24.8 C
United Kingdom
Wednesday, June 24, 2026

More

    ਸਰਕਾਰ ਵੱਲੋਂ ਪਹਿਲੇ ਆਸਟ੍ਰੇਲੀਅਨ ਗੁਰਦੁਆਰੇ ਨੂੰ ਵਿਰਾਸਤੀ ਦਰਜਾ ਦੇਣ ਦਾ ਐਲਾਨ

    1940-50ਵਿਆਂ ਦੌਰਾਨ ਆਏ ਸਨ ਪਹਿਲੇ ਸਿੱਖ ਪਰਿਵਾਰ
    ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ

    (ਹਰਜੀਤ ਲਸਾੜਾ, ਬ੍ਰਿਸਬੇਨ 23 ਅਕਤੂਬਰ)

    ਸ੍ਰੀਮਤੀ ਦੀਸ਼ ਕੌਰ ਦੇ ਪਿਤਾ ਨਿਰੰਜਨ ਸਿੰਘ ਪਹਿਲੇ ਸਿੱਖ ਸਨ ਜਿਨ੍ਹਾਂ ਨੇ ਵੂਲਗੂਲਗਾ ਵਿਚ ਪਹਿਲੇ ਸਿੱਖ ਮੰਦਰ ਦੀ ਸਥਾਪਨਾ ਕੀਤੀ ਸੀ।
    ਵਿਰਾਸਤ ਐਲਾਨੇ ਪੁਰਾਤਨ ਗੁਰੂਘਰ ਦੀ ਇਮਾਰਤ
    ਨਵੇਂ ਗੁਰਦੁਆਰਾ ਸਾਹਿਬ ਦੀ ਇਮਾਰਤ

    ਆਸਟ੍ਰੇਲੀਆ ਦੇ ਸੂਬਾ ਨਿਊ ਸਾਊਥ ਵੇਲਜ਼ ਸਰਕਾਰ ਵਿੱਚ ਵਿਰਾਸਤੀ ਮੰਤਰੀ ਡਾਨ ਹਰਵਿਨ ਨੇ ਕਿਹਾ ਹੈ ਕਿ 1968 ‘ਚ ਆਸਟ੍ਰੇਲੀਆ ਦੇ ਪਹਿਲੇ ਸਿੱਖ ਗੁਰਦੁਆਰੇ (ਵੂਲਗੂਲਗਾ) ਦੀ ਸਥਾਪਨਾ ਦੇਸ਼ ਅਤੇ ਸਮੁਚੇ ਭਾਈਚਾਰੇ ਲਈ ਸਮਾਜਿਕ ਅਤੇ ਧਾਰਮਿਕ ਅਹਿਮੀਅਤ ਰੱਖਦੀ ਹੈ ਨੂੰ ਆਸਟ੍ਰੇਲੀਆ ਦੀ ਵਿਰਾਸਤ ਸੂਚੀ (ਸਟੇਟ ਹੈਰੀਟੇਜ ਰਜਿਸਟਰ) ਵਿੱਚ ਸ਼ਾਮਲ ਕਰਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਨ। ਗੁਰਦੁਆਰਾ ਸਾਹਿਬ ਦੇ ਜਨਤਕ ਅਫਸਰ ਅਮਨਦੀਪ ਸਿੰਘ ਸਿੱਧੂ ਨੇ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲਜ਼ ਵਿੱਚ ਵਸਣ ਵਾਲੇ ਸਿੱਖ ਭਾਈਚਾਰੇ ਲਈ ਇਸਨੂੰ ਇਕ ਸ਼ਾਨਦਾਰ ਪ੍ਰਾਪਤੀ ਦੱਸਿਆ ਹੈ। ਉਨ੍ਹਾਂ ਅਨੁਸਾਰ ਇਸ ਬਾਬਤ ਅਰਜ਼ੀ 2013 ਤੋਂ ਹੀ ਦਿੱਤੀ ਗਈ ਸੀ ਅਤੇ ਸਰਕਾਰ ਵਲੋਂ ਇਸਦੀ ਇਤਿਹਾਸਿਕ ਮਹੱਤਤਾ, ਭਾਈਚਾਰੇ ਦੀ ਭਰੋਸੇਯੋਗਤਾ, ਇਸ ਸਾਰੇ ਖੇਤਰ ਅਤੇ ਇਮਾਰਤ ਦਾ ਜਾਇਜ਼ਾ ਲੈਣ ਦੀ ਲੰਮੀ ਪ੍ਰਕਿਰਿਆ ਤੋਂ ਬਾਅਦ ਹੀ ਅਜਿਹਾ ਸੰਭਵ ਹੋਇਆ ਹੈ। ਸਿੱਧੂ ਅਨੁਸਾਰ ਵੁਲਗੂਲਗਾ ਖੇਤਰ ਵਿੱਚ ਸਾਡਾ ਕਿਸਾਨੀ ਪੰਜਾਬੀ ਭਾਈਚਾਰਾ ਪੰਜਾਬ ਤੋਂ 1940-50ਵਿਆਂ ਦੌਰਾਨ ਇੱਥੇ ਵਸਣਾ ਸ਼ੁਰੂ ਹੋ ਗਿਆ ਸੀ ਅਤੇ ਉਹਨਾਂ ਆਪਣੀਆਂ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਲੋੜਾਂ ਹਿੱਤ ਸ੍ਰੀ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਇਸ ਪਹਿਲੇ ਅਤੇ ਪੁਰਾਤਨ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ ਸੀ। ਕਾਫਸ ਹਾਰਬਰ ਤੋਂ ਆਸਟ੍ਰੇਲੀਆ ਦੇ ਪਹਿਲੇ ਸਿੱਖ ਸੰਸਦੀ ਮੈਂਬਰ ਸ. ਗੁਰਮੇਸ਼ ਸਿੰਘ ਨੇ ਇਸ ਮੌਕੇ ਕਿਹਾ ਕਿ ਗੁਰਦੁਆਰਾ ਸਾਹਿਬ ਦਾ ਵਿਰਾਸਤੀ ਲੜੀ ਵਿੱਚ ਸ਼ਾਮਿਲ ਹੋਣਾ ਸਾਡੇ ਇਲਾਕੇ ਅਤੇ ਭਾਈਚਾਰੇ ਲਈ ਮਾਣ ਵਾਲੇ ਪਲ ਹਨ। ਬਹੁਸਭਿਆਚਾਰਕ ਮਾਮਲਿਆਂ ਲਈ ਕਾਰਜਕਾਰੀ ਮੰਤਰੀ ਜੈਫ਼ ਲੀ ਨੇ ਆਖਿਆ ਕਿ ਸਰਕਾਰ ਦਾ ਇਹ ਫ਼ੈਸਲਾ ਸਿੱਖ ਭਾਈਚਾਰੇ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਪਿਛਲੇ 50 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਇਸ ਇਲਾਕੇ ਦੀ ਵਸਨੀਕ ਸ੍ਰੀਮਤੀ ਦੀਸ਼ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨਿਰੰਜਣ ਸਿੰਘ 1938 ਵਿੱਚ ਆਸਟ੍ਰੇਲੀਆ ਆਏ ਸਨ। “ਉਨ੍ਹਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਪਹਿਲੇ ਵਸੇ ਸਿੱਖ ਲੋਕਾਂ ਦੁਆਰਾ ਕੀਤੀ ਗਈ ਇਹ ਕੋਸ਼ਿਸ਼ ਕਦੇ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਇੱਕ ਸਟੇਟ ਵਿਰਾਸਤ ਵਜੋਂ ਸਾਂਭੀ ਜਾਵੇਗੀ ਅਤੇ ਸਾਡੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੀ ਸਿੱਖ ਵਿਰਾਸਤ ਬਾਰੇ ਜਾਣੂ ਕਰਵਾਉਂਦੀ ਰਹੇਗੀ,” ਉਨ੍ਹਾਂ ਕਿਹਾ।ਦੱਸਣਯੋਗ ਹੈ ਕਿ ਗੁਰੂਘਰ ਦੀ ਪਹਿਲੀ ਇਮਾਰਤ ਤੋਂ ਹਟਕੇ ਇੱਕ ਨਵੀਂ ਇਮਾਰਤ ਵੀ ਬਣਾਈ ਗਈ ਹੈ ਜਿਸਦੇ ਚਿੱਟੇ ਤੇ ਸੋਨੇ ਰੰਗੇ ਗੁੰਬਦਾਂ ਦੀ ਵੂਲਗੂਲਗਾ ਵਿੱਚ ਇੱਕ ਵੱਖਰੀ ਪਛਾਣ ਅਤੇ ਅਹਿਮੀਅਤ ਹੈ। ਗੁਰਦੁਆਰਾ ਸਾਹਿਬ ਦੇ ਨਵੇਂ ਕੰਪਲੈਕਸ ਨੂੰ 2019 ਵਿੱਚ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!