ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

“ਜੇ ਕਿਸਾਨ ਹੀ ਨਪੀੜਿਆ ਗਿਆ ਜਾਂ ਚਾਲਾਂ ਕੁਚਾਲਾਂ ਤਹਿਤ ਖਤਮ ਕਰ ਦਿੱਤਾ ਗਿਆ ਤਾਂ ਕਿਸਾਨੀ ਨਾਲ ਜੁੜੇ ਧੰਦਿਆਂ ਦਾ ਹਸ਼ਰ ਹੋਰ ਵੀ ਬੁਰਾ ਹੋਵੇਗਾ। ਇੱਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਮੈਂ ਆਪਣਾ ਇਖਲਾਕੀ ਫ਼ਰਜ਼ ਸਮਝਦਾ ਹੋਇਆ ਕਿਸਾਨ ਸੰਘਰਸ਼ ਦੀ ਪੁਰਜ਼ੋਰ ਹਿਮਾਇਤ ਕਰਦਾ ਹਾਂ”, ਉਕਤ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਤੇ ਨੇਕ ਦਿਲ ਇਨਸਾਨ ਦਲਜਿੰਦਰ ਸਿੰਘ ਸਮਰਾ ਗੋਰਸੀਆਂ ਮੱਖਣ ਨੇ “ਪੰਜ ਦਰਿਆ” ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਹਨਾਂ ਭਾਵੁਕ ਹੁੰਦਿਆਂ ਕਿਹਾ ਕਿ ਸਰਕਾਰਾਂ ਆਪਣੇ ਕੁਝ ਕੁ ਨੇੜਲੇ ਧਨਾਢਾਂ ਨੂੰ ਲਾਹਾ ਦੇਣ ਲਈ ਨਵੇਂ ਤੋਂ ਨਵੇਂ ਕਾਨੂੰਨਾਂ ਦੇ ਪਰਦੇ ਤਾਣਦੀਆਂ ਰਹਿੰਦੀਆਂ ਹਨ। ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਉਹ ਵਾਕਿਆ ਹੀ ਕਿਸਾਨਾਂ ਦਾ ਭਲਾ ਚਾਹੁੰਦੀ ਹੈ ਤਾਂ ਆਪਣੇ ਇਸ ਤਾਨਾਸ਼ਾਹੀ ਫੈਸਲੇ ‘ਤੇ ਮੁੜ ਵਿਚਾਰ ਕਰੇ। ਸ੍ਰ: ਸਮਰਾ ਨੇ ਕਿਸਾਨਾਂ ਮਜ਼ਦੂਰਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਉਹ ਬੇਸ਼ੱਕ ਵਿਦੇਸ਼ ‘ਚ ਹਨ ਪਰ ਪੰਜਾਬ ਦਾ ਦਾਣਾ ਪਾਣੀ ਖਾ ਕੇ ਹੀ ਵਿਦੇਸ਼ਾਂ ‘ਚ ਆਏ ਹਾਂ। ਪੰਜਾਬ ਦੇ ਜੁਝਾਰੂ ਕਿਸਾਨਾਂ ਨਾਲ ਖੜ੍ਹਨਾ ਆਪਣਾ ਪਹਿਲਾ ਫ਼ਰਜ਼ ਸਮਝਦੇ ਹਾਂ। ਉਹਨਾਂ ਸਮੂਹ ਤਬਕਿਆਂ, ਕਾਰੋਬਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਇਸ ਸੰਘਰਸ਼ ‘ਚ ਬਣਦਾ ਸਾਥ ਦੇਣ।