14.1 C
United Kingdom
Sunday, April 20, 2025

More

    ਅੰਗਰੇਜੀ ਨਹੀਂ ਤਾਂ ਸਥਾਈ ਨਿਵਾਸ ਵੀ ਨਹੀਂ : ਆਸਟ੍ਰੇਲੀਆ

    2021 ਦੇ ਅਖੀਰ ਵਿਚ ਆਸਟਰੇਲੀਆਈ ਸਹਿਭਾਗੀ ਵੀਜ਼ਾ ਲਈ ਨਵੇਂ ਨਿਯਮ ਜਾਰੀ
    ਵਿਰੋਧੀ ਧਿਰਾਂ, ਸੰਸਥਾਵਾਂ ਅਤੇ ਭਾਰਤੀ ਭਾਈਚਾਰੇ ਵੱਲੋਂ ਨਿਖੇਧੀ
    (ਹਰਜੀਤ ਲਸਾੜਾ, ਬ੍ਰਿਸਬੇਨ 15 ਅਕਤੂਬਰ)

    ਇੱਥੇ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੂਜ ਨੇ ਕਿਹਾ ਕਿ ਹੁਣ ਆਸਟਰੇਲੀਆ ਦੇ ਸਹਿਭਾਗੀ (ਪਾਰਟਨਰ) ਵੀਜ਼ਾ ਬਿਨੈਕਾਰ ਅਤੇ ਉਨ੍ਹਾਂ ਦੇ ਸਥਾਈ ਨਿਵਾਸੀ ਸਪਾਂਸਰਾਂ ਲਈ ਨਵੇਂ ਨਿਯਮਾਂ ਤਹਿਤ ਕਾਰਜਸ਼ੀਲ ਪੱਧਰ ਦੀ ਅੰਗਰੇਜੀ ਭਾਸ਼ਾ ਦਾ ਗਿਆਨ ਜਾਂ ਇਹ ਪ੍ਰਦਰਸ਼ਿਤ ਕਰਨ ਦੀ ਜ਼ਰੂਰਤ ਹੋਏਗੀ ਕਿ ਉਨ੍ਹਾਂ ਨੇ ਅਗਲੇ ਸਾਲ ਦੇ ਅੱਧ ਤੋਂ ਅੰਗਰੇਜੀ ਭਾਸ਼ਾ ਸਿੱਖਣ ਲਈ ਉਚਿਤ ਯਤਨ ਕੀਤੇ ਹਨ। ਮੌਰੀਸਨ ਸਰਕਾਰ ਦਾ ਮੰਨਣਾ ਹੈ ਕਿ ਇਸ ਨਵੀਂ ਨੀਤੀ ਨਾਲ ਮਹਾਂਮਾਰੀ ਤੋਂ ਬਾਅਦ ਦੇ ਆਸਟਰੇਲੀਆ ਵਿਚ ਪਰਵਾਸੀਆਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ
    ਮੁਹੱਈਆ ਕਰਾਏ ਜਾ ਸਕਣਗੇ। ਇਹ ਨਵੀਂ ਨੀਤੀ 2021 ਦੇ ਅਖੀਰ ਵਿੱਚ ਲਾਗੂ ਹੋਣ ਦੀ ਸੰਭਾਵਨਾ ਹੈ। ਵਿਰੋਧੀ ਧਿਰ ਲੇਬਰ ਅਤੇ ਗਰੀਨ ਨੇ ਇਸ ਨਵੇਂ ਕਨੂੰਨ ਨੂੰਸਮਾਜਿਕ ਅਤੇ ਪਰਿਵਾਰਕ ਨਜ਼ਰੀਏ ਤੋਂ ਮਨੁੱਖਤਾ ਵਿਰੋਧੀ ਕਹਿ ਸਰਕਾਰ ਨੂੰ ਭਾਈਵਾਲ ਵੀਜ਼ਾ ਅਰਜ਼ੀ ਦੇ ਬੈਕਲਾਗ ਨੂੰ ਸਾਫ ਕਰਨ ‘ਤੇ ਧਿਆਨ ਦੇਣ ਦੀ ਨਸੀਹਤ ਦਿੱਤੀ ਹੈ। ਮੰਤਰੀ ਟੂਜ ਨੇ ਵੀਰਵਾਰ ਨੂੰ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ, “ਅਸੀਂ ਇਹ ਵੀ ਜਾਣਦੇ ਹਾਂ ਕਿ ਅੰਗਰੇਜੀ ਭਾਸ਼ਾ ਦੀ ਲੋੜੀਂਦੀ ਮੁਹਾਰਤ ਤੋਂ ਬਿਨਾਂ ਪਰਵਾਸੀ ਵਿਸ਼ੇਸ਼ ਤੌਰ ‘ਤੇ ਪਰਿਵਾਰਕ ਹਿੰਸਾ ਅਤੇ ਹੋਰ ਸੋਸ਼ਣ ਦਾ ਸ਼ਿਕਾਰ ਹੁੰਦੇ ਹਨ ਅਤੇ ਨਵਾਂ ਅੰਗਰੇਜੀ ਭਾਸ਼ਾ ਕਨੂੰਨ ਪਰਵਾਸੀਆਂ ਨੂੰ ਕੰਮਾਂ, ਪਰਿਵਾਰਕ ਹਿੰਸਾ ਅਤੇ ਸ਼ੋਸ਼ਣ ਵਿਰੁੱਧ ਉਨ੍ਹਾਂ ਦੀ ਰੱਖਿਆ ਕਰੇਗਾ ਜਦੋਂ ਉਹ ਆਸਟਰੇਲੀਆ ਵਿਚ ਪੱਕੇ ਤੌਰ’ ਤੇ ਰਹਿਣ ਲੱਗ ਪੈਣਗੇ।” ਗਰੀਨ ਪਾਰਟੀ ਦੇ ਨਵਦੀਪ ਸਿੰਘ ਅਨੁਸਾਰ ਆਸਟਰੇਲੀਅਨ ਸੰਵਿਧਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਅਣਹੋਂਦ ਦਾ ਲਾਹਾ ਲੈਂਦਿਆਂ ਲਿਬਰਲ ਸਰਕਾਰ, ਇਤਿਹਾਸਕ ਤੌਰ ਤੇ ਬਦਨਾਮ ਸਫ਼ੈਦ ਨੀਤੀ ਵਰਗੇ ਕਾਲੇ ਕਾਨੂੰਨ ਨੂੰ ਦੁਬਾਰਾ ਲਿਆ ਕੇ ਮਨੁੱਖੀ ਰਿਸ਼ਤਿਆਂ ‘ਤੇ ਸਵਾਲੀਆ ਚਿੰਨ੍ਹ ਲਗਾਉਣਾ ਚਾਹੁੰਦੀ ਹੈ। ਅਜਿਹਾ ਵਰਤਾਰਾ ਪਰਵਾਸੀਆਂ ਨੂੰ ਆਸਟਰੇਲੀਆ ਵਿੱਚ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਉਹਨਾਂ ਹੋਰ ਕਿਹਾ ਕਿ ਪਰਿਵਾਰਾਂ ‘ਚ ਮਨੁੱਖੀ ਰਿਸ਼ਤਿਆਂ ਦਾ ਮਿਲਾਪ ਪਿਆਰ ਅਤੇ ਪਰਿਵਾਰਕ ਨੇੜਤਾ ਨਾਲ ਬਣਦਾ ਹੈ। ਜਿਸ ‘ਚ ਕਿਸੇ ਭਾਸ਼ਾ ਵਿਸ਼ੇਸ਼ ਦਾ ਗਿਆਨ ਬਹੁਤੀ ਅਹਿਮੀਅਤ ਨਹੀਂ ਰੱਖਦਾ। ਲੇਬਰ ਪਾਰਟੀ ਦੀ ਸ਼ੈਡੋ ਗ੍ਰਹਿ ਮਾਮਲਿਆਂ ਦੀ ਮੰਤਰੀ ਕ੍ਰਿਸਟੀਨਾ ਕੇਨੇਲੀਦਾ ਕਹਿਣਾ ਹੈ ਕਿ ਮਜ਼ੂਦਾ ਲਿਬਰਲ ਸਰਕਾਰ ਲੋਕਾਈ ਨੂੰ ਅੰਗਰੇਜ਼ੀ ਭਾਸ਼ਾ ਦੇ ਹੁਨਰ ਦੇ ਅਧਾਰ ‘ਤੇ ਵੰਡ ਰਹੀ ਹੈ ਜੋ ਨਿੰਦਣਯੋਗ ਵਰਤਾਰਾ ਹੈ। ਗੌਰਤਲਬ ਹੈ ਕਿ ਇਹ ਟੈਸਟ ਜੋ ਬਿਨੈਕਾਰ ਅਤੇ ਉਨ੍ਹਾਂ ਦੇ ਸਪਾਂਸਰ ਦੋਵਾਂ ‘ਤੇ ਲਾਗੂ ਹੁੰਦਾ ਹੈ ਜੇ ਉਹ ਇੱਕ ਆਸਟਰੇਲੀਆਈ ਨਾਗਰਿਕ ਦੀ ਬਜਾਏ ਸਥਾਈ ਨਿਵਾਸੀ ਹਨ। ਸਰਕਾਰ ਦਾ ਮੰਨਣਾ ਹੈ ਕਿ ਉਸਨੇ ਇਸ ਸਾਲ ਦੇ ਸ਼ੁਰੂ ਵਿੱਚ ਏ.ਐੱਮ.ਈ.ਪੀ. ਵਿਚ ਤਬਦੀਲੀਆਂ ਕਰਨ ਦੀ ਘੋਸ਼ਣਾ ਕੀਤੀ ਸੀ, ਜਿਸ ਨਾਲ ਪ੍ਰਵਾਸੀਆਂ ਦੀ ਅੰਗਰੇਜੀ ਭਾਸ਼ਾ ਦੀਆਂ ਕਲਾਸਾਂ ਵਿਚ ਪਹੁੰਚ ਪਹਿਲਾਂ ਨਾਲੋਂ ਵੱਧ ਗਈ ਹੈ। ਦੱਸਣਯੋਗ ਹੈ ਕਿ ਸਾਥੀ ਵੀਜ਼ਾ ਦੋ-ਪੜਾਅ ਦੀ ਪ੍ਰਕਿਰਿਆ ਹੈ। ਜਿਸ ਅਧੀਨ ਤੁਹਾਨੂੰ ਪਹਿਲਾਂ ਦੋ ਸਾਲਾਂ ਲਈ ਆਰਜ਼ੀ ਵੀਜ਼ਾ ਮਿਲਦਾ ਹੈ ਜਿਸ ਤੋਂ ਬਾਅਦ ਤੁਸੀਂ ਆਪਣੇ ਪ੍ਰਾਯੋਜਕਾਂ (ਸਪਾਂਸਰ ਸਾਥੀ) ਦੀ ਸਹਿਮਤੀ ਨਾਲ ਸਥਾਈ ਵੀਜ਼ਾ ਗ੍ਰਾਂਟ ਪ੍ਰਾਪਤ ਕਰਨ ਦੇ ਯੋਗ ਹੁੰਦੇ ਹੋ। ਇੱਥੇ ਇਹ ਦੱਸਣਾ ਮਹੱਤਵਪੂਰਨ ਹੈ ਕਿ ਨਵੀਂ ਨੀਤੀ ਅਨੁਸਾਰ ਬਿਨੈਕਾਰਾਂ ਅਤੇ ਪ੍ਰਾਯੋਜਕਾਂ ਨੂੰ ਆਰਜ਼ੀ ਵੀਜ਼ਾ (309/820) ਦੇ ਜਾਰੀ ਹੋਣ ਸਮੇਂ ਆਪਣੀ ਅੰਗਰੇਜੀ ਭਾਸ਼ਾ ਦੀ ਯੋਗਤਾ ਦਾ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਪਰ ਸਥਾਈ ਵੀਜ਼ਾ ਅਰਜ਼ੀ (100/801) ਸਮੇਂ ਇਹ ਟੈਸਟ ਲਾਜ਼ਮੀ ਹੋਵੇਗਾ। ਹਾਲਾਂਕਿ ਸਰਕਾਰ ਨੇ ਸਹਿਭਾਗੀ ਵੀਜ਼ਾ ਲਈ ਅੰਗਰੇਜੀ ਭਾਸ਼ਾ ਦੀ ਜ਼ਰੂਰਤ ਦੇ ਮਾਪਦੰਡਾਂ ਦਾ ਖੁਲਾਸਾ ਅਜੇ ਨਹੀਂ ਕੀਤਾ ਹੈ, ਪਰ ਇੱਥੇ ਗ੍ਰਹਿ ਮਾਮਲੇ ਵਿਭਾਗ ਦੀ ਵੈੱਬਸਾਈਟ ਦੇ ਅਨੁਸਾਰ ਭਾਸ਼ਾ ਟੈਸਟਾਂ ਦੇ ਮਾਮਲੇ ਵਿਚ, ਕਿਸੇ ਵਿਅਕਤੀ ਦੀ ਅੰਗਰੇਜੀ ਦਾ ਕਾਰਜਕੁਸ਼ਲ ਤੌਰ ‘ਤੇ ਮੁਲਾਂਕਣ ਕੀਤਾ ਜਾ ਸਕਦਾ ਹੈ ਜੇ ਉਹ ਆਈਲੈਟਸ ਵਿਚਲੇ 4 ਟੈਸਟਾਂ ‘ਚ ਔਸਤਨ 4.5 ਬੈਂਡ ਸਕੋਰ, ਪੀਟੀਈ ਵਿਚ ਹਰੇਕ ਹਿੱਸੇ ਲਈ ਘੱਟੋ ਘੱਟ ਸਮੁੱਚੇ 30 ਬੈਂਡ ਸਕੋਰ, ਟੌਇਫਲ ਵਿੱਚ 32 ਦਾ ਕੁੱਲ ਬੈਂਡ ਸਕੋਰ ਅਤੇ ਸੀਏਈ ਦੇ ਚਾਰ ਭਾਗਾਂ ‘ਚ ਹਰੇਕ ਲਈ ਸਮੁੱਚੇ ਤੌਰ ਤੇ 147 ਬੈਂਡ ਸਕੋਰ ਹੋਣਾ ਲਾਜ਼ਮੀ ਹੈ। ਵੀਜ਼ਾ ਮਾਹਰਾਂ ਦਾ ਮੰਨਣਾ ਹੈ ਕਿ ਇਸ ਨਵੇਂ ਕਨੂੰਨ ਨਾਲ ਭਾਰਤ ਵਰਗੇ ਸਰੋਤ ਦੇਸ਼ਾਂ ਦੇ ਬਿਨੈਕਾਰਾਂ ਲਈ ਬਹੁਤੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਜਿਥੇ ਬਹੁਤੇ ਲੋਕ ਜ਼ਿਆਦਾਤਰ ਕਿੱਤਾਮੁਖੀ ਹੁਨਰ ਅਤੇ ਅੰਗਰੇਜੀ ਭਾਸ਼ਾ ਦਾ ਗਿਆਨ ਰੱਖਦੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!