ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਕੋਰੋਨਾ ਵਾਇਰਸ ਨੂੰ ਲਾਗ ਦੀ ਬਿਮਾਰੀ ਕਿਹਾ ਜਾਂਦਾ ਹੈ ਕਿਉਂਕਿ ਇਸ ਨਾਲ ਪੀੜਿਤ ਇੱਕ ਵਿਅਕਤੀ ਦੇ ਸੰਪਰਕ ਵਿੱਚ ਆਉਣ ਵਾਲੇ ਹੋਰਾਂ ਨੂੰ ਵੀ ਇਹ ਬਿਮਾਰੀ ਪ੍ਰਭਾਵਿਤ ਕਰਦੀ ਹੈ। ਜੋ ਲੋਕ ਕੋਰੋਨਾ ਪੀੜਿਤ ਮਰੀਜ਼ ਦੇ ਸੰਪਰਕ ਵਿੱਚ ਆਉਂਦੇ ਹਨ ਉਹਨਾਂ ਨੂੰ ਵੀ ਇਸ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ। ਅਜਿਹਾ ਹੀ ਲਾਗ ਦਾ ਇੱਕ ਮਾਮਲਾ ਗਲਾਸਗੋ ਅੱਗ ਬੁਝਾਊ ਵਿਭਾਗ ਵਿੱਚ ਹੋਇਆ ਹੈ। ਜਿੱਥੇ ਇੱਕ ਪੀੜਿਤ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਪੰਜ ਹੋਰ ਕਾਮੇ ਆਪਣੇ ਆਪ ਨੂੰ ਇਕਾਂਤਵਾਸ ਕਰ ਰਹੇ ਹਨ। ਇਹ ਮਾਮਲਾ ਮੈਰੀਹਿਲ ਫਾਇਰ ਸਟੇਸ਼ਨ ਗਲਾਸਗੋ ਵਿੱਚ ਹੋਇਆ ਹੈ। ਸਕਾਟਿਸ਼ ਫਾਇਰ ਐਂਡ ਰੈਸਕਿਊ ਸੇਵਾ ਦੇ ਗਲਾਸਗੋ ਸਿਟੀ ਲਈ ਸਥਾਨਕ ਸੀਨੀਅਰ ਅਧਿਕਾਰੀ ਰੌਡੀ ਕੀਥ ਅਨੁਸਾਰ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਇਸਦੇ ਇਲਾਵਾ ਇਸ ਪ੍ਰਕੋਪ ਦੇ ਬਾਵਜੂਦ ਵੀ ਇਸ ਫਾਇਰ ਸਟੇਸ਼ਨ ਦੁਆਰਾ ਸਾਰੇ ਖੇਤਰ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਜਾਰੀ ਰੱਖਿਆ ਜਾ ਰਿਹਾ ਹੈ। ਇਨ੍ਹਾਂ ਕਾਮਿਆਂ ਦੀ ਅਗਲੇ ਹਫਤੇ ਤੱਕ ਵਾਪਿਸ ਕੰਮ ‘ਤੇ ਆ ਜਾਣ ਦੀ ਉਮੀਦ ਹੈ।