3.5 C
United Kingdom
Sunday, March 8, 2026

More

    ਬੀਕੇਯੂ ਉਗਰਾਹਾਂ ਦੇ ਕਾਰਕੁੰਨਾਂ ਨੇ ਫੂਕੀਆਂ ਕੇਂਦਰੀ ਹਕੂਮਤ ਦੀਆਂ ਅਰਥੀਆਂ

    ਅਸ਼ੋਕ ਵਰਮਾ
    ਚੰਡੀਗੜ 20 ਸਤੰਬਰ ।  ਕਿਸਾਨ ਮਾਰੂ ਖੇਤੀ ਕਾਨੂੰਨਾਂ ਵਿਰੁੱਧ ਰੋਸ ਵਜੋਂ ਹਰਿਆਣੇ ਦੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਕਾਰਕੁੰਨਾਂ ਨੇ ਬਾਦਲ ਤੇ ਪਟਿਆਲਾ ਵਿਖੇ ਛੇ ਦਿਨਾਂ ਤੋਂ ਲਾਏ ਪੱਕੇ ਮੋਰਚਿਆਂ ਦੇ ਨਾਲ ਨਾਲ ਸੈਂਕੜੇ ਪਿੰਡਾਂ ਵਿੱਚ ਵੀ ਅੱਜ ਕੇਂਦਰੀ ਭਾਜਪਾ ਅਕਾਲੀ ਹਕੂਮਤ ਦੀਆਂ ਅਰਥੀਆਂ ਫੂਕੀਆ । ਅੱਜ ਛੇਵੇਂ ਦਿਨ ਵੀ ਭਾਰੀ ਗਿਣਤੀ ਔਰਤਾਂ ਅਤੇ ਨੌਜਵਾਨਾਂ ਸਮੇਤ ਹਜ਼ਾਰਾਂ ਦੀ ਤਾਦਾਦ ‘ਚ ਜੁੜੇ ਇਕੱਠਾਂ ਅਤੇ ਅਰਥੀ ਫੂਕ ਮੁਜਾਹਰਿਆਂ ਦੌਰਾਨ ਕਿਸਾਨਾਂ,ਮਜਦੂਰਾਂ ਅਤੇ ਔਰਤਾਂ ਨੇ ਜਬਰਦਸਤ ਨਾਅਰੇਬਾਜੀ ਕਰਕੇ ਭੜਾਸ ਕੱਢੀ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪ੍ਰੈਸ ਬਿਆਨ ਰਾਹੀਂ ਕੇਂਦਰ ਸਰਕਾਰ ਉੱਤੇ ਸਾਮਰਾਜੀ ਕਾਰਪੋਰੇਟ ਘਰਾਣਿਆਂ ਦੀ ਪਿੱਠੂ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਹਕੂਮਤ ਸਾਮਰਾਜੀ ਕਾਰਪੋਰੇਟਾਂ ਦੀਆਂ ਨੁਮਾਇੰਦਾ ਸੰਸਥਾਵਾਂ ਵਿਸ਼ਵ ਵਪਾਰ ਸੰਸਥਾ, ਵਿਸ਼ਵ ਬੈਂਕ ਅਤੇ ਕੌਮਾਂਤਰੀ ਮੁਦਰਾ ਕੋਸ਼ ਦੀਆਂ ਸੰਸਾਰੀਕਰਨ, ਵਪਾਰੀਕਰਨ ਤੇ ਨਿੱਜੀਕਰਨ ਦੀਆਂ ਲੋਟੂ ਨੀਤੀਆਂ ਨੂੰ ਕਰੋਨਾ ਦੀ ਆੜ ਹੇਠ ਪੂਰੇ ਦੇਸ਼ ਦੇ ਕਿਸਾਨਾਂ ਮਜਦੂਰਾਂ ਸਮੇਤ ਸਾਰੇ ਕਿਰਤੀਆਂ ’ਤੇ ਮੜ ਰਹੀ ਹੈ।


                         ਉਹਨਾਂ ਦੱਸਿਆ ਕਿ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਹੇਠਲੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਿਸਾਨਾਂ ਦੇ ਹਮਾਇਤੀ ਜੱਥੇ ਦੋਨੀਂ ਥਾਂਈਂ ਸ਼ਾਮਲ ਹੋਏ। ਪੰਜਾਬ ਸਹਿਕਾਰੀ ਸਭਾਵਾਂ ਸਕੱਤਰ ਯੂਨੀਅਨ ਅਤੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੀ ਅਗਵਾਈ ਹੇਠ ਹਮਾਇਤ ਵਜੋਂ ਮੁਲਾਜਮ ਜੱਥੇ ਵੀ ਦੋਨੀਂ ਥਾਂਈਂ ਸ਼ਾਮਲ ਹੋਏ। ਹਰਸਿਮਰਤ ਕੌਰ ਬਾਦਲ ਦੁਆਰਾ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਫੈਸਲੇ ਨੂੰ  ਦਿਨੋ-ਦਿਨ ਫੈਲ ਰਹੇ ਵਿਆਪਕ ਕਿਸਾਨ ਰੋਹ ਦੇ ਦਬਾਅ ਨਾਲ ਅਕਾਲੀ ਦਲ (ਬ) ਦੀ ਉੱਧੜ ਰਹੀ ਸਿਆਸੀ ਅਧਾਰ ਬਚਾਉਣ ਵਜੋਂ ਦੇਖਿਆ ਜਾ ਰਿਹਾ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਇਹ ਤਰਲਾ ਉਦੋਂ ਤੱਕ ਕਾਮਯਾਬ ਨਹੀਂ ਹੋਵੇਗਾ ਜਦੋਂ ਤੱਕ ਕਿਸਾਨ- ਵਿਰੋਧੀ ਭਾਜਪਾ ਹਕੂਮਤੀ ਗੱਠਜੋੜ ਦੀਆਂ ਕਿਸਾਨ ਮਜਦੂਰ ਵਿਰੋਧੀ ਨੀਤੀਆਂ ਨਾਲ਼ੋਂ ਅਕਾਲੀ ਦਲ (ਬ) ਵੱਲੋਂ ਨਿਖੇੜਾ ਨਹੀਂ ਕੀਤਾ ਜਾਂਦਾ। ਆਗੂਆਂ ਨੇ ਦਾਅਵਾ ਕੀਤਾ ਕਿ ਸਰਕਾਰਾਂ ਦੇ ਅੜੀਅਲ ਤੇ ਜਾਬਰ ਵਤੀਰੇ ਵਿਰੁੱਧ ਕਿਸਾਨਾਂ ਮਜਦੂਰਾਂ ਦਾ ਦਿਨੋ-ਦਿਨ ਵਧ ਰਿਹਾ ਠਾਠਾਂ ਮਾਰਦਾ ਰੋਹ ਇਹਨਾਂ ਕਿਸਾਨ ਮਾਰੂ ਕਾਨੂੰਨਾਂ ਨੂੰ ਜਨਤਕ ਤਾਕਤ ਦੇ  ਜੋਰ ਨਾਲ “ਕਰੋ ਜਾਂ ਮਰੋ“ ਸੰਘਰਸ਼ ਵੱਲ ਵਧ ਰਿਹਾ ਹੈ।
                    ਮੋਰਚਿਆਂ ਦੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਹੋਰ ਮੁੱਖ ਬੁਲਾਰਿਆਂ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਸ਼ਿੰਗਾਰਾ ਸਿੰਘ ਮਾਨ,  ਰੂਪ ਸਿੰਘ ਛੰਨਾਂ, ਹਰਿੰਦਰ ਕੌਰ ਬਿੰਦੂ, ਰਾਜਵਿੰਦਰ ਸਿੰਘ ਰਾਮਨਗਰ, ਅਮਰੀਕ ਸਿੰਘ ਗੰਢੂਆਂ ਸਮੇਤ ਵੱਖ ਵੱਖ ਜਿਲਿਆਂ ਦੇ ਪ੍ਰਧਾਨ ਸਕੱਤਰ ਤੇ ਸਥਾਨਕ ਆਗੂ ਸ਼ਾਮਲ ਸਨ। ਉਹਨਾਂ ਨੇ ਐਲਾਨ ਕੀਤਾ ਕਿ 25 ਸਤੰਬਰ ਨੂੰ 31 ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ ‘ਤੇ ਕੀਤੇ ਜਾ ਰਹੇ ਮੁਕੰਮਲ ਪੰਜਾਬ ਬੰਦ ਨੂੰ ਹਰ ਪ੍ਰਭਾਵਿਤ ਵਰਗ ਤੱਕ ਪਹੁੰਚ ਲਈ ਪੂਰਾ ਤਾਣ ਜੁਟਾ ਕੇ ਕਾਮਯਾਬ ਕੀਤਾ ਜਾਵੇਗਾ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਇਸੇ ਮੁੱਦੇ ਨੂੰ ਲੈ ਕੇ 24 ਤੋਂ 26 ਸਤੰਬਰ ਤੱਕ 48 ਘੰਟਿਆਂ ਦੇ ਰੇਲ ਜਾਮ ਦੀ ਵੀ ਡਟਵੀਂ ਹਮਾਇਤ ਕੀਤੀ ਜਾਵੇਗੀ। ਬੁਲਾਰਿਆਂ ਨੇ ਕਿਸਾਨ ਮਾਰੂ ਕਾਨੂੰਨਾਂ ਨੂੰ ਪਾਸ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਕਿਸਾਨ ਵਿਰੋਧੀ ਗਰਦਾਨਦਿਆਂ ਸਖਤ ਨਿਖੇਧੀ ਕੀਤੀ ਅਤੇ ਉਹਨਾਂ ਦੇ ਪਿੰਡਾਂ ਵਿੱਚ ਵੜਨ ਦਾ ਵਿਰੋਧ ਕਰਨ ਦਾ ਐਲਾਨ ਕੀਤਾ। ਉਹਨਾਂ ਨੇ ਤਿੰਨੇ ਕਿਸਾਨ ਮਾਰੂ ਖੇਤੀ ਕਾਨੂੰਨ ਤੇ ਬਿਜਲੀ ਸੋਧ ਕਾਨੂੰਨ 2020 ਸਮੇਤ ਭੂਮੀ- ਅਧਿਗ੍ਰਹਿਣ ਕਾਨੂੰਨ ‘ਚ ਕਿਸਾਨ ਮਾਰੂ ਸੋਧਾਂ ਰੱਦ ਕਰਨ ਦੀ ਮੰਗ ਕੀਤੀ।
                           ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਹ ਕਾਨੂੰਨ ਪੂਰੀ ਖੇਤੀ ਮੰਡੀ ਨੂੰ ਦੇਸ਼ੀ ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਦੀ ਮੁੱਠੀ ‘ਚ ਦੇਣ ਅਤੇ ਵਾਹੀਯੋਗ ਜ਼ਮੀਨਾਂ ਹਥਿਆ ਕੇ ਵੱਡੇ ਕਾਰਪੋਰੇਟ ਖੇਤੀ ਫਾਰਮ ਉਸਾਰਨ ਦੇ ਸੰਦ ਅਤੇ ਛੋਟੀ ਦਰਮਿਆਨੀ ਕਿਸਾਨੀ ਦੀ ਮੌਤ ਦੇ ਵਰੰਟ ਹਨ। ਉਹਨਾਂ ਆਖਿਆ ਕਿ ਪੰਜਾਬ ਦੇ ਅਣਖੀਲੇ ਨੌਜਵਾਨ,ਕਿਸਾਨ,ਮਜਦੂਰ ਅਤੇ ਹੋਰ  ਸੰਘਰਸ਼ਸ਼ੀਲ ਲੋਕ ਇਹਨਾਂ ਕਾਨੂੰਨਾਂ ਵਿਰੁੱਧ ਜਾਨਹੂਲਵੇਂ ਸੰਘਰਸ਼ਾਂ ਦੀ ਝੜੀ ਲਾ ਕੇ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਣਗੇ, ਭਾਵੇਂ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈ ਜਾਣ। ਉਹਨਾਂ ਸ਼ਾਂਤਮਈ ਸੰਘਰਸ਼ਾਂ ਅਤੇ ਲਿਖਣ ਬੋਲਣ ਦੇ ਜਮਹੂਰੀ ਹੱਕ ਕੁਚਲਣ ਲਈ ਝੂਠੇ ਕੇਸ ਮੜ ਕੇ ਜੇਲੀਂ ਡੱਕੇ ਬਜ਼ੁਰਗ ਕਵੀ ਵਰਵਰਾ ਰਾਓ, ਗੰਭੀਰ ਰੋਗੀ ਤੇ ਅੰਗਹੀਣ ਪ੍ਰੋ: ਜੀ ਐਨ ਸਾਂਈਂਬਾਬਾ ਸਮੇਤ ਸ਼ਾਹੀਨ ਬਾਗ ਤੇ ਜਾਮੀਆ ਯੂਨੀਵਰਸਿਟੀ ਦੇ ਕਾਰਕੁਨਾਂ ਸਭਨਾਂ ਨੂੰ ਬਿਨਾਂ ਸਰਤ ਉਹਨਾਂ ਨੇ ਐਲਾਨ ਕੀਤਾ ਕਿ ਮੋਦੀ ਹਕੂਮਤ ਖਿਲਾਫ ਚੱਲ ਰਹੇ ਮੌਜੂਦਾ ਸੰਘਰਸ਼ ਨੂੰ ਹੋਰ ਪ੍ਰਚੰਡ ਕਰਦਿਆਂ ਅੰਤਿਮ ਜਿੱਤ ਤੱਕ ਲੜਨ ਦਾ ਪਿੜ ਬੰਨਿਆ ਜਾਵੇਗਾ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!