10.5 C
United Kingdom
Monday, April 21, 2025

More

    ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਡਾ. ਪੁਆਰ ਅਤੇ ਹੰਸਾ ਸਿੰਘ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

    (ਹਰਜੀਤ ਲਸਾੜਾ, ਬ੍ਰਿਸਬੇਨ 16 ਅਕਤੂਬਰ)

    ਇੱਥੇ ਮਾਂ ਬੋਲੀ ਪੰਜਾਬੀ ਲਈ ਜ਼ਮੀਨੀ ਪੱਧਰ ‘ਤੇ ਕਿਰਿਆਸ਼ੀਲ ਸੰਸਥਾ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਦੀ ਚਲੰਤ ਮਾਮਲਿਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਜਿਸ ਵਿੱਚ ਪੰਜਾਬੀ ਦੇ ਪਸਾਰੇ ਲਈ ਪਹਿਲਾਂ ਤੋਂ ਚਲਦੇ ਕੰਮਾਂ ਬਾਰੇ ਗੱਲਬਾਤ ਅਤੇ ਭਵਿੱਖੀ ਵਿਉਂਤਬੰਦੀ ਕੀਤੀ ਗਈ। ਪੰਜਾਬੀ ਸਕੂਲ ਦੀਆਂ ਕਲਾਸਾਂ ਦੀ ਲਗਾਤਾਰਤਾ ਨੂੰ ਬਰਕਰਾਰ ਰੱਖਣ ਲਈ ਸਭਾ ਦੀ ਕਾਰਜਕਾਰਨੀ ਕਮੇਟੀ ਨੇ ਸਭਾ ਦੇ ਸਮੂਹ ਮੈਂਬਰਾਂ ਦੇ ਯੋਗਦਾਨ ਤੇ ਸਭਾ ਦੇ ਟੀਚਿਆਂ ਵੱਲ ਵਧਦੇ ਕਦਮ ,ਚਰਚਾ ਦਾ ਵਿਸ਼ਾ ਰਹੇ। ਇਸ ਉਪਰੰਤ ਨਾਮਵਰ ਭਾਸ਼ਾ ਵਿਗਿਆਨੀ ਤੇ ਸਾਹਿਤ ਚਿੰਤਕ ਡਾ. ਜੁਗਿੰਦਰ ਸਿੰਘ ਪੁਆਰ ਅਤੇ ਉੱਘੇ ਰੰਗ-ਕਰਮੀ ਹੰਸਾ ਸਿੰਘ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁੱਖ ਪ੍ਰਗਟਾਇਆ ਗਿਆ। ਜਨਰਲ ਸਕੱਤਰ ਹਰਮਨਦੀਪ ਗਿੱਲ ਨੇ ਕਿਹਾ ਕਿ ਡਾ. ਪੁਆਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਵਜੋਂ ਉੱਚ ਅਕਾਦਮਿਕ ਜ਼ਿੰਮੇਵਾਰੀਆਂ ਨਿਭਾਉਂਦੇ ਸਮੇਂ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪਾਸਾਰ ਲਈ ਵਿਲੱਖਣ ਕੰਮ ਕੀਤਾ ਹੈ।
    ਡਾ. ਪੁਆਰ ਜੀ ਦੁਆਰਾ ਪੰਜਾਬੀ ਭਾਸ਼ਾ ਅਤੇ ਖ਼ਾਸ ਕਰਕੇ ਪੰਜਾਬੀ ਵਿਆਕਰਨ ਬਾਰੇ ਮਹੱਤਵਪੂਰਨ ਪੁਸਤਕਾਂ ਲਿਖੀਆਂ ਗਈਆਂ ਹਨ। ਉਹ ਬਹੁਤ ਅਨੁਸ਼ਾਸਿਤ ਕਿਸਮ ਦੇ ਖੋਜੀ ਅਤੇ ਅਧਿਆਪਕ ਸਨ ਅਤੇ ਉਨ੍ਹਾਂ ਨੇ ‘ਦੇਸ਼ ਸੇਵਕ’ ਅਖ਼ਬਾਰ ਵਿੱਚ ਵੀ ਕੁਝ ਅਰਸਾ ਸੰਪਾਦਕ ਵਜੋਂ ਕੰਮ ਕੀਤਾ। ਮੀਤ ਸਕੱਤਰ ਹਰਜੀਤ ਕੌਰ ਸੰਧੂ ਨੇ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਅਤੇ ਰੰਗਕਰਮੀ ਹੰਸਾ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਮਰਹੂਮ ਦੀ ਨਾਟ-ਟੋਲੀ ਪੰਜਾਬ ਸੰਕਟ ਦੇ ਦਿਨਾਂ ਵਿੱਚ ਵੀ ਪਿੰਡ ਪਿੰਡ ਨਾਟਕ ਖੇਡ ਕੇ ਪੰਜਾਬੀ ਤੇ ਰੰਗਮੰਚ ਦੀ ਲਹਿਰ ਨੂੰ ਮਜ਼ਬੂਤ ਕਰਦੇ ਰਹੇ ਹਨ। ਇਸ ਮੌਕੇ ਸੰਸਥਾ ਪ੍ਰਧਾਨ ਜਸਵੰਤ ਸਿੰਘ ਵਾਗਲਾ, ਮੀਤ ਪ੍ਰਧਾਨ ਕਵੀ/ਗੀਤਕਾਰ ਸੁਰਜੀਤ ਸੰਧੂ, ਖਜ਼ਾਨਚੀ ਵਰਿੰਦਰ ਅਲੀਸ਼ੇਰ ਅਤੇ ਦਿਲਜੀਤ ਸਿੰਘ ਨੇ ਕਿਹਾ ਕਿ ਡਾ. ਪੁਆਰ ਤੇ ਰੰਗਕਰਮੀ ਹੰਸਾ ਸਿੰਘ ਦੇ ਸਵਰਗਵਾਸ ਹੋ ਜਾਣ ਨਾਲ ਅਸੀਂ ਇੱਕ ਉੱਘੇ ਭਾਸ਼ਾ ਵਿਗਿਆਨੀ ਅਤੇ ਨਾਟਕਕਾਰ ਤੇ ਰੰਗਕਰਮੀ ਤੋਂ ਵਾਂਝੇ ਹੋ ਗਏ ਹਾਂ। ਹਾਜ਼ਰੀਨ ਵੱਲੋਂ ਸਦੀਵੀ ਵਿਛੋੜਾ ਦੇ ਗਏ ਦੋਵੇਂ ਲੇਖਕਾਂ ਦੇ ਪਰਿਵਾਰਾਂ ਅਤੇ ਸਨੇਹੀਆਂ ਨਾਲ ਹਮਦਰਦੀ ਤੇ ਗਹਿਰਾ ਦੁੱਖ ਪ੍ਰਗਟਾਉਂਦਿਆਂ ਵਿਛੜੀਆ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!