ਰਜਨੀ ਵਾਲੀਆ
ਸਖੀਏ ਜਦੋਂ ਦੇ ਵੰਡੇ ਗਏ ਪੰਜ ਆਬ,
ਉਦੋਂ ਦੇ ਹੀ ਸਭ ਟੁੱਟ ਗਏ ਖੁਆਬ |
ਸਖੀਏ ਜਦੋਂ ਦੇ ਵੰਡੇ ਗਏ ਪੰਜ ਆਬ,
ਹੋ ਗਏ ਜਮਾਂ ਨੇ ਕਈ ਸਵਾਲ,
ਆਉਂਦੇ ਨਜ਼ਰੀ ਪੈਣ ਭੁਚਾਲ,
ਇੱਕ ਦਾ ਵੀ ਨਹੀਂ ਮਿਲਿਆ ਜਵਾਬ |
ਸਖੀਏ ਜਦੋਂ ਦੇ ਵੰਡੇ ਗਏ ਪੰਜ ਆਬ,
ਵੱਖ ਭਾਈਆਂ ਤੋਂ ਭਾਈ ਹੋ ਗਏ,
ਨੀ ਅੱਖੀਆਂ ਵਿੱਚੋਂ ਹੰਝੂ ਚੋ ਗਏ,
ਤੇ ਵੰਡੇ ਗਏ ਸਭ ਖੇਤ ਜਨਾਬ |
ਸਖੀਏ ਜਦੋਂ ਦੇ ਵੰਡੇ ਗਏ ਪੰਜ ਆਬ,
ਖਿੜਿਆ ਜਾਪੇ ਫੁੱਲ ਬਾਗਾਂ ਵਿੱਚ,
ਬੇਸੁਰ ਹੋਇਆ ਰਾਗ ਰਾਗਾਂ ਵਿੱਚ,
ਪਰ ਮਹਿਕ ਵਿਹੂਣਾ ਫਿਰੇ ਗੁਲਾਬ |
ਸਖੀਏ ਜਦੋਂ ਦੇ ਵੰਡੇ ਗਏ ਪੰਜ ਆਬ,
ਨਾਸ ਵੱਜਣਿਆਂ ਦੋ ਟੋਟੇ ਕਰ ਦਿੱਤੇ,
ਨੀ ਦਿਲ ਵੱਡੇ ਸਨ ਛੋਟੇ ਕਰ ਦਿੱਤੇ,
ਦੱਸੋ ਕਿਸਨੂੰ ਕਹਾਂ ਏ ਮੇਰਾ ਪੰਜਾਬ |
ਸਖੀਏ ਜਦੋਂ ਦੇ ਵੰਡੇ ਗਏ ਪੰਜ ਆਬ,
ਫਿਰੰਗੀਆਂ ਦੀ ਸੀ ਮਾੜੀ ਨੀਤੀ,
ਘਟ ਗਈ ਸਭਨਾਂ ਦੇ ਦਿਲੋਂ ਪੀ੍ਤੀ,
ਤੇ ਸਦਾ ਹੀ ਰਹੀ ਏ ਸੋਚ ਖਰਾਬ |
ਸਖੀਏ ਜਦੋਂ ਦੇ ਵੰਡੇ ਗਏ ਪੰਜ ਆਬ,
ਨਸਿ਼ਆਂ ਦੀਆਂ ਹੁਣ ਨਹਿਰਾਂ ਵਗਦੀਆਂ,
ਪਾਣੀਂ ਵਿੱਚ ਵੀ ਨੇਂ ਜ਼ਹਿਰਾਂ ਵਗਦੀਆਂ,
ਦੁੱਧਾਂ ਮੱਖਣਾਂ ਵਾਲਾ ਬਣ ਗਿਆ ਸ਼ਰਾਬ |
ਸਖੀਏ ਜਦੋਂ ਦੇ ਵੰਡੇ ਗਏ ਪੰਜ ਆਬ,
ਕਿਉਂ ਲੱਭਦੇ ਨਾ ਖੇਤਾਂ ਵਿੱਚ ਹਾਲੀ,
ਰਜਨੀ ਭਾਈਆਂ ਤੇ ਭਾਈਚਾਰੇ ਵਾਲੀ,
ਹੁਣ ਟੁੱਟ ਗਈ ਏ ਬਸ ਰਬਾਬ |
ਸਖੀਏ ਜਦੋਂ ਦੇ ਵੰਡੇ ਗਏ ਪੰਜ ਆਬ,