ਅਸ਼ੋਕ ਵਰਮਾ
ਬਠਿੰਡਾ,19 ਅਕਤੂਬਰ। ਬਠਿੰਡਾ ਪੁਲਿਸ ਦੇ ਸੀ.ਆਈ.ਏ.ਸਟਾਫ (ਟੂ) ਨੇ ਗੁਪਤ ਸੂਚਨਾਂ ਦੇ ਅਧਾਰ ਤੇ ਦੋ ਵੱਖ ਵੱਖ ਖਤਰਨਾਕ ਲੁਟੇਰਾ ਗਿਰੋਹਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਪੂਹਲਾ ਨਹਿਰ ਦੇ ਨਜ਼ਦੀਕ ਛਾਪਾ ਮਾਰਿਆ ਤਾਂ ਮਾਰੂ ਹਥਿਆਰਾਂ ਨਾਲ ਲੈਸ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਇਕੱਤਰ ਹੋਏ ਇੱਕ ਗਿਰੋਹ ਦੇ ਅੱਧੀ ਦਰਜਨ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਹੈ । ਪੁਲਿਸ ਨੇ ਮੁਲਜਮਾਂ ਤੋਂ 8 ਮੋਟਰਸਾਈਕਲ, ਇੱਕ ਪਿਸਤੌਲ ਤੇ ਦੋ ਰੌਂਦ 315 ਬੋਰ , ਇੱਕ ਏਅਰ ਪਿਸਟਲ, ਲੋਹੇ ਦਾ ਇੱਕ ਕਾਪਾ, ਇੱਕ ਕੁਹਾੜੀ, ਇੱਕ ਹਾਕੀ, 8ਮੋਬਾਇਲ ਫੋਨ ਅਤੇ ਲੁੱਟੀ ਹੋਈ 50 ਹਜਾਰ ਰੁਪਏ ਨਕਦ ਰਾਸ਼ੀ ਬਰਾਮਦ ਕੀਤੀ ਹੈ। ਬਠਿੰਡਾ ਰੇਂਜ ਦੇ ਆਈਜੀ ਜਸਕਰਨ ਸਿੰਘ ਅਤੇ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਗਿਰੋਹ ਬਾਰੇ ਖੁਲਾਸਾ ਕੀਤਾ ਹੈ ।
ਉਹਨਾਂ ਦੱਸਿਆ ਕਿ ਗਿ੍ਰਫਤਾਰ ਮੁਲਜਮਾਂ ’ਚ ਲਵਪ੍ਰੀਤ ਸਿੰਘ ਉਰਫ ਲਵੀ, ਗੋਬਿੰਦ ਸਿੰਘ ਉਰਫ ਕਾਲੂ, ਜਸਵੀਰ ਸਿੰਘ ਉਰਫ ਜੱਸੂ ਪੁੱਤਰ ਰਾਜ ਸਿੰਘ ਵਾਸੀਅਨ ਭੁੱਚੋ ਕਲਾਂ ,ਲਛਮਣ ਸਿੰਘ ਉਰਫ ਬੱਬੂ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਕਲਿਆਣ ਸੱਦਾ,ਲਵਪ੍ਰੀਤ ਸਿੰਘ ਉਰਫ ਹੈਪੀ ਅਤੇ ਜਗਜੀਤ ਸਿੰਘ ਉਰਫ ਬੱਲੇ ਬੱਲੇ ਨੂੰ ਗਿ੍ਰਫਤਾਰ ਕੀਤਾ ਹੈ। ਥਾਣਾ ਨਥਾਣਾ ਪੁਲਿਸ ਨੇ ਇੰਨਾਂ ਛੇਆਂ ਮੁਲਜਮਾਂ ਖਿਲਾਫ ਧਾਰਾ 399,402 ,379ਬੀ,379 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ। ਮਹੱਤਵਪੂਰਨ ਤੱਥ ਹੈ ਕਿ ਇਸ ਗਿਰੋਹ ’ਚ ਚੜਦੀ ਉਮਰ ਦੇ ਨੌਜਵਾਨ ਹਨ ਜੋ ਨਸ਼ਿਆਂ ਦੀ ਤਲਬ ਮਿਟਾਉਣ ਲਈ ਜੁਰਮ ਦੇ ਰਾਹ ਪੈ ਗਏ ਹਨ। ਇਹ ਗਿਰੋਹ ਪਿਛਲੇ ਕਾਫੀ ਸਮੇ ਤੋਂ ਸਰਗਰਮ ਸੀ ਅਤੇ ਮੁਲਜਮਾਂ ਨੇ ਪੁਲਿਸ ਕੋਲ ਪੰਜਾਬ ਅਤੇ ਹਰਿਆਣਾ ’ਚ14 ਵਾਰਦਾਤਾਂ ਕਰਨ ਦੀ ਗੱਲ ਮੰਨ ਲਈ ਹੈ ।
ਇਸੇ ਤਰਾਂ ਹੀ ਪੁਲਿਸ ਨੇ ਬੈਂਕ ਅਤੇ ਏਟੀਐਮ ਲੁੱਟਣ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ ਕੀਤੇ ਹਨ। ਇਹਨਾਂ ਮੁਲਜਮਾਂ ’ਚ ਕਰਮਚੰਦ ਉਰਡ ਕੰਨੂ ਪੁੱਤਰ ਮਥਰਾ ਦਾਸ ਤੇ ਅਲੀਸ਼ੇਰ ਉਰਫ ਅਲੀ ਪੁੱਤਰ ਰਮਜਾਨ ਖਾਨ ਵਾਸੀਅਨ ਦਿਆਲਪੁਰਾ ਮਿਰਜਾ,ਜੁਗਰਾਜ ਸਿੰਘ ਪੁੱਤਰ ਸੇਵਕ ਸਿੰਘ ਵਾਸੀਆਕਲੀਆ ਜਲਾਲ ਅਤੇ ਨਿਰਮਲ ਸਿੰਘ ਉਰਫ ਨਿੰਮਾਂ ਪੁੱਤਰ ਇਕਬਾਲ ਸਿੰਘਵਾਸੀਕਲਿਆਣ ਸੁੱਖਾ ਸ਼ਾਮਲ ਹਨ। ਥਾਣਾ ਦਿਆਲਪੁਰਾ ਪੁਲਿਸ ਨੇ ਇਸ ਸਬੰਧ ’ਚ 399,402,411 ਅਤੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਆਈ ਜੀ ਨੇ ਦੱਸਿਆ ਕਿ ਮੁਲਜਮਾਂ ਨੇ ਮੁਢਲੀ ਪੁੱਛਗਿਛ ਦੌਰਾਨ ਬਠਿੰਡਾ ਅਤੇ ਮੁਕਤਸਰ ’ਚ ਛੇ ਵਾਰਦਾਤਾਂ ਮੰਨੀਆਂ ਹਨ।
ਇਸ ਗਿਰੋਹ ਕੋਲੋਂ ਪਿਸਤੌਲ 315 ਬੋਰ ਤੇ ਦੋ ਕਾਰਤੂਸ, ਲੁੱਟ ਦੇ ਡੇਢ ਲੱਖ ਰੁਪਏ,ਏਅਰ ਪਿਸਟਲ ,ਕਾਪਾ ,ਘੋਪ ,ਕਿਰਪਾਨ ,ਸੱਬਲ,ਸਕਾਰਪੀਓ ਗੱਡੀ,ਹੌਡਾ ਸਿਟੀ ਕਾਰ ਤੇ ਡਬਲ ਪਾਈਪ ਵਾਲਾ ਗੈਸ ਕਟਰ ਬਰਾਮਦ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਗਿਰੋਹ ਬੈਂਕ ਅਤੇ ਏਟੀਐਮ ਲੁੱਟਣ ਦੀ ਤਿਆਰੀ ਕਰ ਰਿਹਾ ਸੀ ਤਾਂ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਦਬੋਚ ਲਿਆ। ਪੁਲਿਸ ਨੂੰ ਪੁੱਛ ਪੜਤਾਲ ਦੌਰਾਨ ਹੋਰ ਵੀ ਖੁਲਾਸਿਆਂ ਦੀ ਉਮੀਦ ਹੈ। ਇਸ ਮੌਕੇ ਐਸ.ਪੀ.ਡੀ ਗੁਰਵਿੰਦਰ ਸਿੰਘ ਸੰਘਾ ਤੇ ਸੀ.ਆਈ.ਏ.ਸਟਾਫ ਦੇ ਇੰਚਾਰਜ ਇੰਸਪੈਕਟਰ ਰਜਿੰਦਰ ਕੁਮਾਰ ਹਾਜਰ ਸਨ।