ਅਸ਼ੋਕ ਵਰਮਾ
ਬਠਿੰਡਾ, 16ਅਕਤੂਬਰ2020: ਸਿਵਲ ਹਸਪਤਾਲ ਬਠਿੰਡਾ ਵਿਚ ਇੱਕ ਔਰਤ ਅਤੇ ਇੱਕ ਬੱਚੇ ਨੂੰ ਐਚਆਈਵੀ ਪਾਜ਼ਿਟਿਵ ਦਾ ਖੂਨ ਚੜਾਉਣ ਦੇ ਮਾਮਲੇ ’ਚ ਬਠਿੰਡਾ ਦੇ ਥਾਣਾ ਕੋਤਵਾਲੀ ਪੁਲਿਸ ਵੱਲੋਂ ਮੈਡੀਕਲ ਲੈਬ ਤਕਨੀਸ਼ਅਨ ਬਲਦੇਵ ਸਿੰਘ ਰੋਮਾਣਾ ਖਿਲਾਫ ਧਾਰਾ 269 ,270 ਤਹਿਤਦਰਜ ਮੁਕੱਦਮੇ ’ਚ ਹੁਣ ਇਰਾਦਾ ਕਤਲ ਦੀ ਧਾਰਾ ਜੋੜ ਦਿੱਤੀ ਹੈ।ਰੋਮਾਣਾ ਨੂੰ ਸਿਵਲ ਸਰਜਨ ਬਠਿੰਡਾ ਵੱਲੋਂ ਪੁਲਿਸ ਨੂੰ ਲਿਖੇ ਪੱਤਰ ਦੇ ਅਧਾਰ ਤੇ ਪੁਲਿਸ ਨੇ ਨਾਮਜਦ ਕੀਤਾ ਸੀ। ਪੁਲਿਸ ਦੀ ਤਾਜਾ ਕਾਰਵਾਈ ਨਾਲ ਮੁਲਜਮ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਮਾਮਲਾ ਅਦਾਲਤ ’ਚ ਸਿੱਧ ਹੋ ਜਾਂਦਾ ਹੈ ਤਾਂ ਉਸ ਨੂੰ ਵੱਡੀ ਸਜਾ ਹੋ ਸਕਦੀ ਹੈ। ਗੌਰਤਲਬ ਹੈ ਕਿ ਸਿਵਲ ਹਸਪਤਾਲ ਦੇ ਐਸਐਮਓ ਵੱਲੋਂ ਬਣਾਈ ਕਮੇਟੀ ਦੀ ਜਾਂਚ ’ਚ ਇਹ ਸਾਹਮਣੇ ਆਇਆ ਸੀ ਕਿ ਮੁਲਜਮ ਦੇ ਆਪਣੇ ਬੀਟੀਓ ਅਤੇ ਐਲਟੀ ਖਾਸ ਤੌਰ ਤੇ ਰਿਚੂ ਗੋਇਲ ਨਾਲ ਸਬੰਧ ਸੁਖਾਵੇਂ ਨਹੀਂ ਸਨ।
ਬਲਦੇਵ ਸਿੰਘ ਰੋਮਾਣਾ ਨੇ ਆਪਣੀ ਨਿੱਜੀ ਰੰਜਿਸ਼ ਕੱਢਣ ਖਾਤਰ ਆਪਣੇ ਮੋਬਾਇਲ ਰਾਹੀਂ ਇੱਕ ਵਿਅਕਤੀ ਨੂੰ ਖੂਨਦਾਨ ਦੇਣ ਲਈ ਬੁਲਾਇਆ ਸੀ ਜੋਕਿ ਏਡਜ਼ ਪੀੜਤ ਸੀ।ਜਾਣਕਾਰੀ ਅਨੁਸਾਰ ਲੰਘੀ 3 ਅਕਤੂਬਰ ਇਹੋ ਖੂਨ ਚਿਲਡਰਨ ਹਸਪਤਾਲ ਬਠਿੰਡਾ ਵਿਖੇ ਥੈਲੀਸੀਮੀਆਂ ਤੋਂ ਪੀੜਤ ਬੱਚੀ ਨੂੰ ਲਗਾ ਦਿੱਤਾ ਗਿਆ ਜਿਸ ਬਾਰੇ ਮੁਲਜਮ ਨੂੰ ਜਾਣਕਾਰੀ ਸੀ। ਰਿਪੋਰਟ ’ਚ ਸਾਹਮਣੇ ਆਇਆ ਹੈ ਕਿ ਬਲੱਡ ਬੈਂਕ ਨੂੰ ਖੂਨ ਦੇ ਏਡਜ਼ ਪੀੜਤ ਹੋਣ ਅਤੇ ਔਰਤ ਨੂੰ ਖੂਨ ਚੜਾਉਣ ਬਾਰੇ ਪਤਾ ਲੱਗ ਗਿਆ ਸੀ। ਇਸ ਦੇ ਬਾਵਜੂਦ ਵੀ ਨਾਂ ਤਾਂ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਨਾਂ ਹੀ ਔਰਤ ਦੀ ਜਿੰਦਗੀ ਦਾ ਖਿਆਲ ਰੱਖਿਆ। ਰਿਪੋਰਟ ਅਨੁਸਾਰ ਜੇਕਰ ਉਸ ਨੇ ਅਧਿਕਾਰੀਆਂ ਕੋਲ ਖੁਲਾਸਾ ਕਰ ਦਿੱਤਾ ਹੁੰਦਾ ਤਾਂ ਇੱਕ ਬਹੁਤ ਹੀ ਘਿਨਾਉਣੇ ਕਾਂਡ ਨੂੰ ਰੋਕਿਆ ਜਾ ਸਕਦਾ ਸੀ। ਇਸ ਮਾਮਲੇ ’ਚ ਸਿਹਤ ਮੰਤਰੀ ਵੱਲੋਂ ਬਲੱਡ ਬੈਂਕ ਦੇ ਤਿੰਨਾਂ ਮੁਲਾਜਮਾਂ ਨੂੰ ਮੁਅੱਤਲ ਕਰਕੇ ਪੁਲਿਸ ਕੇਸ ਦਰਜ ਕਰਵਾਉਣ ਦੇ ਆਦੇਸ਼ ਦਿੱਤੇ ਸਨ।
ਓਧਰ ਸਿਵਲ ਹਸਪਤਾਲ ਪੁਲਿਸ ਚੌਂਕੀ ਦੇ ਏਐਸਆਈ ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਮੁਲਜਮ ਬਲਦੇਵ ਸਿੰਘ ਰੋਮਾਣਾ ਖਿਲਾਫ ਦਰਜ ਮਾਮਲੇ ’ਚ ਧਾਰਾ 307 ਦਾ ਵਾਧਾ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਅਜੇ ਕੇਸ ਸਬੰਧੀ ਕਾਰਵਾਈ ਚੱਲ ਰਹੀ ਹੈ। ਉਨਾਂ ਦੱਸਿਆ ਕਿ ਮਾਮਲੇ ਦੀ ਤਹਿ ਤੱਕ ਜਾਣ ਲਈ ਡੂੰਘਾਈ ਨਾਲ ਪੜਤਾਲ ਕੀਤੀ ਜਾਏਗੀ।
ਮੁਲਜਮ ਖੁਦ ਹੀ ਪੁਲਿਸ ਦੇ ਸ਼ਿਕੰਜੇ ’ਚ ਆਇਆ
ਮੁਲਜਮ ਬਲਦੇਵ ਸਿੰਘ ਰੋਮਾਣਾ ਖੁਦ ਹੀ ਪੁਲਿਸ ਦੇ ਸ਼ਿਕੰਜੇ ’ਚ ਆ ਗਿਆ ਹੈ। ਸੂਤਰ ਦੱਸਦੇ ਹਨ ਕਿ ਰੋਮਾਣਾ ਇਸ ਮਾਮਲੇ ’ਚ ਅੱਜ ਆਪਣੇ ਕੁੱਝ ਹਮਾਇਤੀ ਸਾਥੀਆਂ ਨਾਲ ਪੁਲਿਸ ਚੌਂਕੀ ਗਿਆ ਸੀ। ਦੱਸਿਆ ਜਾਂਦਾ ਹੈ ਕਿ ਉਸ ਨੂੰ ਜਮਾਨਤ ਦੀ ਝਾਕ ਸੀ ਪਰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਉਸ ਨੂੰ ਪੁੱਛਗਿਛ ਲਈ ਰੋਕ ਲਿਆ। ਓਧਰ ਡੀਐਸਪੀ ਸਿਟੀ ਗੁਰਜੀਤ ਸਿੰਘ ਰੋਮਾਣਾ ਦਾ ਕਹਿਣਾ ਸੀ ਕਿ ਬਲਦੇਵ ਸਿੰਘ ਰੋਮਾਣਾ ਨੂੰ ਗਿ੍ਰਫਤਾਰ ਕਰ ਲਿਆ ਹੈ।
ਪੀੜਤਾਂ ਲਈ ਮੁਆਵਜੇ ਦੀ ਮੰਗ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਦੁੱਖ ਦੀ ਗੱਲ ਹੈ ਕਿ ਆਪਣੀ ਜਾਤੀ ਰੰਜਿਸ਼ ਲਈ ਇੱਥ ਔਰਤ ਅਤੇ ਇੱਕ ਮਾਸੂਮ ਬੱਚੀ ਨੂੰੂ ਮੌਤ ਦੇ ਮੂੰਹ ’ਚ ਧੱਕ ਦਿੱਤਾ ਗਿਆ ਹੈ। ਉਨਾਂ ਆਖਿਆ ਕਿ ਵੱਡੀ ਗੱਲ ਬਲੱਡ ਬੈਂਕ ਅਤੇ ਮੁਲਾਜਮਾਂ ਦਾ ਵਕਾਰ ਦਾਅ ਤੇ ਲੱਗ ਗਿਆ ਹੈ ਕਿਉਂਕਿ ਇਲਾਜ ਲਈ ਆਉਣ ਵਾਲੇ ਮਰੀਜ ਹਰ ਕਿਸੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗੇ ਹਨ। ਉਨਾਂ ਆਖਿਆ ਕਿ ਜਿੰਦਗੀ ਬਚਾਉਣ ਲਈ ਆਉਣ ਵਾਲੇ ਮਰੀਜ ਤਾਂ ਏਨਾਂ ਡਰ ਗਏ ਹਨ ਕਿ ਮੁਲਾਜਮਾਂ ਦੇ ਵਤੀਰੇ ਕਾਰਨ ਕੋਈ ਵਿਅਕਤੀ ਹਮੇਸ਼ਾ ਲਈ ਰੋਗੀ ਬਣ ਸਕਦਾ ਹੈ। ਉਨਾਂ ਪੰਜਾਬ ਸਰਕਾਰ ਤੋਂ ਪੀੜਤ ਵਿਅਕਤੀਆਂ ਨੂੰ ਢੁੱਕਵਾਂ ਮੁਆਵਜਾ ਦੇਣ ਦੀ ਮੰਗ ਕੀਤੀ ਹੈ।