12 C
United Kingdom
Monday, June 8, 2026

More

    ਏਡਜ਼ ਪ੍ਰਭਾਵਿਤ ਖੂਨ ਚੜਾਉਣ ਨੂੰ ਲੈਕੇ ਬਲੱਡ ਬੈਂਕ ਮੁਲਾਜਮ ‘ਤੇ ਮੁਕੱਦਮਾ ਦਰਜ

    ਅਸ਼ੋਕ ਵਰਮਾ
    ਬਠਿੰਡਾ, 11ਅਕਤੂਬਰ2020: ਸਿਵਲ ਹਸਪਤਾਲ ਬਠਿੰਡਾ ਵਿਚ ਇੱਕ ਔਰਤ ਅਤੇ ਇੱਕ ਬੱਚੇ ਨੂੰ ਐਚਆਈਵੀ ਪਾਜ਼ਿਟਿਵ ਦਾ ਖੂਨ ਚੜਾਉਣ ਦੇ ਮਾਮਲੇ ’ਚ ਬਠਿੰਡਾ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਵਲ ਸਰਜਨ ਬਠਿੰਡਾ ਵੱਲੋਂ ਜਿਲਾ ਪੁਲਿਸ ਨੂੰ ਲਿਖੇ ਪੱਤਰ ਦੇ ਅਧਾਰ ਤੇ ਥਾਣਾ ਕੋਤਵਾਲੀ ਪੁਲਿਸ ਨੇ ਮੈਡੀਕਲ ਲੈਬ ਤਕਨੀਸ਼ਅਨ ਬਲਦੇਵ ਸਿੰਘ ਰੋਮਾਣਾ ਨੂੰ ਧਾਰਾ 269 ,270 ਤਹਿਤ ਨਾਮਜਦ ਕੀਤਾ ਹੈ। ਐਫਆਈਆਰ ’ਚ ਦੱਸਿਆ ਗਿਆ ਹੈ ਕਿ ਮੁਲਜਮ ਦੇ ਆਪਣੇ ਬੀਟੀਓ ਅਤੇ ਐਲਟੀ ਖਾਸ ਤੌਰ ਤੇ ਰਿਚੂ ਗੋਇਲ ਨਾਲ ਸਬੰਧ ਸੁਖਾਵੇਂ ਨਹੀਂ ਸਨ। ਉਸ ਨੇ ਆਪਣੀ ਨਿੱਜੀ ਰੰਜਿਸ਼ ਕੱਢਣ ਖਾਤਰ ਮਿਤੀ 1ਅਕਤੂਬਰ 2020 ਨੂੰ ਆਪਣੇ ਮੋਬਾਇਲ ਰਾਹੀਂ ਰਜਿੰਦਰ ਕੁਮਾਰ ਨਾਮ ਦੇ ਵਿਅਕਤੀ ਨੂੰ ਖੂਨਦਾਨ ਦੇਣ ਲਈ ਬੁਲਾਇਆ ਸੀ ਜੋਕਿ ਏਡਜ਼ ਪੀੜਤ ਸੀ।
                      ਐਫਆਈਆਰ ਅਨੁਸਾਰ ਲੰਘੀ 3 ਅਕਤੂਬਰ ਇਹੋ ਖੂਨ ਚਿਲਡਰਨ ਹਸਪਤਾਲ ਬਠਿੰਡਾ ਵਿਖੇ ਥੈਲੀਸੀਮੀਆਂ ਤੋਂ ਪੀੜਤ ਬੱਚੀ ਨੂੰ ਲਗਾਇਆ ਗਿਆ ਜਿਸ ਬਾਰੇ ਮੁਲਜਮ ਨੂੰ ਜਾਣਕਾਰੀ ਸੀ। ਮੁਲਜਮ ਨੇ ਖੂਨਦਾਨ ਲਈ ਬੁਲਾਉਣ ਦੀ ਗੱਲ ਤੋਂ ਇਨਕਾਰ ਕੀਤਾ ਸੀ ਪਰ ਜਾਂਚ ਕਮੇਟੀ ਵੱਲੋਂ ਕੀਤੀ ਪੜਤਾਲ ’ਚ ਨਿੱਜੀ ਰੰਜਿਸ਼ ਖਾਤਰ ਅਜਿਹਾ ਕਰਨ ਦੀ ਗੱਲ ਸਾਹਮਣੇ ਆ ਗਈ। ਸਿਹਤ ਮੰਤਰੀ ਪੰਜਾਬ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਲੱਡ ਬੈਂਕ ਦੇ ਤਿੰਨਾਂ ਮੁਲਾਜਮਾਂ ਨੂੰ ਮੁਅੱਤਲ ਕਰ ਦਿੱਤਾ ਸੀ ਜਦੋਂਕਿ ਪੁਲਿਸ ਕੇਸ ਦਰਜ ਕਰਵਾਉਣ ਦੇ ਆਦੇਸ਼ ਦਿੱਤੇ ਸਨ। ਇੰਨਾਂ ਹੁਕਮਾਂ ਦੀ ਤਾਮੀਲ ਕਰਦਿਆਂ ਸਿਵਲ ਸਰਜਨ ਬਠਿੰਡਾ ਨੇ ਪੁਲਿਸ ਨੂੰ ਪੱਤਰ ਲਿਖਿਆ ਸੀ ਜਿਸ ਤਹਿਤ ਇਹ ਕਾਰਵਾਈ ਹੋਈ ਹੈ। ਪੁਲਿਸ ਕੇਸ ਅਨੁਸਾਰ ਫਿਲਹਾਲ ਇਸ ਮਾਮਲੇ ’ਚ ਕੋਈ ਗਿ੍ਰਫਤਾਰੀ ਨਹੀਂ ਕੀਤੀ ਗਈ ਹੈ।
                       ਦੱਸਣਯੋਗ ਹੈ ਕਿ ਸਰਕਾਰੀ ਬਲੱਡ ਬੈਂਕ ’ਚ ਬਗੈਰ ਪੜਤਾਲ ਤੋਂ ਕਥਿਤ ਅਣਗਹਿਲੀ ਤਹਿਤ  ਏਡਜ਼ ਪੀੜਤ ਵਿਅਕਤੀ ਦਾ ਖੂਨ ਇੱਕ ਔਰਤ ਨੂੰ ਲਗਾਇਆ ਗਿਆ ਸੀ। ਮਹੱਤਵਪੂਰਨ ਤੱਥ ਹੈ ਕਿ ਬੱਚਿਆਂ ਦੇ ਹਸਪਤਾਲ ’ਚ  ਇਲਾਜ ਲਈ ਆਈ  ਥੈਲੇਸੀਮੀਆ ਪੀੜਤ ਬੱਚੀ ਇਲਾਜ ਨੂੰ ਵੀ ਇਹੀ ਖੂਨ ਜਾਰੀ ਕਰ ਦਿੱਤਾ ਜੋ ਲੱਗ ਵੀ ਗਿਆ। ਜਦੋਂ ਭੇਦ ਖੁੱਲ ਗਿਆ ਤਾਂ ਐਸਐਮਓ ਡਾ ਮਨਿੰਦਰਪਾਲ ਸਿੰਘ ਦੀ ਅਗਵਾਈ ਹੇਠ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਸੀ ਜਿਸ ਦੀ ਰਿਪੋਰਟ ’ਚ ਇਹ ਮਾਮਲਾ ਸਾਬਤ ਹੋ ਗਿਆ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਬਲੱਡ ਬੈਂਕ ਨੂੰ ਖੂਨਦ ਦੇ ਏਡਜ਼ ਪੀੜਤ ਹੋਣ ਅਤੇ ਔਰਤ ਨੂੰ ਖੂਨ ਚੜਾਉਣ ਬਾਰੇ ਪਤਾ ਲੱਗ ਗਿਆ ਸੀ। ਇਸ ਦੇ ਬਾਵਜੂਦ ਵੀ ਨਾਂ ਤਾਂ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਨਾਂ ਹੀ ਔਰਤ ਦੀ ਜਿੰਦਗੀ ਦਾ ਖਿਆਲ ਰੱਖਿਆ।
                       ਰਿਪੋਰਟ ਅਨੁਸਾਰ ਦੋਵਾਂ ਦੀ ਪੜਤਾਲ ਵੀ ਨਹੀਂ ਕਰਵਾਈ ਗਈ ਅਤੇ ਉਨਾਂ ਨੂੰ ਏਆਰਟੀ ਸੈਂਟਰ ’ਚ ਵੀ ਨਹੀਂ ਭੇਜਿਆ ਹੈ।  ਰਿਪੋਰਟ ’ਚ ਬਲੱਡ ਬੈਂਕ ਨੂੰ ਰੱਬ ਆਸਰੇ ਛੱਡਣ ਦੀ ਗੱਲ ਵੀ ਆਖੀ ਗਈ ਹੈ। ਜਾਂਚ ਕਮੇਟੀ ਇਸ ਸਿੱਟੇ ਤੇ ਪੁੱਜੀ ਹੈ ਕਿ ਮੁਲਾਜਮ ਨੇ ਘੋਰ ਬੇਇਨਸਾਫੀ ਕੀਤੀ ਹੈ ਅਤੇ ਬੱਚੀ ਦੀ ਜਿੰਦਗੀ ਨਾਲ ਖਿਲਵਾੜ ਹੋਣ ਦਿੱਤਾ। ਰਿਪੋਰਟ ਅਨੁਸਾਰ ਜੇਕਰ ਉਸ ਨੇ ਅਧਿਕਾਰੀਆਂ ਕੋਲ ਖੁਲਾਸਾ ਕਰ ਦਿੱਤਾ ਹੁੰਦਾ ਤਾਂ ਇੱਕ ਬਹੁਤ ਹੀ ਘਿਨਾਉਣੇ ਕਾਂਡ ਨੂੰ ਰੋਕਿਆ ਜਾ ਸਕਦਾ ਸੀ। ਜਾਂਚ ਕਮੇਟੀ ਨੇ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ’ਚ ਐਚਆਈਵੀ ਕਿੱਟਾਂ ਦੀ ਵਰਤੋਂ ’ਚ ਗੜਬੜ ਹੋਣ ਬਾਰੇ ਖੁਲਾਸਾ ਕਰਦਿਆਂ ਇਸ ਦੀ ਵੱਖਰੀ ਜਾਂਚ ਦੀ ਸਿਫਾਰਸ਼ ਕੀਤੀ ਹੈ। ਬਲੱਡ ਬੈਂਕ ਦੀ ਬੀਟੀਓ ਡਾ ਕਰਿਸ਼ਮਾ,ਬਲਦੇਵ ਸਿੰਘ ਰੋਮਾਣਾ ਅਤੇ ਰਿਚੂ ਗੋਇਲ ਨੂੰ ਤਬਦੀਲ ਕਰ ਦਿੱਤਾ ਗਿਆ ਸੀ।

                          ਪੀੜਤਾਂ ਨੂੰ ਮੁਆਵਜਾ ਦੇਵੇ ਸਰਕਾਰ:ਕੁਸਲਾ
    ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਖੂਨਦਾਨ ਮਹਾਂਦਾਨ ਮੰਨਿਆ ਗਿਆ ਹੈ ਇਸ ਲਈ ਬਲੱਡ ਬੈਂਕ ਮੁਲਾਜਮਾਂ ਦਾ ਵਿਹਾਰ ਵੀ ਇਸ ਨੂੰ ਦੇਖਦਿਆਂ ਪੂਰੀ ਤਰਾਂ ਨਿਰਪੱਖ ਅਤੇ ਸੁੱਚਾ ਹੋਣਾ ਚਾਹੀਦਾ ਹੈ ਜਦੋਂਕਿ ਮੁਲਾਜਮ ਤਾਂ ਖੂਨ ਰਾਹੀਂ ਕਿੱੜਾਂ ਕੱਢਣ ਤੁਰ ਪਏ ਹਨ। ਉਨਾਂ ਆਖਿਆ ਕਿ ਮੁਲਾਜਮਾਂ ਦੀ ਕਥਿਤ ਲਾਪਰਵਾਹੀ ਨੇ ਦੋ ਜਣਿਆਂ ਦੀ ਜਾਨ ਖਤਰੇ ਵਿੱਚ ਪਾ ਦਿੱਤੀ ਹੈ। ਉਨਾਂ ਆਖਿਆ ਕਿ ਆਮ ਲੋਕ ਤਾਂ ਇਸ ਕਦਰ ਡਰ ਗਏ ਹਨ ਕਿ ਜਿੰਦਗੀ ਬਚਾਉਣ ਲਈ ਆਉਣ ਵਾਲਾ ਮਰੀਜ ਇਸ ਤਰਾਂ ਦੇ ਵਤੀਰੇ ਕਾਰਨ ਹਮੇਸ਼ਾ ਲਈ ਰੋਗੀ ਬਣ ਸਕਦਾ ਹੈ। ਉਨਾਂ ਆਖਿਆ ਕਿ ਮੁਲਾਜਮਾਂ ਬਲੱਡ ਬੈਂਕ ਦੀ ਸਾਖ ਦਾਅ ਲਾ ਦਿੱਤੀ ਹੈ ਜੋਕਿ ਚਿੰਤਾਜਨਕ ਹੈ। ਉਨਾਂ ਪੰਜਾਬ ਸਰਕਾਰ ਤੋਂ ਪੀੜਤ ਵਿਅਕਤੀਆਂ ਨੂੰ ਢੁੱਕਵਾਂ ਮੁਆਵਜਾ ਦੇਣ ਦੀ ਮੰਗ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!