ਅਸ਼ੋਕ ਵਰਮਾ
ਬਠਿੰਡਾ, 9ਅਕਤੂਬਰ2020: ਸਿਵਲ ਹਸਪਤਾਲ ਬਠਿੰਡਾ ਵਿਚਲੇ ਬਲੱਡ ਬੈਂਕ ਵੱਲੋਂ ਇੱਕ ਔਰਤ ਅਤੇ ਇੱਕ ਬੱਚੇ ਨੂੰ ਐਚਆਈਵੀ ਪਾਜ਼ਿਟਿਵ ਦਾ ਖੂਨ ਚੜਾਉਣ ਦੇ ਮਾਮਲੇ ’ਚ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਮੁਢਲੇ ਤੱਥਾਂ ਤੇ ਗੌਰ ਕਰਦਿਆਂ ਸਿਹਤ ਅਤੇ ਪ੍ਰੀਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਸਬੰਧਤ ਮੁਲਾਜਮ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਵਲ ਹਸਪਤਾਲ ਪ੍ਰਬੰਧਕਾਂ ਨੇ ਮੁਢਲੀ ਪੜਤਾਲ ਉਪਰੰਤ ਬਲੱਡ ਬੈਂਕ ਦੀ ਬਲੱਡ ਬੈਂਕ ਦੀ ਬੀਟੀਓ ਡਾ. ਕਰਿਸ਼ਮਾ ਦੀ ਬਦਲੀ ਗੋਨਿਆਣਾ ਕਰ ਦਿੱਤੀ ਗਈ ਹੈ ਜਦੋਂਕਿ ਸੀਨੀਅਰ ਐੱਮਐੱਲਟੀ ਬਲਦੇਵ ਸਿੰਘ ਰੋਮਾਣਾ ਨੂੰ ਤਲਵੰਡੀ ਸਾਬੋ ਅਤੇ ਐੱਮਐੱਲਟੀ ਰਿਤੂ ਗੋਇਲ ਨੂੰ ਸਰਕਾਰੀ ਹਸਪਤਾਲ ਘੁੱਦਾ ਬਦਲ ਦਿੱਤਾ ਗਿਆ ਹੈ। ਕਮਿਸ਼ਨ ਦੇ ਆਦੇਸ਼ਾਂ ਉਪਰੰਤ ਹੁਣ ਗੇਂਦ ਸਿਹਤ ਸਕੱਤਰ ਦੇ ਪਾਲੇ ’ਚ ਚਲੀ ਗਈ ਹੈ।
ਦੱਸਣਯੋਗ ਹੈ ਕਿ ਸਿਵਲ ਹਸਪਤਾਲ ਵਿਚਲੇ ਬਲੱਡ ਬੈਂਕ ’ਚ ਬਿਨਾਂ ਜਾਂਚ ਕੀਤਿਆਂ ਕਥਿਤ ਅਣਗਹਿਲੀ ਤਹਿਤ ਐਚਆਈਵੀ ਪਾਜ਼ਿਟਿਵ ਵਿਅਕਤੀ ਦਾ ਖੂਨ ਇੱਕ ਔਰਤ ਨੂੰ ਜਾਰੀ ਕਰ ਦਿੱਤਾ ਜਿਸ ਨੂੰ ਅੱਞੇ ਚੜਾਇਆ ਵੀ ਗਿਆ ਜਦੋਂਕਿ ਇਸੇ ਖੂਨ ਦੀ ਇਹੋ ਪ੍ਰਕਿਰਿਆ ਥੈਲੇਸੀਮੀਆ ਤੋਂ ਪੀੜਤ ਬੱਚੇ ਨਾਲ ਵੀ ਅਪਣਾਈ ਗਈ। ਐਸਐਮਓ ਮਨਿੰਦਰਪਾਲ ਸਿੰਘ ਦੀ ਅਗਵਾਈ ਹੇਠ ਬਣਾਈ ਤਿੰਨ ਮੈਂਬਰੀ ਜਾਂਚ ਕਮੇਟੀ ਦੀ ਪੜਤਾਲ ਦੌਰਾਨ ਭੇਦ ਖੁੱਲ ਗਿਆ। ਮਹੱਤਵਪੂਰਨ ਤੱਥ ਹੈ ਕਿ ਬਲੱਡ ਬੈਂਕ ਵੱਲੋਂ ਖੂਨਦਾਨੀ ਨੂੰ ਇਸ ਬਾਰੇ ਨਹੀਂ ਦੱਸਿਆ ਬਲਕਿ ਇਸ ਤੋਂ ਵੱਡੀ ਅਣਗਹਿਲੀ ਵਰਤਦਿਆਂ ਥੈਲੇਸੀਮੀਆਂ ਪੀੜਤ ਬੱਚੀ ਨੂੰ ਵੀ ਉਸ ਦਾ ਖੁਨ ਚੜਾਇਆ ਗਿਆ।
ਪੜਤਾਲੀਆ ਰਿਪੋਰਟ ਅਨੁਸਾਰ ਮਈ 2020 ’ਚ ਹੀ ਬਲੱਡ ਬੈਂਕ ਬਠਿੰਡਾ ਨੂੰ ਖੂਨਦਾਨੀ ਦੇ ਏਡਜ਼ ਪੀੜਤ ਹੋਣ ਅਤੇ ਇੱਕ ਔਰਤ ਨੂੰ ਖੂਨ ਚੜਏ ਜਾਣ ਬਾਰੇ ਪਤਾ ਲੱਗ ਗਿਆ ਸੀ ਜਿਸ ਬਾਰੇ ਅਧਿਕਾਰੀਆਂ ਨੂੰ ਦੱਸਣ ਦੀ ਥਾਂ ਚੁੱਪ ਵੱਟੀ ਰੱਖੀ। ਇਸ ਤਰਾਂ ਹੀ ਪੀੜਤ ਬੱਚੇ ਦੀ ਜਾਨ ਨੂੰ ਵੀ ਦਾਅ ਤੇ ਲਾ ਦਿੱਤਾ ਗਿਆ ਹੈ। ਰਿਪੋਰਟ ਅਨੁਸਰ ਰੰਜਿਸ਼ ਕੱਢਣ ਲਈ ਇਹ ਸਭ ਕੁੱਝ ਕੀਤਾ ਗਿਆ ਹੈ।ਇਸ ਸਬੰਧੀ ਸੰਪਰਕ ਕਰਨ ਤੇ ਸਿਵਲ ਸਰਜਨ ਡਾ ਅਮਰੀਕ ਸਿੰਘ ਸੰਧੂ ਨੇ ਫੋਨ ਨਹੀਂ ਚੁੱਕਿਆ ਜਦੋਂਕਿ ਹਸਪਤਾਲ ਦੇ ਇੱਕ ਮੁਲਾਜਮ ਨੇ ਉਨਾਂ ਦੇ ਰੁੱਝੇ ਹੋਣ ਦੀ ਗੱਲ ਆਖੀ ਹੈ।