ਅੰਮ੍ਰਿਤਸਰ,(ਰਾਜਿੰਦਰ ਰਿਖੀ)

ਨੌਂ ਕਮਿਊਨਿਸਟ ਪਾਰਟੀਆਂ ‘ਤੇ ਅਧਾਰਤ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਦੇ ਸੱਦੇ ‘ਤੇ ਤਹਿਸੀਲ ਬਾਬਾ ਬਕਾਲਾ ਦੇ ਬਹੁਤ ਸਾਰੇ ਪਿੰਡਾਂ ਜਿਨਾਂ ਵਿੱਚ ਪਿੰਡ ਬੁਟਾਰੀ, ਖਲਚੀਆਂ,ਭਿੰਡਰ ਚੰਨਣਕੇ, ਕੁਹਾਟਵਿੰਡ, ਉਦੋਨੰਗਲ, ਮਹਿਸਮਪੁਰ, ਮਦ,ਦਾਊਦ, ਵਡਾਲਾ ਕਲਾਂ, ਖਬੇ, ਟਕਾਪੁਰ,ਜਮਾਲਪੁਰ ਅਤੇ ਫਤੂਵਾਲ ਆਦਿ ਸ਼ਾਮਲ ਹਨ ਵਿੱਚ ਲੋਕਾਂ ਨੇ ਆਪੋ ਆਪਣੇ ਘਰਾਂ ਵਿੱਚ ਕੋਠਿਆਂ ‘ਤੇ ਖਲੋ ਕੇ ਝੰਡੇ ਝੁਲਾਏ ਅਤੇ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਅਤੇ ਕਰੋਨਾ ਨਾਲ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਰਈਆ ਦਫਤਰ ਤੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਅਸੀਂ ਕਰੋਨਾ ਵਾਇਰਸ ਵਰਗੀ ਭਿਆਨਕ ਤੇ ਜਾਨਲੇਵਾ ਬੀਮਾਰੀ ਨਾਲ ਲੜਨ ਲਈ ਸਰਕਾਰ ਵੱਲੋਂ ਲਾਕਡਾਉਨ ਤੇ ਸ਼ੋਸ਼ਲ ਡਿਸਟੈਂਸ ਵਰਗੇ ਸੁਰੱਖਿਆਤਮਕ ਕਦਮਾਂ ਦੀ ਪੂਰੀ ਹਮਾਇਤ ਕਰਦੇ ਹੋਏ ਮੰਗ ਕਰਦੇ ਹਾਂ ਕਿ ਡਾਕਟਰਾਂ, ਸਾਰੇ ਸਿਹਤ ਵਿਭਾਗ ਕਰਮਚਾਰੀਆਂ ਅਤੇ ਸਫਾਈ ਸੇਵਕਾਂ ਨੂੰ ਲੋੜੀਂਦਾ ਸਾਮਾਨ ਛੇਤੀ ਤੋਂ ਛੇਤੀ ਮੁਹਈਆ ਕਰਾਇਆ ਜਾਵੇ ਤਾਂ ਕਿ ਉਹ ਕਰੋਨਾ ਦੇ ਮਰੀਜ਼ਾਂ ਦੀ ਤਨਦੇਹੀ ਨਾਲ ਸੇਵਾ ਕਰ ਸਕਣ ।ਅਤੇ ਮਰੀਜ਼ਾਂ ਲਈ ਮੁਫਤ ਦਵਾਈਆਂ ਤੇ ਇਲਾਜ ਦਾ ਪਰਬੰਧ ਕੀਤਾ ਜਾਵੇ। ਸਾਥੀ ਗੁਰਨਾਮ ਸਿੰਘ ਦਾਊਦ ਨੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਲਾਕਡਾਉਨ ਵਿੱਚ ਘਰਾਂ ਵਿਚ ਬੰਦ ਰਹਿਣ ਕਰਕੇ ਬੇ ਜਮੀਨੇ ਤੇ ਲੋੜਵੰਦਾਂ ਕੋਲ ਅਨਾਜ ਤੇ ਪੈਸੇ ਦੀ ਬਹੁਤ ਘਾਟ ਹੋ ਗਈ ਹੈ ਅਤੇ ਕੁਝ ਲੋਕਾਂ ਦੀ ਤਾਂ ਭੁੱਖੇ ਮਰਨ ਵਾਲੀ ਨੌਬਤ ਆਉਣ ਵਾਲੀ ਹੈ ਇਸ ਲਈ ਅਨਾਜ ਨਾਲ ਭਰੇ ਪਏ ਗੁਦਾਮਾਂ ਦੇ ਬੂਹੇ ਖੋਲ੍ਹ ਕੇ ਗਰੀਬਾਂ ਨੂੰ ਤੁਰੰਤ ਅਨਾਜ ਦਿਤਾ ਜਾਵੇ ਅਤੇ ਉਹਨਾਂ ਦੇ ਖਾਤਿਆਂ ਵਿੱਚ ਘੱਟੋ ਘੱਟ 5000 ਰੁਪਏ ਪ੍ਰਤੀ ਪਰਿਵਾਰ ਬਿਨਾਂ ਕਿਸੇ ਵਿਤਕਰੇ ਤੋਂ ਤੁਰੰਤ ਪਾਇਆ ਜਾਵੇ ।