ਅਸ਼ੋਕ ਵਰਮਾ
ਬਠਿੰਡਾ, 12 ਅਕਤੂਬਰ। ਬਠਿੰਡਾ ਦੇ ਆਰ ਟੀ ਆਈ ਐਕਟਵਿਸਟ ਹਰਮਿਲਾਪ ਗਰੇਵਾਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਤਲਵੰਡੀ ਸਾਬੋ ਤੋਂ ‘ਆਮ ਆਦਮੀ ਪਾਰਟੀ’ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਦੋਹਰੀ ਵੋਟ ਦਾ ਮਾਮਲਾ ਜਲਦੀ ਤੋਂ ਜਲਦੀ ਨਿਪਟਾਉਣ ਦੀ ਅਪੀਲ ਦਾਖਲ ਕੀਤੀ ਹੈ। ਗਰੇਵਾਲ ਨੇ ਐਡਵੋਕੇਟ ਜੱਜਪ੍ਰੀਤ ਸਿੰਘ ਵੜਿੰਗ ਰਾਹੀਂ ਅਦਾਲਤ ਅੱਗੇ ਚਾਰਾਜੋਈ ਕੀਤੀ ਹੈ ਕਿ ਵਿਧਾਨ ਸਭਾ ਦੀ ਚੋੋਣ ਹੋਇਆਂ ਸਾਢੇ ਤਿੰਨ ਸਾਲ ਹੋ ਗਏ ਹਨ ਇਸ ਲਈ ਜਨਹਿੱਤ ਨੂੰ ਦੇਖਦਿਆਂ ਇਹ ਮਾਮਲਾ ਜਲਦੀ ਤੋਂ ਜਲਦੀ ਨਿਪਟਾਉਣ ਦੀ ਲੋੜ ਹੈ। ਜਾਣਕਾਰੀ ਅਨੁਸਾਰ ਪਹਿਲਾਂ ਤਲਵੰਡੀ ਸਾਬੋ ਜ਼ਿਮਨੀ ਚੋਣ ਤੇ ਫਿਰ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਇਹ ਮੁੱਦਾ ਉਠਿਆ ਸੀ, ਪਰ ਜਦੋਂ ਬਿਨਾਂ ਕਿਸੇ ਲੰਮੀ ਚੌੜੀ ਪੜਤਾਲ ਦੇ ਖ਼ਤਮ ਹੋ ਗਿਆ ਗਰੇਵਾਲ ਇਸ ਮਾਮਲੇ ਨੂੰ ਹਾਈਕੋਰਟ ਲੈ ਗਏ ਸਨ। ਕੋਵਿਡ 19 ਦੇ ਸੰਕਟ ਕਾਰਨ ਅਦਾਲਤਾਂ ਦਾ ਕੰਮਕਾਜ ਪ੍ਰਭਾਵਿਤ ਹੋਣ ਕਰਕੇ ਇਸ ਮਾਮਲੇ ’ਚ ਵੀ ਦੇਰੀ ਹੋ ਗਈ ਸੀ। ਹੁਣ ਜਦੋਂ ਹਾਲਾਤ ਕੁੱਝ ਬਿਹਤਰ ਹੋਏ ਹਨ ਤਾਂ ਗਰੇਵਾਲ ਆਪਣੇ ਵਕੀਲ ਰਾਹੀਂ ਮੁੜ ਫਰਿਆਦੀ ਹੋਏ ਹਨ।
ਗੌਰਤਲਬ ਹੈ ਕਿ ਹਾਈਕੋਰਟ ਜਾਣ ਤੋਂ ਪਹਿਲਾਂ ‘ਆਮ ਆਦਮੀ ਪਾਰਟੀ’ ਦੇ ਸਾਬਕਾ ਆਗੂ ਹਰਮਿਲਾਪ ਸਿੰਘ ਗਰੇਵਾਲ ਨੇ ਆਰਟੀਆਈ ਰਾਹੀਂ ਵਿਧਾਇਕਾ ਦੀ ਦੋਹਰੀ ਵੋਟ ਦੇ ਮਾਮਲੇ ਵਿੱਚ ਤੱਥ ਇਕੱਠੇ ਕਰਕੇ ਚੋਣ ਕਮਿਸ਼ਨ ਤੇ ਭਾਰਤ ਸਰਕਾਰ ਨੂੰ ਭੇਜੇ ਸਨ ਅਤੇ ਪ੍ਰੋ. ਬਲਜਿੰਦਰ ਕੌਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਆਰਟੀਆਈ ਕਾਰਕੁਨ ਹਰਮਿਲਾਪ ਗਰੇਵਾਲ ਨੇ ਦੱਸਿਆ ਕਿ ਪ੍ਰੋ. ਬਲਜਿੰਦਰ ਕੌਰ ਪੁੱਤਰੀ ਦਰਸ਼ਨ ਸਿੰਘ ਵਾਸੀ ਜਗਾ ਰਾਮ ਤੀਰਥ ਦੇ ਨਾਮ ‘ਤੇ ਵੋਟ ਜੋ ਬਣੀ ਹੋਈ ਹੈ, ਉਸ ‘ਤੇ ਹੀ ਪ੍ਰੋ. ਬਲਜਿੰਦਰ ਕੌਰ ਨੇ ਚੋਣ ਲੜੀ ਹੈ। ਜਦੋਂਕਿ ਪ੍ਰੋ. ਬਲਜਿੰਦਰ ਕੌਰ ਨੂੰ 1997 ਵਿੱਚ ਅਮਰਜੀਤ ਸਿੰਘ ਨੇ ਕਾਨੂੰਨੀ ਤੌਰ ‘ਤੇ ਗੋਦ ਲੈ ਲਿਆ ਸੀ । ਉਨਾਂ ਦੱਸਿਆ ਕਿ ਵਿਧਾਇਕਾ ਦੀ ਇੱਕ ਵੋਟ ਬਲਜਿੰਦਰ ਕੌਰ ਪੁੱਤਰੀ ਅਮਰਜੀਤ ਸਿੰਘ ਦੇ ਨਾਮ ‘ਤੇ ਬਣੀ ਹੋਈ ਸੀ । ਉਨਾਂ ਦੱਸਿਆ ਕਿ ਸਾਲ 2015 ਵਿੱਚ ਵੋਟਾਂ ਦੀ ਸੁਧਾਈ ਮੌਕੇ ਪ੍ਰੋ. ਬਲਜਿੰਦਰ ਕੌਰ ਪੁੱਤਰੀ ਅਮਰਜੀਤ ਸਿੰਘ ਵਾਲੀ ਵੋਟ ਨੂੰ ਖ਼ਾਰਜ ਕਰ ਦਿੱਤਾ ਗਿਆ, ਜਿਸ ਕਰ ਕੇ ਉਨਾਂ ਪ੍ਰੋ. ਬਲਜਿੰਦਰ ਕੌਰ ਪੁੱਤਰੀ ਦਰਸ਼ਨ ਸਿੰਘ ਦੇ ਨਾਮ ‘ਤੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨਾਮਜ਼ਦਗੀ ਦਾਖ਼ਲ ਕੀਤੀ ਸੀ।
ਗਰੇਵਾਲ ਨੇ ਆਖਿਆ ਕਿ ਵਿਧਾਇਕਾ ਨੇ ਆਪਣੇ ਆਪ ਨੂੰ ਦਰਸ਼ਨ ਸਿੰਘ ਦੀ ਪੁੱਤਰੀ ਦੱਸ ਕੇ ਪਛਾਣ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਦੋਂਕਿ ਅਮਰਜੀਤ ਸਿੰਘ ਨੇ ਉਸ ਨੂੰ 21 ਅਪਰੈਲ 1997 ਵਿੱਚ ਰਜਿਸਟਰਡ ਗੋਦਨਾਮੇ ਨਾਲ ਗੋਦ ਲਿਆ ਹੋਇਆ ਹੈ। ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਕੋਲ ਨਿਰਭਰਤਾ ਸਰਟੀਫਿਕੇਟ ਲਈ 29 ਜਨਵਰੀ 2002 ਨੂੰ ਦਿੱਤੀ ਦਰਖ਼ਾਸਤ ਵਿੱਚ ਵੀ ਉਸ ਨੇ ਆਪਣੇ ਪਿਤਾ ਦਾ ਨਾਮ ਅਮਰਜੀਤ ਸਿੰਘ ਲਿਖਿਆ ਸੀ। ਉਨਾਂ ਆਖਿਆ ਕਿ ਹਿੰਦੂ ਐਕਟ ਅਨੁਸਾਰ ਗੋਦ ਲਏ ਜਾਣ ਮਗਰੋਂ ਕੋਈ ਵੀ ਬੱਚਾ ਆਪਣੇ ਪੁਰਾਣੇ ਮਾਪਿਆਂ ਕੋਲ ਵਾਪਸ ਨਹੀਂ ਆ ਸਕਦਾ ਹੈ । ਉਨਾਂ ਦੱਸਿਆ ਕਿ ਜੇਕਰ ਆਉਣਾ ਵੀ ਚਾਹੇ ਤਾਂ ਇਸ ਲਈ ਅਦਾਲਤ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ । ਗਰੇਵਾਲ ਨੇ ਕਿਹਾ ਕਿ ਜਦੋਂ ਚੋਣ ਕਮਿਸ਼ਨ ਨੇ ਵਿਧਾਇਕਾ ਖਿਲਾਫ ਬਣਦੀ ਕਾਰਵਾਈ ਨਾਂ ਕੀਤੀ ਤਾਂ ਉਨਾਂ ਨੂੰ ਹਾਈਕੋਰਟ ਦਾ ਦਰਵਾਜਾ ਖੜਕਾਉਣਾ ਪਿਆ ਹੈ। ਉਨਾਂ ਆਖਿਆ ਕਿ ਇਸ ਵਾਰ ਅਦਾਲਤ ਨੇ 6 ਦਸੰਬਰ ਤਰੀਕ ਦਿੱਤੀ ਸੀ ਜਿਸ ਕਰਕੇ ਵਿਧਾਨ ਸਭਾ ਦੀ ਮਿਆਦ ਘੱਟ ਰਹਿ ਜਾਣ ਕਾਰਨ ਉਨਾਂ ਪ੍ਰੋਫੈਸਰ ਬਲਜਿੰਦਰ ਕੌਰ ਦੀ ਮੈਬਰੀ ਰੱਦ ਕਰਨ ਲਈਇਹ ਅਪੀਲ ਦਾਇਰ ਕੀਤੀ ਹੈ।
ਸਾਰੇ ਤੱਥ ਹਾਈਕੋਰਟ ਅੱਗੇ ਰੱਖੇ:ਐਡਵੋਕੇਟ
ਹਰਮਿਲਾਪ ਗਰੇਵਾਲ ਦੇ ਵਕੀਲ ਜੱਜਪ੍ਰੀਤ ਸਿੰਘ ਵਿੜਿੰਗ ਦਾ ਕਹਿਣਾ ਸੀ ਕਿ ਉਨਾਂ ਨੇ ਹਾਈਕੋਰਟ ’ਚ ਆਨਲਾਈਨ ਅਪੀਲ ਦਾਖਲ ਕਰ ਦਿੱਤੀ ਹੈ ਅਤੇ ਅਗਲੇ ਕੁੱਝ ਦਿਨਾਂ ਦੌਰਾਨ ਦੀ ਤਰੀਕ ਮਿਲ ਜਾਏਗੀ। ਉਨਾਂ ਆਖਿਆ ਕਿ ਅਸਲ ’ਚ ਇਹ ਮੁੱਦਾ ਕਾਨੂੰਨੀ ਪਹਿਚਾਣ ਦਾ ਹੈ ਜਿਸ ਨੂੰ ਕਥਿਤ ਮੰਦਭਾਵਨਾਂ ਤਹਿਤ ਵਰਤਿਆ ਗਿਆ ਹੈ। ਉਨਾਂ ਆਖਿਆ ਕਿ ਅਦਾਲਤ ਅੱਗੇ ਵਿਧਾਨ ਸਭਾ ਦੀ ਮਿਆਦ ’ਚ ਘੱਟ ਸਮਾਂ ਰਹਿਣ ਸਮੇਤ ਸਾਰੇ ਤੱਥ ਰੱਖੇ ਗਏ ਹਨ ਅਤੇ ਇਨਸਾਫ ਦੀ ਪੂਰੀ ਪੂਰੀ ਉਮੀਦ ਹੈ।
ਨਿਯਮਾ ਮੁਤਾਬਕ ਚੋਣ ਲੜੀ:
ਸੰਪਰਕ ਕਰਨ ਤੇ ‘ਆਪ‘ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੇ ਦਿੱਲੀ ’ਚ ਰੁੱਝੇ ਹੋਣ ਕਰਕੇ ਉਨਾਂ ਫੋਨ ਨਹੀਂ ਚੁੱਕਿਆ ਜਦੋਂਕਿ ਦੇ ਪਿਤਾ ਦਰਸ਼ਨ ਸਿੰਘ ਖਾਲਸਾ ਦਾ ਕਹਿਣਾ ਸੀ ਕਿ ਪ੍ਰੋ ਬਲਜਿੰਦਰ ਕੌਰ ਨੇ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਚੋਣ ਲੜੀ ਹੈ ਅਤੇ ਉਨਾਂ ਨੂੰ ਅਦਾਲਤ ਨਿਆਂ ਦੇਵੇਗੀ। ਉਨਾਂ ਆਖਿਆ ਕਿ ਕੁੱਝ ਲੋਕ ਸਾਜਿਸ਼ ਤਹਿਤ ਅਦਾਲਤ ਚਲੇ ਗਏ ਹਨ ਅਤੇ ਪਹਿਲਾਂ ਵੀ ਪੜਤਾਲ ’ਚ ਕੁੱਝ ਗ਼ਲਤ ਨਹੀਂ ਮਿਲਿਆ ਹੈ।