ਅਸ਼ੋਕ ਵਰਮਾ
ਬਠਿੰਡਾ,3 ਅਕਤੂਬਰ 2020: ਸਿੱਖਿਆ ਵਿਭਾਗ ’ਚ ਬਤੌਰ ਪੰਜਾਬੀ ਮਾਸਟਰ ਲਗਾਤਾਰ 37 ਸਾਲ ਬੇਦਾਗ ਸੇਵਾਵਾਂ ਨਿਭਾਉਣ ਉਪਰੰਤ ਮਾਸਟਰ ਗੋਬਿੰਦ ਲਾਲ ਸਰਕਾਰੀ ਮਿਡਲ ਸਕੂਲ ਬੀੜ ਤਲਾਬ ਬਸਤੀ ਨੰਬਰ 2-3 ਬਠਿੰਡਾ ਤੋਂ ਸੇਵਾ ਮੁਕਤ ਹੋ ਗਏ ਹਨ। ਇਸ ਮੌਕੇ ਜਿਲਾ ਸਿੱਖਿਆ ਅਫਸਰ ਬਠਿੰਡਾ ਸੈਕੰਡਰੀ ਮਨਿੰਦਰ ਕੌਰ ਅਤੇ ਡੀਈਓ ਐਲੀਮੈਂਟਰੀ ਹਰਦੀਪ ਸਿੰਘ ਤੱਗੜ ਨੇ ਉਨਾਂ ਨੂੰ ਪ੍ਰਸੰਸਾ ਪੱਤਰ ਦਿੱਤਾ ਜੋ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। ਉਨਾਂ ਦੇ ਸੇਵਾਮੁਕਤੀ ਸਮਾਗਮ ’ਚ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਅਤੇ ਉਨਾਂ ਦੀ ਧਰਮਪਤਨੀ ਸੇਵਾਮੁਕਤ ਜਿਲਾ ਸਿੱਖਿਆ ਅਫਸਰ ਤੇ ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਡਾ ਅਮਰਜੀਤ ਕੌਰ ਕੋਟਫੱਤਾ ਅਤੇ ਸਾਬਕਾ ਸਹਾਇਕ ਖੇਡ ਅਫਸਰ ਤੇ ਸਟੇਟ ਆਵਰਡੀ ਸ੍ਰੀਮਤੀ ਪਵਿੱਤਰ ਕੌਰ ਨੇ ਵੀ ਸ਼ਿਰਕਤ ਕੀਤੀ ਅਤੇ ਗੋਬਿੰਦ ਲਾਲ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ।
ਮਾਸਟਰ ਗੋਬਿੰਦ ਲਾਲ ਨੇ ਮੁੱਢਲੀ ਸਿੱਖਿਆ ਐਸ.ਐਸ ਡੀ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਤੋਂ ਪ੍ਰਾਪਤ ਕੀਤੀ । ਸੀ.ਪੀ.ਐਡ ਫਿਜੀਕਲ ਕਾਲਜ ਪਟਿਆਲਾ ਤੋਂ ਡਿਪਲੋਮਾ ਕਰਨ ਉਪਰੰਤ ਸਿੱਖਿਆ ਵਿਭਾਗ ਪੰਜਾਬ ਵਿੱਚ 25 ਅਕਤੂਬਰ1983 ਨੂੰ ਗੋਬਿੰਦ ਲਾਲ ਨੂੰ ਸਰਕਾਰੀ ਹਾਈ ਸਕੂਲ ਜੀਵਨ ਸਿੰਘ ਵਾਲਾ ਜਿਲਾ ਫਰੀਦਕੋਟ ’ਚ ਸਰੀਰਕ ਸਿੱਖਿਆ ਅਧਿਆਪਕ ਨਿਯੁਕਤ ਕੀਤਾ ਗਿਆ। ਜਿਲਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਉਨਾਂ ਨੇ ਬੱਚਿਆਂ ਨੂੰ ਪੜਾਉਣ ਦੇ ਨਾਲ -ਨਾਲ ਬੀ.ਏ. ਗਿਆਨੀ ਪ੍ਰਭਾਕਰ , ਬੀ.ਐਡ ਅਤੇ ਐਮ.ਏ ਪੰਜਾਬੀ ਕਰ ਲਈ ਜਿਸ ਦੇ ਅਧਾਰ ਤੇ ਉਨਾਂ ਨੂੰ 6 ਦਸੰਬਰ 2007 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਕਲਾਂ ਵਿਖੇ ਬਤੌਰ ਪੰਜਾਬੀ ਮਾਸਟਰ ਬਣਾ ਦਿੱਤਾ ਗਿਆ । ਇਸ ਤੋਂ ਬਾਅਦ ਉਹ ਲਗਾਤਾਰ ਸਰਕਾਰੀ ਮਿਡਲ.ਸਕੂਲ ਬਸਤੀ ਬੀੜ ਤਲਾਬ ਬਠਿੰਡਾ ਵਿਖੇ ਬਤੌਰ ਪੰਜਾਬੀ ਮਾਸਟਰ ਦੀ ਸੇਵਾ ਨਿਭਾਉਂਦਿਆਂ ਹੁਣ ਸੇਵਾਮੁਕਤ ਹੋ ਗਏ ਹਨ।
ਉਨਾਂ ਨੇ ਆਪਣੇ ਮਿਠਬੋਲੜੇ ਸੁਭਾਅ ਅਤੇ ਮਿਲਣਸਾਰਤਾ ਦੇ ਸਿਰ ਤੇ ਮਹਿਕਮੇ,ਆਪਣੇ ਸਾਥੀਆਂ ਅਤੇ ਸਮਾਜਿਕ ਸਫਾਂ ’ਚ ਚੰਗਾ ਨਾਮਣਾ ਖੱਟਿਆ ਹੈ। ਉਹ ਸੇਵਾ ਦੌਰਾਨ ਜੱਥੇਬੰਦਕ ਗਤੀਵਿਧੀਆਂ ’ਚ ਵੀ ਹਿੱਸਾ ਲੈਂਦੇ ਰਹੇ ਹਨ। ਸੇਵਾਮੁਕਤੀ ਸਮਾਗਮ ਮੌਕੇ ਐਸ.ਸੀ- ਬੀ.ਸੀ ਟੀਚਰ ਯੂਨੀਅਨ ਬਠਿੰਡਾ ਨੇ ਗੋਬਿੰਦ ਲਾਲ ਨੂੰ ਸਨਮਾਨ ਵਜੋਂ ਸੋਨੇ ਦੀ ਮੁੰਦਰੀ ਪਹਿਨਾਈ ਅਤੇ ਗੁਲਦਸਤਾ ਭੇਂਟ ਕੀਤਾ। ਇਸ ਮੌਕੇ ਸਮੂਹ ਪਤਵੰਤਿਆਂ ਅਧਿਆਪਕਾਂ ਨੇ ਗੋਬਿੰਦ ਲਾਲ ਨੂੰ ਉਨਾਂ ਦੀ ਅਗਲੀ ਪਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸਮਾਗਮ ’ਚ ਹਰਭਜਨ ਸਿੰਘ ,ਮਾਨ ਸਿੰਘ ਖਾਲਸਾ ,ਦਰਸ਼ਨ ਸਿੰਘ ਸਲਾਹਕਾਰ,ਚਰਨਜੀਤ ਸਿੰਘ, ਗੁਰਬਖਸ਼ ਸਿੰਘ , ਰੁਪਿੰਦਰਜੀਤ ਸਿੰਘ ਤੇ ਸੁਰਜੀਤ ਸਿੰਘ ਪੀ.ਟੀ.ਆਈ, ਰੁਪਿੰਦਰ ਸਿੰਘ ਪੀ.ਟੀ.ਆਈ, ਕੁਲਦੀਪ ਸਿੰਘ, ਸਤਨਾਮ ਸਿੰਘ ਪੰਜਾਬੀ ਮਾਸਟਰ ਬਾਲਿਆਂ ਵਾਲੀ, ਵਿਨੋਦ ਕੁਮਾਰ ਅਤੇ ਸੁਰਿੰਦਰ ਸਿੰਘ ਮੁਲਤਾਨੀਆ ਆਦਿ ਹਾਜਰ ਸਨ