24.1 C
United Kingdom
Wednesday, June 24, 2026

More

    ਅੱਖੀਆਂ ਦੇ ਵਿੱਚੋਂ

    ਦੁੱਖਭੰਜਨ ਰੰਧਾਵਾ
    0351920036369

    ਅੱਖੀਆਂ ਦੇ ਵਿੱਚੋਂ ਜੇ ਤੂੰ,
    ਨੀਰ ਬਣ ਵਹਿਣਾ ਸੀ |
    ਇਹ ਵੀ ਦੱਸ ਦੇਂਦੀ ਨੀ ਮੈਂ,
    ਦੁੱਖ ਕਿੱਦਾਂ ਸਹਿਣਾਂ ਸੀ |
    ਅੱਖੀਆਂ ਦੇ ਵਿੱਚੋਂ ਜੇ ਤੂੰ,
    ਨੀਰ ਬਣ ਵਹਿਣਾ ਸੀ |

    ਜੇ ਆ ਗਿਐ ਅਖੀਰੀ ਵੇਲਾ,
    ਏਨਾਂ ਨਜ਼ਦੀਕ ਨੀ |
    ਮੇਰੇ ਸਾਹਾਂ ਦੀ ਦੱਸ ਕੀ ਏ,
    ਆਖਰੀ ਤਰੀਕ ਨੀ |
    ਜਿਉਂਦਿਆਂ ਜੀ ਗਮ ਤੇਰਾ,
    ਮੇਰੇ ਲਈ ਗਹਿਣਾਂ ਸੀ |
    ਅੱਖੀਆਂ ਦੇ ਵਿੱਚੋਂ ਜੇ ਤੂੰ,
    ਨੀਰ ਬਣ ਵਹਿਣਾ ਸੀ |

    ਮੇਰੇ ਕੋਲ ਰਿਹਾ ਕੀ ਨੀ,
    ਰੁੱਗ ਬੱਸ ਦੁੱਖਾਂ ਦਾ |
    ਆਹੂਤੀ ਦੇ ਕੇ ਸੇਕਣਾ,
    ਪਿਆ ਸੇਕਾ ਸੁੱਖਾਂ ਦਾ |
    ਜੋ ਆ ਕੇ ਸਭ ਲੈ ਗਿਆ,
    ਸਮਾਂ ਹੀ ਕੁਲਹਿਣਾ ਸੀ |
    ਅੱਖੀਆਂ ਦੇ ਵਿੱਚੋਂ ਜੇ ਤੂੰ,
    ਨੀਰ ਬਣ ਵਹਿਣਾ ਸੀ |

    ਸੁੰਨੀਆਂ ਨੇ ਰਾਹਾਂ-ਰਾਹੀਂ,
    ਹੰਝੂਆਂ ਦੇ ਖਾਰ ਨੇ |
    ਨੀ ਹਾਸੇ ਤੇਰੇ ਖਾ ਲਏ ਮੈਂ,
    ਮੇਰੇ ਸਿਰ ਭਾਰ ਨੇਂ |
    ਕਿਲਕਾਰੀ ਤੇ ਪੀੜਾਂ ਦੋਵੇਂ,
    ਮਤਰੇਈਆਂ ਭੈਣਾਂ ਸੀ |
    ਅੱਖੀਆਂ ਦੇ ਵਿੱਚੋਂ ਜੇ ਤੂੰ,
    ਨੀਰ ਬਣ ਵਹਿਣਾ ਸੀ |

    ਨੀ ਤੇਰਿਆਂ ਤਮਾਸਿ਼ਆਂ ਚ,
    ਤਮਾਸ਼ਾ ਹੋ ਕੇ ਰਹਿ ਗਿਆ |
    ਨੀ ਬਣਨਾ ਸੀ ਕਿੰਨਾ ਪਰ,
    ਬਣਨੋਂ ਪਹਿਲਾਂ ਢਹਿ ਗਿਆ |
    ਰੱਬ ਹੀ ਜਾਣੇ ਤੇਰੇ ਕੋਲੋ,
    ਕੀ-ਕੀ ਉਸ ਲੈਣਾ ਸੀ |
    ਅੱਖੀਆਂ ਦੇ ਵਿੱਚੋਂ ਜੇ ਤੂੰ,
    ਨੀਰ ਬਣ ਵਹਿਣਾ ਸੀ |

    ਬਿਨਾਂ ਨੀ ਚਿਰਾਗਾਂ ਦੇ,
    ਸੀ ਹਨੇਰਾ ਰਿਹਾ ਮੱਚਦਾ |
    ਦੁੱਖਭੰਜਨ ਵੀ ਕਿੱਦਾਂ ਦੱਸ,
    ਹੋਣੀ ਕੋਲੋਂ ਬਚਦਾ |
    ਦੁੱਖਾਂ ਜਾਈ ਪੀੜ ਨਾਲ,
    ਢੁਕ-ਢੁਕ ਬਹਿਣਾ ਸੀ |
    ਅੱਖੀਆਂ ਦੇ ਵਿੱਚੋਂ ਜੇ ਤੂੰ,
    ਨੀਰ ਬਣ ਵਹਿਣਾ ਸੀ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!