3.8 C
United Kingdom
Friday, March 6, 2026

More

    ਮਾਫ ਕਰੀਂ ਰੱਬਾ

    ਰਜਨੀ ਵਾਲੀਆ
    ਮਾਫ ਕਰੀਂ ਰੱਬਾ ਮੈਥੋਂ,
    ਹੋਵੇ ਕੋਈ ਭੁੱਲ ਨਾ |
    ਤੂੰ ਮੈਨੂੰ ਜੋ ਵੀ ਦਿੱਤੈ,
    ਮੈਥੋਂ ਜਾਵੇ ਕਿਤੇ ਡੁੱਲ ਨਾ |
    ਮਾਫ ਕਰੀਂ ਰੱਬਾ ਮੈਥੋਂ,
    ਹੋਵੇ ਕੋਈ ਭੁੱਲ ਨਾ |

    ਸਮਝੇ ਨਾ ਮਨ ਮੇਰਾ ਮੈਂ,
    ਬੜੀ ਪਰੇਸ਼ਾਨ ਵੇ |
    ਕਦੀ-ਕਦੀ ਆ ਜਾਂਦੀ ,
    ਕੜਿੱਕੀ ਵਿੱਚ ਜਾਨ ਵੇ |
    ਭੋਲੈ ਬੜਾ ਦਿਲ ਡਰਾਂ,
    ਜਾਵੇ ਕਿਤੇ ਰੁੱਲ ਨਾ |
    ਮਾਫ ਕਰੀਂ ਰੱਬਾ ਮੈਥੋਂ,
    ਹੋਵੇ ਕੋਈ ਭੁੱਲ ਨਾ |

    ਏਨਾਂ ਨਹੀਂ ਸਿਆਣਾਂ ਦਿਲ,
    ਕਰਦਾ ਨਿਆਣੀਆਂ |
    ਨਵੀਆਂ ਕੀ ਦੱਸਾਂ ਗੱਲਾਂ,
    ਭੁੱਲ ਜਾਵੇ ਪੁਰਾਣੀਆਂ |
    ਗੰਢ ਜਿਹੜੀ ਵੱਜੀ ਏ,
    ਜਾਵੇ ਕਿਤੇ ਖੁੱਲ ਨਾ |
    ਮਾਫ ਕਰੀਂ ਰੱਬਾ ਮੈਥੋਂ,
    ਹੋਵੇ ਕੋਈ ਭੁੱਲ ਨਾ |

    ਮੈਂ ਨਜ਼ਰਅੰਦਾਜ ਕਰਾਂ,
    ਉਹਦੀਆਂ ਕੁਤਾਈਆਂ ਨੂੰ |
    ਰੱਬ ਰੱਖੀ ਜਾਂਦੈ ਹੱਥ,
    ਦੇ ਕੇ ਬੇਪ੍ਰਵਾਹੀਆਂ ਨੂੰ |
    ਦਿਲਾ ਤੂੰ ਏਂ ਖਰਾ ਤਾਂ ਹੀ,
    ਤੇਰੇ ਕੋਈ ਤੁਲ ਨਾ |
    ਮਾਫ ਕਰੀਂ ਰੱਬਾ ਮੈਥੋਂ,
    ਹੋਵੇ ਕੋਈ ਭੁੱਲ ਨਾ |

    ਡਰਾਂ ਵੇ ਮੈਂ ਖਾਰ ਕਿਤੇ,
    ਤੈਨੂੰ ਚੁਭ ਜਾਣ ਨਾ |
    ਕੀੜੇ ਨੇ ਜੋ ਹੰਝੂਆਂ ਦੇ,
    ਨੋਚ-ਨੋਚ ਖਾਣ ਨਾ |
    ਸੱਧਰਾਂ ਦੇ ਬਾਗੋਂ ਕੁਮਲਾਉਣ,
    ਕਿਤੇ ਫੁੱਲ ਨਾ |
    ਮਾਫ ਕਰੀਂ ਰੱਬਾ ਮੈਥੋਂ,
    ਹੋਵੇ ਕੋਈ ਭੁੱਲ ਨਾ |

    ਦਿਲ ਕੋਲੋਂ ਲਵਾਂ ਗੱਲ,
    ਗੱਲ ਤੇ ਸਲਾਹ ਮੈਂ |
    ਗੁੱਸੇ ਵਿੱਚ ਆ ਕੇ ਰਵਾਂ,
    ਕਰਦੀ ਗਿਲਾ ਮੈਂ |
    ਬੇਸ਼ਕੀਮਤੀ ਏਂ ਦਿਲਾ,
    ਤੇਰਾ ਘਟਦਾ ਵੀ ਮੁੱਲ ਨਾ |
    ਮਾਫ ਕਰੀਂ ਰੱਬਾ ਮੈਥੋਂ,
    ਹੋਵੇ ਕੋਈ ਭੁੱਲ ਨਾ |

    ਤੇਰੇ ਆਸਰੇ ਜੋ ਰੋੜ ਲਈ,
    ਬੇੜੀ ਪਾਰ ਲਾ ਦੇਵੀਂ |
    ਡੋਲ ਨਾ ਜਾਵੇ ਮੇਰਾ,
    ਦਿਲ ਸਮਝਾ ਦੇਵੀਂ |
    ਆ ਜਾਣ ਹਵਾਵਾਂ ਭਾਵੇਂ,
    ਹਨੇਰ ਜਾਵੇ ਝੁੱਲ ਨਾ |
    ਮਾਫ ਕਰੀਂ ਰੱਬਾ ਮੈਥੋਂ,
    ਹੋਵੇ ਕੋਈ ਭੁੱਲ ਨਾ |

    ਸੁੱਕੇ ਹੋਏ ਪਤ ਵਾਂਗੂ,
    ਮੇਰੇ ਸਾਹ ਰਹਿਣ ਡੋਲਦੇ |
    ਆਉਂਦੇ ਜਾਂਦੇ ਗਮ ਦਿਲਾ,
    ਤੇਰੇ ਨਾਲ ਹੀ ਕਿਉਂ ਬੋਲਦੇ |
    ਰਹਿਣ ਦੇਵੀਂ ਡੱਕੀਆਂ ਹੀ,
    ਪੀੜਾਂ ਜਾਣ ਖੁੱਲ ਨਾ |
    ਮਾਫ ਕਰੀਂ ਰੱਬਾ ਮੈਥੋਂ,
    ਹੋਵੇ ਕੋਈ ਭੁੱਲ ਨਾ |

    ਦਿਲ ਅਵਾਜ਼ਾਰ ਰਹਿੰਦਾ,
    ਏਨੂੰ ਸਮਝਾਵਾਂ ਮੈਂ |
    ਕੀ ਮੈਥੋਂ ਚਾਹੁੰਦਾ ਏ,
    ਕਿੱਥੇ ਲੈ ਕੇ ਜਾਵਾਂ ਮੈਂ |
    ਹਨੇਰਾ ਅੱਗੇ ਈ ਬਹੁਤ,
    ਬੱਤੀ ਹੋ ਜਾਵੇ ਗੁੱਲ ਨਾ |
    ਮਾਫ ਕਰੀਂ ਰੱਬਾ ਮੈਥੋਂ,
    ਹੋਵੇ ਕੋਈ ਭੁੱਲ ਨਾ |

    ਰਜਨੀ ਕਰਦੀ ਫਿਕਰ ਬੜਾ,
    ਏਦਾ ਕੋਈ ਇਲਾਜ ਨਹੀ |
    ਦਿਲਾ ਸਮਝਦਾਰੀ ਰੱਖ ਕਦੇ,
    ਕਦੇ ਛੱਡਦਾ ਸਮਾਜ ਨਹੀ |
    ਭੱਠ ਹੰਝੂ ਭੁੱਜਦੇ ਨੇ,
    ਗਮਾਂ ਵਾਲੀ ਚੁੱਲ੍ਹ ਨਾ |
    ਮਾਫ ਕਰੀਂ ਰੱਬਾ ਮੈਥੋਂ,
    ਹੋਵੇ ਕੋਈ ਭੁੱਲ ਨਾ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!