ਪੁੱਤਾਂ ਵਾਂਗ ਉਗਾਈਆਂ ਜਿਣਸਾਂ, ਮੰਡੀਏਂ ਰੁਲ਼ੀਆਂ ਤਰਸਾਂ ‘ਚ ,
ਤੇਰੇ ਵਗੇ ਪਸੀਨੇ ਦਾ ਮੁੱਲ, ਆੜ੍ਹਤੀਆਂ ਦੇ ਪਰਸਾਂ ‘ਚ ,
ਸਿਰ ਤੇ ਸਾਫ਼ਾ ਹੱਥ ਵਿੱਚ ਦਾਤੀ, ਗਿਣਤੀ ਮਿਣਤੀ ਫਰਜ਼ਾਂ ਦੀ.!
ਕਿਥੇ ਬਹਿ ਕੇ ਲੇਖ ਲਿਖਾਏ, ਕਰਮਾਂ ਵਿੱਚ ਪੰਡ ਕਰਜ਼ਾਂ ਦੀ..!
ਮਿਹਨਤ,ਅਣਖਾਂ,ਗ਼ੈਰਤ ਕਾਰਨ, ਬਾਗ਼ੀ ਆਖ ਬੁਲਾਇਆ ਵੀ,
ਸਰਹੱਦਾਂ ਤੇ ਹਿੱਕ ਤੇਰੀ ਨੂੰ, ਵਰ੍ਹਦੀਆਂ ਮੂਹਰੇ ਡਾਹਿਆ ਵੀ ,
ਕਿਉਂ ਭੁੱਲਦੀ ਤੂੰ ਦਿੱਲੀਏ, ਰੋਟੀ ਮੁਲਕ ਸਾਰੇ ਨੂੰ ਦਿੰਦੇ ਜੋ ,
ਜੈ ਜਵਾਨ ਤੇ ਜੈ ਕਿਸਾਨ ਹੀ ਦਵਾ ਰਹਿਣੀ ਸਭ ਮਰਜ਼ਾਂ ਦੀ.!
ਸਿਰ ਤੇ ਸਾਫ਼ਾ ਹੱਥ ਵਿੱਚ ਦਾਤੀ, ਗਿਣਤੀ ਮਿਣਤੀ ਫਰਜ਼ਾਂ ਦੀ..!
ਵਕਤ ਦੀਆਂ ਸਰਕਾਰਾਂ ਲੁੱਟਿਆ, ਕੁਝ ਡਾਹਢੇ ਦੀਆਂ ਮਾਰਾਂ ਕੁੱਟਿਆ,
ਤੇਰੇ ਸਿਰੜ,ਸਿਦਕ ਨੂੰ ਸਜਦੇ, ਪਰ ਹੁਣ ਸਬਰਾਂ ਦਾ ਬੰਨ੍ਹ ਟੁੱਟਿਆ ,
ਮੌਲਾ ਮੇਰੇ ਰਹਿਮਤ ਕਰ ਹੁਣ , ਤੂੰ ਹੀ ਅੰਨ ਦੇ ਦਾਤੇ ਤੇ ,
“ਹੈਪੀ” ਮੁੜ ਖੇਤਾਂ ਵਿੱਚ ਗੂੰਜੇ, ਹੇਕ ਮਾਹੀਏ ਦੀਆਂ ਤਰਜ਼ਾਂ ਦੀ.!
ਸਿਰ ਤੇ ਸਾਫ਼ਾ ਹੱਥ ਵਿੱਚ ਦਾਤੀ, ਗਿਣਤੀ ਮਿਣਤੀ ਫਰਜ਼ਾਂ ਦੀ.!
ਕਿਥੇ ਬਹਿ ਕੇ ਲੇਖ ਲਿਖਾਏ, ਕਰਮਾਂ ਵਿੱਚ ਪੰਡ ਕਰਜ਼ਾਂ ਦੀ..!
-ਹੈਪੀ ਚੌਧਰੀ
حیپی چوہدੈری