਲਈ ਉਸਨੇ ਹੋਰ ਬਹੁਤਾ ਕੁਛ ਜਾਨਣ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਹੁਣ ਉਸ ਕੋਲ ਖ਼ੁਦਾ ਦੇ ਫ਼ਜ਼ਲ ਨਾਲ ਸਭ ਕੁਛ ਹੀ ਸੀ; ਅੱਛੀ ਜੌਬ, ਬੇਹਰਤਰੀਨ ਮੁਹੱਬਤੀ ਦਿਲ ਵਾਲੀ, ਪਰੀਆਂ ਵਰਗੀ ਦੋਸਤ ਸਾਰਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!