ਅਸ਼ੋਕ ਵਰਮਾ
ਬਠਿੰਡਾ, 6ਅਕਤੂਬਰ2020:
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੀਆਂ ਕੱਤੀ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੱਜ ਧਰਨਾਕਾਰੀ ਕਿਸਾਨਾਂ ਨੇ ਕੰਬਾਈਨਾਂ ਤੇ ਐਸਐਮਐਸ ਸਿਸਟਮ ਲਾਉਣ ਦੇ ਹੁਕਮਾਂ ਖਿਲਾਫ ਰੋਸ ਮਾਰਚ ਕੀਤਾ ਅਤੇ ਆਪਣਾ ਫੈਸਲਾ ਵਾਪਿਸ ਲੈਣ ਦੀ ਮੰਗ ਕੀਤੀ। ਕਿਸਾਨਾਂ ਇਸ ਸਿਸਟਮ ਤੋਂ ਰਹਿਤ ਕੰਬਾਈਨ ਮਾਲਕਾਂ ਨੂੰ ਪਹਿਲੀ ਵਾਰ ਪੰਜਾਹ ਹਜ਼ਾਰ ਰੁਪਏ ਜੁਰਮਾਨਾ, ਦੂਜੀ ਵਾਰ ਇੱਕ ਲੱਖ ਰੁਪਏ ਤੇ ਤੀਜੀ ਵਾਰ ਡੇਢ ਲੱਖ ਰੁਪਏ ਜੁਰਮਾਨਾ ਲਾਉਣ ਦੇ ਐਲਾਨ ਦਾ ਵਿਰੋਧ ਕਰ ਰਹੇ ਸਨ।
ਕਿਸਾਨ ਰੇਲਵੇ ਟਰੈਕ ਤੋਂ ਚੱਲ ਕੇ ਮਾਰਚ ਕਰਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫਤਰ ਅੱਗੇ ਪਹੁੰਚੇ ਅਤੇ ਇਸ ਐਲਾਨ ਨੂੰ ਵਾਪਸ ਕਰਵਾਉਣ ਵਾਸਤੇ ਨਾਅਰੇਬਾਜੀ ਵੀ ਕੀਤੀ। ਇਸ ਮੌਕੇ ਬੀਕੇਯੂ ਸਿੱਧੂਪੁਰ ਦੇ ਰਣਜੀਤ ਸਿੰਘ ਜੀਦਾ, ਬੀਕੇਯੂ ਮਾਨਸਾ ਦੇ ਬੇਅੰਤ ਸਿੰਘ ਮਹਿਮਾ ਸਰਜਾ, ਬੀਕੇਯੂ ਡਕੌਂਦਾ ਦੇ ਹਰਵਿੰਦਰ ਸਿੰਘ ਫਰੀਦਕੋਟ ਕੋਟਲੀ, ਜਮੂਹਰੀ ਕਿਸਾਨ ਸਭਾ ਦੇ ਨਾਇਬ ਸਿੰਘ ਫੂਸ ਮੰਡੀ, ਕਿਰਤੀ ਕਿਸਾਨ ਯੂਨੀਅਨ ਦੇ ਸੁਖਦੀਪ ਸਿੰਘ ਬਾਠ, ਕੁਲ ਹਿੰਦ ਕਿਸਾਨ ਸਭਾ ਦੇ ਬਲਕਰਨ ਸਿੰਘ ਬਰਾੜ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਮਿੱਠੂ ਸਿੰਘ ਘੁੱਦਾ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਉਨਾਂ ਕਿਹਾ ਕਿ ਪੰਜਾਬ ’ਚ ਝੋਨੇ ਦੀ ਪਰਾਲੀ ਤੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਤੇ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਰੋਕਣ ਲਈ ਕੰਬਾਈਨਾਂ ’ਤੇ ਪਰਾਲੀ ਦਾ ਕੁਤਰਾ ਕਰਨ ਵਾਲਾ ਐਮਐਸ.ਯੰਤਰ ਲਾਉਣ ਦੇ ਫੁਰਮਾਨ ਖ਼ਿਲਾਫ਼ ਮਾਲਕਾਂ ਨੇ ਰੋਸ ਜਾਹਰ ਕੀਤਾ ਹੈ। ਉਨਾਂ ਕਿਹਾ ਕਿ ਇਹ ਯੰਤਰ 2 ਲੱਖ ਰੁਪਏ ਦਾ ਹੈ ਜੋ ਕੰਬਾਈਨ ਮਾਲਕਾਂ ਵੱਲੋਂ ਲਾਉਣਾ ਸੰਭਵ ਨਹੀਂ ਅਤੇ ਇਸ ਤੋਂ ਇਲਾਵਾ ਕਿਸਾਨਾਂ ਦਾ ਪ੍ਰਤੀ ਏਕੜ ਦੋ ਤੋਂ ਢਾਈ ਕਵਿੰਟਲ ਝੋਨੇ ਦਾ ਨੁਕਸਾਨ ਹੋਵੇਗਾ।
ਉਨਾਂ ਦਾਅਵਾ ਕੀਤਾ ਕਿ ਇਹ ਯੰਤਰ ਲਗਾਉਣ ਨਾਲ ਝੋਨਾ ਕੱਟਣ ਦੀ ਸਮਰੱਥਾ ਵੀ ਘਟੇਗੀ ਤੇ ਕਟਾਈ ਸਮੇਂ ਜੋ ਝੋਨਾ ਮਸ਼ੀਨ ਪਿੱਛੇ ਆਉਂਦਾ ਹੈ ਉਸ ਬਾਰੇ ਵੀ ਪਤਾ ਨਹੀਂ ਚੱਲੇਗਾ। ਆਗੂਆਂ ਨੇ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੰਦੇ ਕੈਪਟਨ ਸਰਕਾਰ ਨੂੰ ਇਹ ਫ਼ੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ। ਓਧਰ ਆਗੂਆਂ ਨੇ ਦੱਸਿਆ ਕਿ ਰੇਲ ਰੋਕੋ ਧਰਨਾ ਛੇਵੇਂ ਦਿਨ ’ਚ ਦਾਖਲ ਹੋ ਗਿਆ ਹੈ ਅਤੇ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ।ਆਗੂਆਂ ਨੇ ਕਿਸਾਨ ਭਰਾਵਾਂ ਨੂੰ ਵੱਧ ਚੜ ਕੇ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਜੋ ਮੋਸਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਜਮੀਨਾਂ ਤੇ ਕਬਜਾ ਕਰਵਾਉਣ ਵਾਲੇ ਹੱਲੇ ਨੂੰ ਪਛਾੜਿਆ ਜਾ ਸਕੇ।