ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਿਰਫ਼ ਭਾਰਤ ਹੀ ਨਹੀਂ ਬਲਕਿ ਸਮੁੱਚੇ ਵਿਸ਼ਵ ਵਿੱਚ ਵਸਦੇ ਭਾਰਤੀ ਮੂਲ ਦੇ ਲੋਕਾਂ ਵੱਲੋਂ ਹਾਥਰਸ ਕਾਂਡ ਖਿਲਾਫ਼ ਆਪਣਾ ਵਿਰੋਧ ਦਰਜ ਕੀਤਾ ਜਾ ਰਿਹਾ ਹੈ। ਸਰਕਾਰ ਦੀ ਢਿੱਲੀ ਕਾਰਵਾਈ ਅਤੇ ਨੇਤਾਵਾਂ ਦੀ ਗੈਰਸੰਜੀਦਾ ਬਿਆਨਬਾਜ਼ੀ ਦੀ ਆਲੋਚਨਾ ਹੋ ਰਹੀ ਹੈ। ਗਲਾਸਗੋ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਵੱਲੋਂ ਹਾਥਰਸ ਕਾਂਡ ਖਿਲਾਫ਼ ਵਿਲੱਖਣ ਢੰਗ ਨਾਲ਼ ਇਕੱਲਿਆਂ ਹੀ ਮੌਨ ਰਹਿ ਕੇ ਦੋ ਦਿਨਾ ਪ੍ਰਦਰਸ਼ਨ ਦਾ ਪ੍ਰੋਗਰਾਮ ਉਲੀਕਿਆ। ਹੱਥਾਂ ਵਿੱਚ ਨਾਹਰਿਆਂ ਵਾਲੀਆਂ ਤਖਤੀਆਂ ਫੜ੍ਹ ਕੇ ਸੜਕ ਕਿਨਾਰੇ ਖੜੇ ਨੌਜਵਾਨ ਰਾਹਗੀਰਾਂ ਦਾ ਧਿਆਨ ਖਿੱਚਦੇ ਰਹੇ। ਉਹਨਾਂ ਦਾ ਸਾਥ ਦੇਣ ਲਈ ਸਕਾਟਿਸ਼ ਇੰਡੀਅਨ ਫਾਰ ਜਸਟਿਸ ਦੇ ਕਾਰਕੁਨਾਂ ਵੱਲੋਂ ਹੱਥ ਵਧਾਇਆ ਗਿਆ ਤੇ ਕਾਰਵਾਂ ਬਣ ਗਿਆ। ਵਿਦਿਆਰਥੀਆਂ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਉਹਨਾਂ ਦਾ ਮਕਸਦ ਲੋਕਾਂ ਨੂੰ ਸੁਚੇਤ ਕਰਨ ਦੇ ਨਾਲ ਨਾਲ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣਾ ਹੈ ਕਿ ਉਹ ਦਲਿਤ ਸਮਾਜ ਉੱਪਰ ਹੁੰਦੇ ਅੱਤਿਆਚਾਰਾਂ ਖਿਲਾਫ ਆਪਣੀ ਜ਼ੁਬਾਨ ਖੋਲ੍ਹੇ, ਨਾ ਕਿ ਚਹੇਤੇ ਉੱਚ ਵਰਗ ਦੇ ਲੋਕਾਂ ਦੇ ਹੱਕ ਵਿੱਚ ਭੁਗਤੇ।