ਮਲੇਰਕੋਟਲਾ, 24 ਸਤੰਬਰ (ਪੰਜ ਦਰਿਆ ਬਿਊਰੋ)-ਪਿਛਲੇ ਦਿਨੀਂ ਹਿੱਬਾਨਾਮਾ ਨੂੰ ਲੈ ਕੇ ਲੱਗੀ ਖਬਰ ਸਬੰਧੀ ਜਦੋਂ ਮਲੇਰਕੋਟਲਾ ਦੇ ਤਹਿਸੀਲਦਾਰ ਸ੍ਰੀ ਬਾਦਲਦੀਨ ਤੋਂ ਪੁੱਛਿਆ ਗਿਆ ਤਾਂ ਉਹਨਾਂ ਖਬਰ ਦਾ ਖੰਡਨ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਇਹ ਧਿਆਨ ਵਿਚ ਆਇਆ ਸੀ ਕਿ ਕੁੱਝ ਵਿਅਕਤੀਆਂ ਵਲੋਂ ਗਲਤ ਹਿੱਬੇਨਾਮੇ ਕਰਵਾਏ ਜਾ ਰਹੇ ਹਨ।ਜਿਸ ਕਾਰਨ ਹਿੱਬਾਨਾਮਾ ਕਰਨ ਸਬੰਧੀ ਉਹਨਾਂ ਵਲੋਂ ਗੰਭੀਰਤਾ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਗਲਤ ਵਿਅਕਤੀ ਹਿੱਬਾਨਾਮੇ ਦਾ ਫਾਇਦਾ ਨਾ ਲੈ ਸਕੇ।ਉਹਨਾਂ ਕਿਹਾ ਕਿ ਉਹਨਾਂ ਵਲੋਂ ਵਾਰ-ਵਾਰ ਧਾਰਮਿਕ ਆਗੂਆਂ, ਕੌਂਸਲਰਾਂ ਅਤੇ ਆਮ ਪਬਲਿਕ ਦੇ ਨੁਮਾਇੰਦਿਆਂ ਨੂੰ ਬੇਨਤੀ ਕੀਤੀ ਜਾ ਚੁੱਕੀ ਹੈ ਕਿ ਹਿੱਬਾ ਉਸੇ ਦਾ ਕਰਵਾਇਆ ਜਾਵੇ ਜਿਸਦਾ ਕੋਈ ਲੈਣ ਦੇਣ ਨਹੀਂ ਹੋਇਆ।ਪਰੰਤੂ ਹਿੱਬੇ ਦੀ ਆੜ ਵਿਚ ਕੁੱਝ ਵਿਅਕਤੀ ਬੈਅ-ਨੂੰ ਹਿੱਬਾ ਦਿਖਾ ਕਰ ਕੇ ਇੰਤਕਾਲ ਕਰਵਾ ਰਹੇ ਹਨ।ਜਿਸ ਕਾਰਨ ਸਰਕਾਰ ਦੇ ਮਾਲੀਏ ਤੇ ਫ਼ਰਕ ਪੈਂਦਾ ਹੈ।ਇਸ ਲਈ ਹਿੱਬਾ ਕਰਵਾਉਣ ਆਏ ਵਿਅਕਤੀਆਂ ਪਾਸੋਂ ਗੰਭੀਰਤਾ ਨਾਲ ਪੁੱਛ-ਗਿੱਛ ਜ਼ਰੂਰੀ ਹੈ।ਉਹਨਾਂ ਕਿਹਾ ਕਿ ਜ਼ਾਇਜ਼ ਹਿੱਬਾਨਾਮਾ ਉਪਰ ਕੋਈ ਰੋਕ ਨਹੀਂ ਹੈ ਅਤੇ ਆਮ ਪਬਲਿਕ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਂਦਾ ਹੈ।ਉਹਨਾਂ ਧਾਰਮਿਕ ਆਗੂਆਂ, ਕੌਂਸਲਰਾਂ ਅਤੇ ਆਮ ਪਬਲਿਕ ਦੇ ਨੁਮਾਇੰਦਿਆਂ ਨੂੰ ਦੁਬਾਰਾ ਅਪੀਲ ਕੀਤੀ ਕਿ ਉਹ ਸਿਰਫ਼ ਉਸੇ ਹਿੱਬੇ ਵਿਚ ਗਵਾਹੀ ਪਾਉਣ ਜਿਸ ਵਿਚ ਪੈਸੇ ਦਾ ਲੈਣ ਦੇਣ ਨਾ ਹੋਇਆ ਹੋਵੇ।
।