ਮਲੇਰਕੋਟਲਾ 18 ਸਤੰਬਰ (ਥਿੰਦ)
ਲੋਕਾਂ ਨੂੰ ਵਾਜ੍ਹਬ ਰੇਟਾਂ ‘ਤੇ ਸਸਤੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਸਥਾਨਕ ਸ਼ਹਿਰ ਅੰਦਰ ਨਵਾਬ ਸ਼ੇਰ ਮੁਹੰਮਦ ਖਾਨ ਵੈਲਫੇਅਰ ਸੁਸਾਇਟੀ ਅਧੀਨ ਸ਼ਾਹੀਨ ਮੈਮੋਰੀਅਲ ਮੈਡੀਕਲ ਹਾਲ ਅਤੇ ਸ਼ਾਹੀਨ ਮੈਮੋਰੀਅਲ ਡਾਇਗੋਨਿਸਟ ਲੈਬ ਵਿਖੇ ਗੁਰੂ ਨਾਨਕ ਮੋਦੀ ਖਾਨਾ ਖੋਲ੍ਹਿਆ ਗਿਆ। ਜਿਸ ਦਾ ਉਦਘਾਟਨ ਸ਼੍ਰੀ ਵਿਕਰਮਜੀਤ ਸਿੰਘ ਪਾਂਥੇ ਐਸ.ਡੀ.ਐਮ. ਮਲੇਰਕੋਟਲਾ ਅਤੇ ਮੁਫਤੀ-ਏ-ਆਜਮ ਪੰਜਾਬ ਮੌਲਾਨਾ ਇਰਤਕਾ ਉਲ ਹਸਨ ਕਾਂਧਲਵੀ ਨੇ ਕੀਤਾ। ਇਸ ਮੌਕੇ ਲੁਧਿਆਣਾ ਤੋਂ ਸ. ਬਲਜਿੰਦਰ ਸਿੰਘ ਜਿੰਦੂ ,ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਦੇ ਹੈਡ ਗ੍ਰੰਥੀ ਸ. ਨਰਿੰਦਰ ਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ ਗਈ। ਇਸ ਮੌਕੇ ਐਸ.ਡੀ.ਐਮ. ਸ਼੍ਰੀ ਪਾਂਥੇ ਨੇ ਕਿਹਾ ਕਿ ਜੇਕਰ ਪੰਜਾਬੀ ਨੌਜਵਾਨ ਇਸੇ ਤਰਜ਼ ‘ਤੇ ਨਸ਼ਿਆਂ ਦੀ ਦਲਦਲ ਨੂੰ ਛੱਡ ਕੇ ਸਮਾਜ ਉਸਾਰੀ ਦੇ ਕੰਮਾਂ ਵੱਲ ਧਿਆਨ ਦੇਣ ਲੱਗ ਜਾਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬੀ ਲੋਕ ਅਤੇ ਸਮੁੱਚੇ ਮੁਲਕ ਨੂੰ ਉਨ੍ਹਾਂ ‘ਤੇ ਮਾਣ ਮਹਿਸੂਸ ਹੋਵੇਗਾ। ਉਨ੍ਹਾਂ ਗੁਰੂ ਨਾਨਕ ਮੋਦੀਖਾਨਾ ਖੋਲ੍ਹਣ ਵਾਲਿਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਸ਼ਹਿਰ ਵਾਸੀਆਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਇਸ ਮੌਕੇ ਮਾਸਟਰ ਮੁਹੰਮਦ ਅਨਵਰ ਨੇ ਮੋਦੀ ਖਾਨੇ ਵੱਲੋਂ ਘੱਟ ਰੱਖੇ ਗਏ ਰੇਟਾਂ ਬਾਰੇ ਦੱਸਦਿਆਂ ਕਿਹਾ ਕਿ ਇੱਥੇ ਸਾਰੀਆਂ ਕੰਪਨੀਆਂ ਦੀ ਦਵਾਈਆਂ ਅਤੇ ਹਰ ਤਰ੍ਹਾਂ ਦੇ ਟੈਸਟ ਹੋਰਨਾਂ ਥਾਵਾਂ ਨਾਲੋਂ ਬਹੁਤ ਹੀ ਘੱਟ ਰੇਟਾਂ ‘ਤੇ ਉਪਲਬਧ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਉਕਤ ਮੋਦੀ ਖਾਨੇ ਦਾ ਮਕਸਦ ਸਿਹਤ ਦੇ ਨਾਂ ‘ਤੇ ਆਮ ਲੋਕਾਂ ਦੀ ਹੋ ਰਹੀ ਲੁੱਟ ਖਸੁੱਟ ਨੂੰ ਰੋਕਣਾ ਹੈ। ਪ੍ਰੋਗ੍ਰਾਮ ਨੂੰ ਲੁਧਿਆਣਾ ਤੋਂ ਉਚੇਚੇ ਤੌਰ ‘ਤੇ ਪਹੁੰਚੇ ਸ. ਬਰਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਜਿਕਰਯੋਗ ਹੈ ਕਿ ਮਲੇਰਕੋਟਲਾ ਅੰਦਰ ਕਮਿਸ਼ਨ ਪ੍ਰਾਪਤ ਡਾਕਟਰ ਸਾਹਿਬਾਨ ਆਮ ਲੋਕਾਂ ਨੂੰ ਟੈਸਟ ਕਰਵਾਉਣ ਲਈ ਗੁਰੂ ਨਾਨਕ ਮੋਦੀਖਾਨੇ ਦੀ ਲੈਬ ਜਾਂ ਦਵਾਈਆਂ ਲੈਣ ਲਈ ਪ੍ਰੇਰਿਤ ਕਰਨਗੇ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ! ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਮੁਹੰਮਦ ਅਸਲਮ, ਗੁਰਸੇਵਕ ਸਿੰਘ ਨਾਮਧਾਰੀ, ਸਰਮਦ ਸ਼ਰੀਫ, ਐਡਵੋਕੇਟ ਸਾਜਿਦ ਜਮੀਲ ਚੌਧਰੀ, ਸਮਸ਼ਾਦ ਅਲੀ ਫਾਇਨ ਫਰਨੀਚਰ, ਅਹਿਮਦ ਦੀਨ, ਮੁਹੰਮਦ ਅਰਸ਼ਦ, ਮੁਹੰਮਦ ਅਨਵਾਰ, ਮੁਹੰਮਦ ਜਮੀਲ ਵਕੀਲ ਬ੍ਰਾਦਰਜ਼, ਮਾਸਟਰ ਮੁਹੰਮਦ ਨਜ਼ੀਰ ਅਤੇ ਮੁਨੀਰ ਅਖਤਰ ਮੌਜੁਦ ਸਨ।
ਮਲੇਰਕੋਟਲਾ ਵਿਖੇ ਨਵੇਂ ਖੁੱਲੇ ਗੁਰੂ ਨਾਨਕ ਮੋਦੀਖਾਨੇ ਦਾ ਉਦਘਾਟਨ ਕਰਦੇ ਹੋਏ ਵਿਕਰਮਜੀਤ ਸਿੰਘ ਪਾਂਥੇ ਐਸ.ਡੀ.ਐਮ. ਮਲੇਰਕੋਟਲਾ।