24.8 C
United Kingdom
Wednesday, June 24, 2026

More

    ਖੇਤੀ ਕਾਨੂੰਨ :ਭਾਜਪਾ ਤੇ ਕਾਰਪੋਰੇਟ ਕੰਪਨੀਆਂ ਨਾਲ ਖਹਿਣ ਦਾ ਸੱਦਾ

    ਅਸ਼ੋਕ ਵਰਮਾ
    ਚੰਡੀਗੜ,28 ਸਤੰਬਰ ।   ਪੰਜਾਬ ’ਚ ਸੰਘਰਸ਼ ਨੇ ਅੱਜ ਨਵਾਂ ਮੋੜਾ ਕੱਟਿਆ ਹੈ ਜਿਸ ਤਹਿਤ ਅੱਜ ਕਿਸਾਨ ਇਕੱਠਾਂ ਨੇ ਕੇਂਦਰ ’ਚ ਸਰਕਾਰ ਚਲਾ ਰਹੀ ਭਾਜਪਾ ਲੀਡਰਸ਼ਿਪ ਅਤੇ ਮੋਦੀ ਸਰਕਾਰ ਦੀ ਕਿਰਪਾ ਦਾ ਪਾਤਰ ਬਣੀਆਂ ਕਾਰਪੋਰੇਟ ਕੰਪਨੀਆਂ ਦੇ ਘਿਰਾਓ ਦਾ ਸੱਦਾ ਦੇ ਦਿੱਤਾ ਹੈ । ਭਾਰਤੀ ਕਿਸਾਨ ਯੂਨੀਅਨ  ਉਗਰਾਹਾਂ ਦੀ ਅਗਵਾਈ ’ਚ ਲੌਂਗੋਵਾਲ (ਸੰਗਰੂਰ), ਬੁੱਟਰ (ਮੋਗਾ), ਜੈਤੋ (ਫਰੀਦਕੋਟ), ਬੇਰ ਕਲਾਂ (ਲੁਧਿਆਣਾ ) ਤੇ ਮੱਤੇਨੰਗਲ (ਅੰਮਿ੍ਰਤਸਰ) ’ਚ ਹੋਏ ਇਕੱਠਾਂ ਵੋਲੋਂ ਕੀਤੇ ਫੈਸਲੇ ਨਾਲ ਟਕਰਾਅ ਦਾ ਨਵਾਂ ਮੁੱਢ ਬੱਝ ਗਿਆ ਹੈ। ਇਹ ਇਕੱਠ ਸ਼ਹੀਦੇਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਪੂਰੇ ਜੋਸ਼ੋ ਖਰੋਸ਼ ਨਾਲ ਮਨਾਉਣ ਅਤੇ ਸੰਗਰਾਮੀ ਹਫਤੇ ਦੀ ਸ਼ੁਰੂਆਤ ਵਜੋਂ ਕੀਤੇ ਗਏ ਸਨ ।  ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਹ ਵੀ ਦੱਸਿਆ ਕਿ 31 ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਸੱਦੇ ਤਹਿਤ ਇੱਕ ਅਕਤੂਬਰ ਤੋਂ ਕੀਤੇ ਜਾ ਰਹੇ ਰੇਲ ਰੋਕੋ ਐਕਸ਼ਨ ਵਿੱਚ ਵੀ ਭਰਵੀਂ ਸ਼ਮੂਲੀਅਤ ਕੀਤੀ ਜਾਏਗੀ। ਚਾਰਾਂ ਥਾਵਾਂ ਇਕੱਠਾਂ ਨੂੰ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਹਰਿੰਦਰ ਕੌਰ ਬਿੰਦੂ, ਰਾਜਵਿੰਦਰ ਸਿੰਘ ਰਾਮਨਗਰ  ਆਦਿ ਆਗੂਆਂ ਨੇ ਸੰਬੋਧਨ ਕੀਤਾ।
                           ਬੁਲਾਰਿਆਂ ਨੇ ਆਖਿਆ ਕਿ ਮੋਦੀ ਸਰਕਾਰ ਮੁਲਕ ਦੇ ਸਾਰੇ ਮਾਲ ਖਜ਼ਾਨੇ ਬਹੁਕੌਮੀ ਕੰਪਨੀਆਂ ਤੇ ਅੰਬਾਨੀ ਅਡਾਨੀ ਵਰਗੇ ਕਾਰਪੋਰੇਟ ਕਾਰੋਬਾਰੀਆਂ ਨੂੰ ਸੰਭਾਲਣ ‘ਤੇ ਤੁਲੀ ਹੋਈ ਹੈ। ਇਸ ਲਈ ਜਿੱਥੇ ਇੱਕ ਪਾਸੇ ਭਾਜਪਾ ਆਗੂਆਂ ਨੂੰ ਘੇਰ ਕੇ ਲੋਕ ਰੋਹ ਦਾ ਸੇਕ ਚਾੜਨਾ ਜ਼ਰੂਰੀ ਹੈ ਉੱਥੇ ਨਾਲ ਹੀ ਕਾਰਪੋਰੇਟ ਘਰਾਣਿਆਂ ਨੂੰ ਇਹ ਦੱਸਣਾ ਲਾਜਮੀ ਹੈ ਕਿ ਹੁਣ ਉਨਾਂ ਦੇ ਕਾਰੋਬਾਰ ਵੀ ਲੋਕ ਰੋਹ ਦੇ ਨਿਸ਼ਾਨੇ ‘ਤੇ ਆਉਣਗੇ। ਉਨਾਂ ਆਖਿਆ ਕਿ ਇਸ ਨੀਤੀ ਤਹਿਤ ਨਾ- ਸਿਰਫ ਆਪਣੇ ਖੇਤਾਂ ਤੇ ਫ਼ਸਲਾਂ ਨੂੰ ਹੜੱਪਣ ਦੇ ਮਨਸੂਬਿਆਂ ਨੂੰ ਚੁਣੌਤੀ ਦਿੱਤੀ ਜਾਏਗੀ ਸਗੋਂ ਉਨਾਂ ਦੇ ਚੱਲ ਰਹੇ ਕਾਰੋਬਾਰਾਂ ਨੂੰ ਵੀ ਨੱਥ ਪਾਉਣ ਲਈ ਅੱਗੇ ਆਇਆ ਜਾਏਗਾ। ਉਨਾਂ ਕਿਹਾ ਕਿ ਇਨਾਂ ਕਾਰੋਬਾਰਾਂ ਦਾ ਘਿਰਾਓ ਜਿੱਥੇ ਲੋਟੂ ਕਾਨੂੰਨਾਂ ਨੂੰ ਰੱਦ ਕਰਨ ਲਈ ਦਬਾਅ ਬਣਾਵੇਗਾ, ਉੱਥੇ ਇਸ ਲੁੱਟ ਬਰਦਾਸ਼ਤ ਨਾ ਕਰਨ ਦਾ ਲੋਕਾਂ ਦਾ ਐਲਾਨ ਵੀ ਬਣੇਗਾ। ਆਗੂਆਂ ਨੇ ਦੱਸਿਆ ਕਿ ਪੰਜਾਬ ਅੰਦਰ ਅਡਾਨੀ ਗਰੁੱਪ ਨੇ ਅਨਾਜ ਖਰੀਦ ਕੇ ਸਟੋਰ ਕਰਨ ਲਈ ਵੱਡੇ ਗ਼ੁਦਾਮ ਉਸਾਰੇ ਹੋਏ ਹਨ ਜਿੰਨਾਂ ਨੂੰ ਕਾਨੂੰਨ ਪਾਸ ਹੁੰਦਿਆਂ ਹੀ ਫੈਲਾਉਣਾ ਸ਼ੁਰੂ ਕਰ ਦਿੱਤਾ ਹੈ।
                              ਉਨਾਂ ਆਖਿਆ ਕਿ ਇਨਾਂ ਵੱਡੇ ਪ੍ਰਾਈਵੇਟ ਗੋਦਾਮਾਂ ਦੇ ਘਿਰਾਓ ਰਾਹੀਂ ਇਹ ਸੰਦੇਸ਼ ਦਿੱਤਾ ਜਾਵੇਗਾ ਕਿ ਪੰਜਾਬ ਅੰਦਰ ਖੇਤੀ ਖੇਤਰ ਨੂੰ ਇਉਂ ਹੜੱਪਣ ਨਹੀਂ ਦਿੱਤਾੇ ਜਾਣਗੇ। ਉਨਾਂ ਦੱਸਿਆ ਕਿ ਇਨਾਂ ਅਿੈਕਸ਼ਨਾਂ ‘ਚ ਸ਼ਾਮਲ ਹੋ ਕੇ ਖੇਤ ਮਜ਼ਦੂਰ ਤੇ ਹੋਰ ਗਰੀਬ ਪਰਿਵਾਰ ਵੀ ਇਸ ਅਨਾਜ ‘ਤੇ ਆਪਣਾ ਅਸਲ ਅਧਿਕਾਰ ਜਤਾਉਣਗੇ। ਉਨਾਂ ਕਿਹਾ ਕਿ ਸ਼ਾਪਿੰਗ ਮਾਲਾਂ ਤੇ ਪੈਟਰੋਲ ਪੰਪਾਂ ਆਦਿ ਦੇ ਘਿਰਾਓ ਰਾਹੀਂ ਸੁਣਵਾਈ ਕੀਤੀ ਜਾਵੇਗੀ ਕਿ ਉਹ ਸੂਬੇ ਅੰਦਰ ਲੁੱਟ ਦੇ ਪੰਜਿਆਂ ਨੂੰ ਹੋਰ ਫੈਲਾਉਣ ਤੋਂ ਬਾਜ਼ ਆਉਣ। ਉਹਨਾਂ ਦੋਸ਼ ਲਾਇਆ ਕਿ ਇਹ ਨਵਾਂ ਹਮਲਾ ਮੋਦੀ ਹਕੂਮਤ ਵੱਲੋਂ ਕਾਰਪੋਰੇਟਾਂ ਨੂੰ ਖੇਤੀ ਖੇਤਰ ‘ਚ ਅੰਨੀ ਲੁੱਟ ਮਚਾਉਣ ਦੀਆਂ ਖੁੱਲੀਆਂ ਛੋਟਾਂ ਦੇਣ ਦਾ ਹਮਲਾ ਹੈ ਇਸ ਲਈ ਹਰ ਕੋਈ ਇਸ ਸੰਗਰਾਮ ’ਚ ਸ਼ਾਮਲ ਹੋਵੇ। ਬੁਲਾਰਿਆਂ ਨੇ ਦੱਸਿਆ ਕਿ ਵੱਡੀ ਪੂੰਜੀ ਦੇ ਕਾਰੋਬਾਰਾਂ ਜਿਵੇਂ ਟੋਲ  ਪਲਾਜਿਆਂ ,ਬਹੁਕੌਮੀ ਕੰਪਨੀਆਂ ਦੇ ਸ਼ਾਪਿੰਗ ਮਾਲਾਂ ਜਿਵੇਂ ਵਾਲ ਮਾਰਟ ਦੇ ਬੈਸਟ ਪ੍ਰਾਈਸ ਵਗੈਰਾ ਤੇ ਪੈਪਸੀਕੋ ਵਰਗੀਆਂ ਕੰਪਨੀਆਂ ਦੇ ਕਾਰੋਬਾਰਾਂ ਦੇ ਘਿਰਾਓ ਐਕਸ਼ਨਾਂ ਰਾਹੀਂ ਸੰਘਰਸ਼ ਨੂੰ ਅਗਲੇ ਪੜਾਅ ‘ਤੇ ਲਿਜਾਇਆ ਜਾਵੇਗਾ।
                                  ਉਨਾਂ ਦੱਸਿਆ ਕਿ ਇਸੇ ਤਰਾਂ ਸਰਕਾਰੀ ਥਰਮਲਾਂ ਦਾ ਭੋਗ ਪਾ ਕੇ ਸਮੁੱਚਾ ਬਿਜਲੀ ਕਾਰੋਬਾਰ ਵੀ ਕਾਰਪੋਰੇਟਾਂ ਹਵਾਲੇ ਕਰਨ ਵਿਰੁੱਧ ਪ੍ਰਾਈਵੇਟ ਥਰਮਲਾਂ ਦੇ ਘਿਰਾਓ ਵੀ ਕੀਤੇ ਜਾਣਗੇ। ਮੌਜੂਦਾ ਘੋਲ ਪੜਾਅ ਅੱਜ ਦੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੋਂ ਲੈ ਕੇ 5 ਅਕਤੂਬਰ 1972 ਨੂੰ ਮੌਕੇ ਦੀ ਕਾਂਗਰਸੀ ਹਕੂਮਤ ਵੱਲੋਂ ਰਚਾਏ ਮੋਗਾ ਗੋਲੀ ਕਾਂਡ ਦੇ ਜ਼ਾਲਮ ਦਿਹਾੜੇ ਤੱਕ  ਸੰਗਰਾਮੀ ਹਫਤੇ ਵਜੋਂ ਸਮਰਪਿਤ ਹੋਵੇਗਾ। ਉਹਨਾਂ ਨੇ ਸ਼ਹੀਦ ਭਗਤ ਸਿੰਘ ਦੀ ਕਿਸਾਨ ਮਜਦੂਰ ਪੱਖੀ ਆਪਾਵਾਰੂ ਇਨਕਲਾਬੀ ਸੋਚ ‘ਤੇ ਪਹਿਰਾ ਦੇਣ ਦਾ ਸੱਦਾ ਦਿੱਤਾ। ਉਨਾਂ ਲੋਕਾਂ ਨੂੰ ਵਧ ਚੜ ਕੇ ਇਨਾਂ ਘਿਰਾਓ ਐਕਸ਼ਨਾਂ ‘ਚ ਸ਼ਾਮਲ ਹੋਣ ਲਈ ਕਿਹਾ ਅਤੇ ਨਾਲ ਹੀ ਅਪੀਲ ਵੀ ਕੀਤੀ ਕਿ ਇਨਾਂ ਘਿਰਾਓ ਐਕਸ਼ਨਾਂ ਨੂੰ ਸ਼ਾਂਤਮਈ ਰੱਖਣ ਲਈ ਹਰ ਪੱਖੋਂ ਜ਼ਬਤ ਦੀ ਪਾਲਣਾ , ਸ਼ਰਾਰਤੀ ਅਨਸਰਾਂ ਨੂੰ ਕਾਬੂ ‘ਚ ਰੱਖਣ ਲਈ ਪੂਰੀ ਚੌਕਸੀ , ਹਰ ਤਰਾਂ ਦੀ ਨਿਗਰਾਨੀ ਅਤੇ ਬਾਕਾਇਦਾ ਪਹਿਰੇਦਾਰੀ ਰਾਹੀਂ ਅਨੁਸ਼ਾਸਨ ਯਕੀਨੀ ਬਣਾਇਆ ਜਾਵੇ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!