ਜਰਨੈਲ ਸਿੰਘ ਘੋਲੀਆ (ਅਮਰੀਕਾ)
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਆੜਤਾਂ ਸੋਸਾਇਟੀਆਂ ਦੇ ਸਾਬ੍ਹ ਕੱਟ ਕੇ,
ਨਵੇਂ ਸਿਰੇ ਵਹੀ ਉੱਤੇ ਗੂਠਾ ਲਾਇ ਕੇ,
ਢਲੇ ਜਿਹੇ ਦਿਨ ਮੋਟਰ ਤੇ ਜਾਇ ਕੇ,
ਬੱਚਿਆਂ ਦੇ ਚਾਅ ਮਿੱਟੀ ‘ਚ ਮਿਲਾ ਗਿਆ।
ਔਖਾ ਹੋਇਆ ਜੱਟ ਸਲਫਾਸ ਖਾ ਗਿਆ।

ਜੱਟਾਂ ਦਾ ਭਵਿੱਖ ਤੰਗੀਆਂ ਨੇ ਖਾ ਲਿਆ,
ਚੌਥੀ ਵਿੱਚੋਂ ਪੁੱਤ ਪੜਨੋਂ ਹਟਾ ਲਿਆ,
ਕਾਪੀਆਂ ਕਿਤਾਬਾਂ ਫੀਸਾਂ ਅਤੇ ਵਰਦੀ,
ਸੋਨੇ ਜਿਹੇ ਪੁੱਤ ਲਈ ਨਾ ਇਹ ਵੀ ਸਰਦੀ,
ਗਹਿਣੇ ਪਈ ਜਮੀਨ ਉਹਦੇ ਨਾਮ ਲਾ ਗਿਆ।
ਔਖਾ ਹੋਇਆ ਜੱਟ ਸਲਫਾਸ ਖਾ ਗਿਆ।
ਘਰੇ ਛੋਟੀ ਭੈਣ ਦਾ ਸੀ ਵਿਆਹ ਧਰਿਆ,
ਕਿਵੇਂ ਪੂਰਾ ਕਰੇ ਇਕਰਾਰ ਕਰਿਆ,
ਸ਼ਹਿਰ ਜਾ ਕਿਡਣੀ ਕਢਾਤੀ ਜੱਟ ਨੇ,
ਫੁੱਲਾਂ ਜਿਹੀ ਭੈਣ ਡੋਲੀ ਪਾ ਤੀ ਜੱਟ ਨੇ,
ਜਾਂਦਾ ਜਾਂਦਾ ਇਹ ਵੀ ਫਰਜ ਨਿਭਾ ਗਿਆ।
ਔਖਾ ਹੋਇਆ ਜੱਟ ਸਲਫਾਸ ਖਾ ਗਿਆ।
ਪੂਰੇ ਸੀ ਪੰਜਾਬ ‘ਚ ਮੈੰ ਗੇੜਾ ਕੱਢਿਆ,
ਘੋਲੀਏ ਤੋੰ ਚੱਲ ਨਾ ਕੋਈ ਪਿੰਡ ਛੱਡਿਆ,
ਗਾਉਣ ਵਾਲੇ ਜੱਟਾੰ ਜੋ ਗੀਤ ਗਾਉਦੇ ਆ,
ਉਹੋ ਵੈਲੀ ਜੱਟ ਭਾਲੇ ਨਾ ਥਿਆਉਦੇ ਆ,
ਗਿੱਲ ਜਰਨੈਲ ਸੱਚੀਆੰ ਸੁਣਾ ਗਿਆ।
ਔਖਾ ਹੋਇਆ ਜੱਟ ਸਲਫਾਸ ਖਾ ਗਿਆ।