ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਪੈਸੇ ਅਤੇ ਸਰਕਾਰੀ ਪਦ ਦਾ ਮੋਹ ਹਰ ਵਿਅਕਤੀ ਨੂੰ ਹੁੰਦਾ ਹੈ ਅਤੇ ਜੇਕਰ ਇਹ ਅਹੁਦਾ ਦੇਸ਼ ਦੀ ਸੰਸਦ ਵਿੱਚ ਹੋਵੇ ਤਾਂ ਫਿਰ ਗੱਲ ਹੀ ਵੱਖਰੀ ਹੈ।ਅਜਿਹੀ ਹੀ ਇੱਕ ਮਿਸ਼ਾਲ ਸਕਾਟਲੈਂਡ ਦੀ ਮਹਿਲਾ ਸੰਸਦ ਮੈਂਬਰ ਨੇ ਕਾਇਮ ਕੀਤੀ ਹੈ। ਇਸ ਮਾਮਲੇ ਵਿੱਚ ਐਸ ਐਨ ਪੀ ਦੀ ਸੰਸਦ ਮੈਂਬਰ ਮਾਰਗਰੇਟ ਫੇਰੀਅਰ ਨੇ ਕੋਰੋਨਵਾਇਰਸ ਤੋਂ ਪੀੜਤ ਹੁੰਦਿਆਂ ਹੋਇਆ ਵੀ 800 ਮੀਲ ਦੀ ਯਾਤਰਾ ਬਾਰੇ ਖੁਲਾਸੇ ਹੋਣ ਮਗਰੋਂ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਇਸ ਸਿਆਸਤਦਾਨ ਨੇ ਕੋਵਿਡ ਪ੍ਰਭਾਵਿਤ ਟੈਸਟ ਕੀਤੇ ਜਾਣ ਦੇ ਬਾਵਜੂਦ ਟਰੇਨ ਰਾਹੀਂ ਗਲਾਸਗੋ ਤੋਂ ਲੰਡਨ ਦੀ ਯਾਤਰਾ ਕੀਤੀ ਸੀ। ਇੰਨਾਂ ਹੀ ਨਹੀ ਅਗਲੇ ਦਿਨ ਰੇਲ ਗੱਡੀ ਰਾਹੀਂ ਸਕਾਟਲੈਂਡ ਦੀ ਵਾਪਸੀ ਲਈ ਵੀ ਯਾਤਰਾ ਕੀਤੀ ਸੀ। ਇਸ ਮਾਮਲੇ ਵਿੱਚ ਰਦਰਗਲੈਨ ਅਤੇ ਹੈਮਿਲਟਨ ਵੈਸਟ ਦੀ ਇਸ ਸੰਸਦ ਮੈਂਬਰ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਸ ਨੂੰ ਅਹੁਦਾ ਛੱਡਣ ਦੀ ਮੰਗ ਦਾ ਸਾਹਮਣਾ ਵੀ ਕਰਨਾ ਪਿਆ ਸੀ ਖ਼ਾਸਕਰ ਪਾਰਟੀ ਦੀ ਨੇਤਾ ਨਿਕੋਲਾ ਸਟਾਰਜਨ ਨੇ ਵੀ ਕਿਹਾ ਸੀ ਕਿ ਫੇਰੀਅਰ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ। ਪਰ ਫੇਰੀਅਰ ਸਭ ਨੂੰ ਨਜ਼ਰ ਅੰਦਾਜ਼ ਕਰਦੀ ਹੋਈ ਆਪਣੀ £ 82,000 ਦੀ ਸੰਸਦ ਦੀ ਨੌਕਰੀ ਕਰੇਗੀ ਜਿਸ ਵਿੱਚ ਇੱਕ ਬੰਪਰ ਪੈਨਸ਼ਨ ਪੈਕੇਜ ਵੀ ਸ਼ਾਮਿਲ ਹੈ। ਜਿਕਰਯੋਗ ਹੈ ਕਿ ਇਸ ਸੰਸਦ ਮੈਂਬਰ ਨੇ ਸ਼ਨੀਵਾਰ, 26 ਸਤੰਬਰ ਨੂੰ ਵਾਇਰਸ ਦੇ ਹਲਕੇ ਲੱਛਣਾਂ ਦਾ ਅਨੁਭਵ ਕਰਨ ਤੋਂ ਬਾਅਦ ਕੋਰੋਨਾਂ ਟੈਸਟ ਕੀਤਾ ਸੀ ਪਰ ਫਿਰ ਇਕਾਂਤਵਾਸ ਹੋਣ ਦੀ ਬਜਾਏ ਉਹ ਸੋਮਵਾਰ ਸਵੇਰੇ ਰੇਲ ਰਾਹੀਂ ਗਲਾਸਗੋ ਤੋਂ ਵੈਸਟਮਿਨਸਟਰ ਗਈ ਸੀ ਜਦਕਿ ਸਕਾਟਲੈਂਡ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਮਾਰੂ ਵਾਇਰਸ ਦੇ ਲੱਛਣਾਂ ਵਾਲੇ ਨੂੰ ਆਪਣਾ ਘਰ ਨਹੀਂ ਛੱਡਣਾ ਚਾਹੀਦਾ ਹੈ। ਪਰ ਇਸ ਸਭ ਦੇ ਉਲਟ 60 ਸਾਲਾਂ ਫੇਰੀਅਰ ਅਨੁਸਾਰ ਉਹ ਆਪਣੇ ਕੰਮ ਲਈ ਸਖਤ ਮਿਹਨਤ ਕਰ ਰਹੀ ਹੈ।