ਅਸ਼ੋਕ ਵਰਮਾ
ਬਠਿੰਡਾ,12ਅਕਤੂਬਰ-2020।ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਚੋਂ ਐਚਆਈਵੀ ਪਾਜ਼ਿਟਿਵ ਖੂਨ ਜਾਰੀ ਹੋਣ ਉਪਰੰਤ ਇੱਕ ਔਰਤ ਅਤੇ ਇੱਕ ਬੱਚੀ ਨੂੰ ਚੜਾਉਣ ਦਾ ਮਾਮਲਾ ਹਾਈਕੋਰਟ ਪੁੱਜਣ ਲੱਗਿਆ ਹੈ। ਸਮਾਜਸੇਵੀ ਜੱਥੇਬੰਦੀ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਜੇਕਰ ਸਿਵਲ ਹਸਪਤਾਲ ਦੀ ਜਾਂਚ ਕਮੇਟੀ ਵੱਲੋਂ ਕੀਤੀ ਇਸ ਮਾਮਲੇ ਦੀ ਜਾਂਚ ਦੌਰਾਨ ਕਸੂਰਵਾਰ ਪਾਏ ਗਏ ਤਿੰਨਾਂ ਮੁਲਾਜਮਾਂ ਖਿਲਾਫ ਢੁੱਕਵੀਂ ਕਾਰਵਾਈ ਨਾਂ ਕੀਤੀ ਗਈ ਤਾਂ ਉਹ ਪੀੜਤ ਪ੍ਰੀਵਾਰਾਂ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕਰਨਗੇ। ਓਧਰ ਐਚਆਈਵੀ ਪਾਜ਼ਿਟਿਵ ਖੂਨਦਾਨੀ ਵੱਲੋਂ 13 ਵਾਰ ਖੂਨਦਾਨ ਕਰਨ ਦਾ ਮਾਮਲਾ ਬੇਪਰਦ ਹੋਣ ਤੋਂ ਬਾਅਦ ਭਾਜੜਾਂ ਪੈ ਗਈਆਂ ਹਨ। ਖਾਸ ਤੌਰ ਤੇ ਜਿੰਨਾਂ ਮਰੀਜਾਂ ਦੇ ਬਲੱਡ ਬੈਂਕ ਚੋਂ ਲਿਆਦਾ ਖੂਨ ਚੜਾਇਆ ਗਿਆ ਹੈ ਉਹ ਡਰੇ ਹੋਏ ਹਨ।
ਮਹੱਤਵਪੂਰਨ ਤੱਥ ਹੈ ਕਿ ਕੀ ਉਸ ਵੱਲੋਂ ਦਾਨ ਵਜੋਂ ਦਿੱਤੇ ਖੂਨ ਦੀ ਹਰ ਵਾਰ ਜਾਂਚ ਹੋਈ ਹੈ ਜਾਂ ਨਹੀਂ ਇਹ ਵੀ ਸਵਾਲ ਖੜੇ ਹੋਣ ਲੱਗੇ ਹਨ। ਸਮਾਜਿਕ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਜਾਂਚ ਨਹੀਂ ਕੀਤੀ ਤਾਂ ਜਿੰਨਾਂ ਵੀ ਮਰੀਜ਼ਾਂ ਨੂੰ ਉਸ ਵੱਲੋਂ ਦਿੱਤਾ ਖੂਨ ਚੜਾਇਆ ਗਿਆ ਤਾਂ ਉਨਾਂ ਦੀ ਮੌਜੂਦਾ ਸਥਿਤੀ ਕੀ ਹੈ ਜਾਂ ਫਿਰ ਉਨਾਂ ਚੋਂ ਵੀ ਕੋਈ ਏਡਜ਼ਦਾ ਸ਼ਿਕਾਰ ਨਹੀਂ ਹੋਇਆ ਹੈ। ਪਤਾ ਲੱਗਿਆ ਹੈ ਕਿ ਅਧਿਕਾਰੀ ਇਸ ਖੂਨਦਾਨੀ ਦੇ ਕਦੋਂ ਤੇ ਕਿਸ ਤਰਾਂ ਪਾਜ਼ਿਟਿਵ ਹੋਣ ਸਬੰਧੀ ਵੀ ਤੱਥਾਂ ਦੀ ਪੜਤਾਲ ਕਰ ਰਹੇ ਹਨ। ਵੱਡੀ ਗੱਲ ਹੈ ਕਿ ਇਹ ਵਿਅਕਤੀ ਬਲੱਡ ਬੈਂਕ ਨਾਲ ਸਬੰਧਤ ਉਹ ਖੂਨਦਾਨੀ ਸੀ ਜੋ ਲੋੜ ਪੈਣ ਤੇ ਆਕੇ ਖੂਨਦਾਨ ਕਰ ਦਿੰਦਾ ਸੀ।
ਪੁਲਿਸ ਕੇਸ ਵੀ ਕਟਹਿਰੇ ’ਚ ਖੜਾ ਹੋਇਆ
ਥਾਣਾ ਕੋਤਵਾਲੀ ਪੁਲਿਸ ਵੱਲੋਂ ਐਮਐਲਟੀ ਬਲਦੇਵ ਸਿੰਘ ਰੋਮਾਣਾ ਖਿਲਾਫ ਦਰਜ ਕੀਤਾ ਗਿਆ ਮਾਮਲਾ ਵੀ ਸ਼ੱਕ ਦੇ ਘੇਰੇ ’ਚ ਆ ਗਿਆ ਹੈ। ਸਵਾਲ ਹੈ ਕਿ ਜਦੋਂ ਜਾਂਚ ਕਮੇਟੀ ਤਿੰਨਾਂ ਨੂੰ ਕਸੂਰਵਾਰ ਮੰਨਦੀ ਹੈ ਤਾਂ ਸਿਰਫ ਐਮਐਲਟੀ ਖਿਲਾਫ ਕੇਸ ਦਰਜ ਕਰਨਾ ਨਿਆਂ ਸੰਗਤ ਨਹੀਂ ਹੈ। ਪੁਲਿਸ ਨੇ ਬਲੱਡ ਬੈਂਕ ਦੀ ਡਾ. ਕਿ੍ਰਸ਼ਮਾ ਅਤੇ ਲੈਬ ਟੈਕਨੀਸ਼ੀਅਨ ਰਿਚੂ ਗੋਇਲ ਨੂੰ ਬਖਸ਼ ਦਿੱਤਾ ਹੈ। ਸ਼ਹਿਰ ਵਾਸੀ ਆਖਦੇ ਹਨ ਕਿ ਮਹਿਕਮਾ ਦੋਵਾਂ ਨੂੰ ਬਚਾਉਣ ਦਾ ਯਤਨ ਕਰ ਰਿਹਾ ਹੈ।
ਇੱਕ ਬਾਰੇ ਪੱਤਰ ਆਇਆ:ਐਸਐਚਓ
ਥਾਣਾ ਕੋਤਵਾਲੀ ਦੇ ਮੁਖ ਥਾਣਾ ਅਫਸਰ ਇੰਸਪੈਕਟਰ ਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਨਾਂ ਨੂੰ ਸਿਰਫ ਬਲਦੇਵ ਸਿੰਘ ਖਿਲਾਫ ਕੇਸ ਦਰਜ ਕਰਨ ਦਾ ਪੱਤਰ ਮਿਲਿਆ ਹੈ ਜਿਸ ਕਰਕੇ ਉਸ ਖਿਲਾਫ ਪਰਚਾ ਦਰਜ ਕੀਤਾ ਹੈ। ਉਨਾਂ ਆਖਿਆ ਕਿ ਮਾਮਲੇ ਦੀ ਪੜਤਾਲ ਦੌਰਾਨ ਜੋ ਵੀ ਤੱਥ ਆਉਣਗੇ ਉਨਾਂ ਅਨੁਸਾਰ ਹੋਰਨਾਂ ਨੂੰ ਵੀ ਕੇਸ ’ਚ ਸ਼ਾਮਲ ਕੀਤਾ ਜਾ ਸਕਦਾ ਹੈ।
ਬਚਾਉਣ ਵਾਲੀ ਗੱਲ ਬੇਬੁਨਿਆਦ:ਸੀਐਮਓ
ਸਿਵਲ ਸਰਜਨ ਬਠਿੰਡਾ ਡਾ ਅਮਰੀਕ ਸਿੰਘ ਸੰਧੂ ਦਾ ਕਹਿਣਾ ਸੀ ਕਿ ਅਸਲ ’ਚ ਬਲਦੇਵ ਸਿੰਘ ਸਿਹਤ ਵਿਭਾਗ ਦਾ ਰੈਗੂਲਰ ਮੁਲਾਜਮ ਹੈ ਜਿਸ ਕਰਕੇ ਉਸ ਖਿਲਾਫ ਕਾਰਵਾਈ ਹੋ ਗਈ ਹੈ। ਉਨਾਂ ਦੱਸਿਆ ਕਿ ਬਾਕੀ ਦੋਵੇਂ ਮੁਲਾਜਮ ਠੇਕਾ ਪ੍ਰਣਾਲੀ ਤਹਿਤ ਕੰਮ ਕਰਦੇ ਹੋਣ ਕਰਕੇ ਉਨਾਂ ਖਿਲਾਫ ਸਬੰਧਤ ਅਦਾਰਿਆਂ ਵੱਲੋਂ ਲਿਆ ਜਾਣਾ ਹੈ। ਉਨਾਂ ਆਖਿਆ ਕਿ ਜਦੋਂ ਵੀ ਉਨਾਂ ਨੂੰ ਆਦੇਸ਼ ਮਿਲੇ ਤਾਂ ਦੋਵਾਂ ਖਿਲਾਫ ਵੀ ਐਕਸ਼ਨ ਲਿਆ ਜਾਏਗਾ। ਉਨਾਂ ਕਸੂਰਵਾਰਾਂ ਬਚਾਉਣ ਵਾਲੇ ਤੱਥਾਂ ਨੂੰ ਗਲਤ ਦੱਸਿਆ ਹੈ।
ਕਾਰਵਾਈ ਸਵਾਲਾਂ ਦੇ ਘੇਰੇ ’ਚ: ਸੋਨੂੰ ਮਹੇਸ਼ਵਰੀ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਪੀੜਤ ਪ੍ਰੀਵਾਰ ਨੇ ਵੀ ਪੁਲਿਸ ਕਾਰਵਾਈ ਤੇ ਸਵਾਲ ਚੁੱਕੇ ਹਨ। ਉਨਾਂ ਆਖਿਆ ਕਿ ਐਮਐਲਟੀ ਦੇ ਨਾਲ ਨਾਲ ਬਾਕੀ ਦੋਵਾਂ ਮੁਲਾਜਮਾਂ ਨੂੰ ਵੀ ਪੁਲਿਸ ਕੇਸ ’ਚ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ। ਉਨਾਂ ਕਿਹਾ ਕਿ ਜੇਕਰ ਸਿਹਤ ਵਿਭਾਗ ਨੇ ਬਣਦੀ ਕਾਰਵਾਈ ਨਾਂਕੀਤੀ ਤਾਂ ਉਹ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਉਨਾਂ ਦੱਸਿਆ ਕਿ ਹਾਈਕੋਰਟ ਦੇ ਵਕੀਲ ਐਡਵੋਕੇਟ ਐਚ ਸੀ ਅਰੋੜਾ ਨੇ ਪੀੜਤ ਪ੍ਰੀਵਾਰ ਨਾਲ ਰਾਬਤਾ ਬਣਾ ਲਿਆ ਹੈ ਜਿੰਨਾਂ ਵੱਲੋਂ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਏਗੀ। ਉਨਾਂ ਮੰਗ ਕੀਤੀ ਕਿ ਸਿਹਤ ਵਿਭਾਗ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਪਤਾ ਲਾਏ ਕਿ ਕਿਧਰੇ ਹੋਰ ਵੀ ਕੋਈ ਅਜਿਹੇ ਖੂਨ ਦਾ ਸ਼ਿਕਾਰ ਤਾਂ ਨਹੀਂ ਬਣਿਆ ਹੈ।
ਅਣਸੁਖਾਵੇਂ ਸਬੰਧਾਂ ਕਾਰਨ ਵਾਪਰਿਆ ਕਾਂਡ
ਦੱਸਣਯੋਗ ਹੈ ਕਿ ਬਲੱਡ ਬੈਂਕ ਵੱਲੋਂ ਇੱਕ ਔਰਤ ਅਤੇ ਇੱਕ ਬੱਚੀ ਨੂੰ ਏਡਜ਼ ਪੀੜਤ ਵਿਅਕਤੀ ਦਾ ਖੂਨ ਜਾਰੀ ਕੀਤਾ ਸੀ ਜੋ ਚੜਾ ਵੀ ਦਿੱਤਾ ਗਿਆ। ਮਾਮਲਾ ਉਜਾਗਰ ਹੋਣ ਤੇ ਸਿਹਤ ਵਿਭਾਗ ਬਠਿੰਡਾ ਵੱਲੋਂ ਬਣਾਈ ਕਮੇਟੀ ਦੀ ਜਾਂਚ ’ਚ ਇਹ ਸਾਹਮਣੇ ਆਗਿਆ ਗਿ ਸੀਨੀਅਰ ਮੈਡੀਕਲ ਲੈਬ ਟੈਕਨੀਸ਼ਅਨ ਬਲਦੇਵ ਸਿੰਘ ਰੋਮਾਣਾ ਦੇ ਰਿਚੂ ਗੋਇਲ ਅਤੇ ਡਾ ਿਸ਼ਮਾ ਨਾਲ ਸਬੰਧ ਸੁਖਾਵੇਂ ਨਹੀਂ ਸਨ। ਇਸ ਕਰਕੇ ਉਸ ਨੇ ਕਥਿਤ ਸਾਜਿਸ਼ ਤਹਿਤ ਦੋਵਾਂ ਦਾ ਕੈਰੀਅਰ ਖਰਾਬ ਕਰਨ ਲਈ ਏਫਜ਼ ਪੀੜਤ ਦਾ ਖੂਨ ਜਾਰੀ ਕੀਤਾ ਜੋ ਚੜਾ ਵੀ ਦਿੱਤਾ ਸੀ । ਜਾਂਚ ’ਚ ਇਹ ਵੀ ਪਤਾ ਲੱਗਿਆ ਕਿ ਏਡਜ਼ ਪੀੜਤ ਵਿਅਕਤੀ ਨੂੰ ਬਲਦੇਵ ਸਿੰਘ ਨੇ ਹੀ ਆਪਣੇ ਫੋਨ ਤੋਂ ਕਾਲ ਕਰਕੇ ਖੂਨਦਾਨ ਲਈ ਸੱਦਿਆ ਸੀ। ਇਸ ਬਾਰੇ ਜਾਣਦਾ ਹੋਣ ਦੇ ਬਾਵਜੂਦ ਉਸ ਨੇ ਜਾਂਚ ਕਮੇਟੀ ਕੋਲ ਅਣਜਾਣਤਾ ਜਤਾਈ ਪਰ ਪੜਤਾਲ ਦੌਰਾਨ ਭੇਦ ਖੁੱਲ ਗਿਆ।