ਰਜਨੀ ਵਾਲੀਆ
ਮੈਂ ਸੁਪਨੇਂ ਪਾਲੇ ਸਨ ਕਈ ਹਜ਼ਾਰਾਂ,
ਤੇ ਕਿਉਂ ਉਹਨਾਂ ਨੂੰ ਪਈਆਂ ਮਾਰਾਂ |
ਕਾਸ਼ ਨਾ ਹੁੰਦੀ ਜੇ ਮਾੜੀ ਨੀਤੀ,
ਜੀ ਤਾਂ ਕਰਦੈ ਭਾਈਚਾਰਾ ਹੁੰਦਾ |
ਮੁਹੱਬਤ ਹੁੰਦੀ ਹਰ ਇੱਕ ਦਿਲ ਵਿੱਚ,
ਤੇ ਏਥੇ ਸਭ ਦਾ ਕੋਈ ਪਿਆਰਾ ਹੁੰਦਾ |
ਬੈਠਕੂ ਖਾਂਦੇ ਸਭ ਵੰਡ-ਤਰੰਡ ਕੇ,
ਭਾਵੇਂ ਜਿੱਦਾਂ ਮਰਜੀ ਗੁਜ਼ਾਰਾ ਹੁੰਦਾ |
ਜੀ ਆਇਆਂ ਨੂੰ ਬਚਿਆ ਰਹਿੰਦਾ,
ਨੀ ਚਾਹੇ ਛੰਨ ਦਾ ਢਾਰਾ ਹੁੰਦਾ |
ਪਿੰਡ ਕੁੜੀਆਂ ਦੇ ਲਈ ਵੰਗਾਂ ਵੇਚਦਾ,
ਨੀ ਗਲੀਆਂ ਦੇ ਵਿੱਚ ਵਣਜਾਰਾ ਹੁੰਦਾ |
ਵੇ ਕੁੱਲ ਆਲਮ ਤੇ ਮੇਰੇ ਮਾਲਕਾ,
ਕਾਸ਼ ਤੇਰਾ ਹੀ ਬਸ ਪਸਾਰਾ ਹੁੰਦਾ |
ਨਾ ਸਾਰੇ ਈ ਜਾਨ ਬਚਾਉਂਦੇ ਫਿਰਦੇ,
ਤੇ ਨਾ ਹੀ ਕੋਈ ਹਤਿਆਰਾ ਹੁੰਦਾ |
ਦੰਗਲ ਦੇ ਵਿੱਚ ਨਸ਼ਾ ਨਾ ਹੁੰਦਾ,
ਦੰਗਲ ਦੇ ਵਿੱਚ ਦਾਰਾ ਹੁੰਦਾ |
ਨੀ ਕਾਸ਼ ਕਿਤੇ ਮੇਰੇ ਵਤਨ ਨੂੰ,
ਨਾ ਲੱਗਿਆ ਵੰਡ ਕਸਾਰਾ ਹੁੰਦਾ |
ਜਿਹੜਾ ਨਹੀਂ ਸੀ ਖੋਟ ਮਿਲਾਉਂਦਾ,
ਉਹ ਹੱਟ ਉੱਤੇ ਸੁਨਿਆਰਾ ਹੁੰਦਾ |
ਸੱਥ ਹੁੰਦੀ ਇੱਕ ਪਿੰਡ ਦੀ ਸਾਂਝੀ,
ਤੇ ਸਾਂਝਾ ਈ ਇੱਕ ਚੁਬਾਰਾ ਹੁੰਦਾ |
ਮਰ ਜਾਓ ਏਥੇ ਕੋਈ ਨਾ ਕਰਦਾ,
ਜੀਓ ਜਿਉਣ ਦਿਓ ਨਾਅਰਾ ਹੁੰਦਾ |
ਪੁੱਤਰ ਹੋ ਕੋਈ ਨਸੇ਼ ਨਾ ਕਰਦਾ,
ਮਾਂ-ਪਿਉ ਦਾ ਬਸ ਸਹਾਰਾ ਹੁੰਦਾ |
ਨੀ ਭੈਣ ਦੇ ਹੱਥੋਂ ਗੁੱਟ ਨਾ ਛੁੱਟਦਾ,
ਤੇ ਮਾਂ ਦੀ ਅੱਖ ਚ ਨਾ ਖਾਰਾ ਹੁੰਦਾ |
ਸੀ ਮੁਲਕ ਨੇ ਬਹੁਤ ਤਰੱਕੀ ਕਰਨੀ,
ਰਜਨੀ ਜੇਕਰ ਨਾ ਬਟਵਾਰਾ ਹੁੰਦਾ |