ਅਸ਼ੋਕ ਵਰਮਾ
ਬਠਿੰਡਾ, 18 ਸਤੰਬਰ।ਖੇਤੀ ਆਰਡੀਨੈਂਸਾਂ ਨੂੰ ਕਾਨੂੰਨ ਦਾ ਰੂਪ ਦੇਣ ਲਈ ਬਿੱਲ ਪਾਸ ਕਰਨ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ ਬਾਦਲ ਵਿਖੇ ਲਗਾਏ ਧਰਨੇ ਦੌਰਾਨ ਸਲਫਾਸ ਨਿਗਲਣ ਵਾਲਾ ਕਿਸਾਨ ਪ੍ਰੀਤਮ ਸਿੰਘ(55) ਪੁੱਤਰ ਬਚਨ ਸਿੰਘ ਵਾਸੀ ਅੱਕਾਂ ਵਾਲੀ ਜਿਲਾ ਮਾਨਸਾ ਇਸ ਮਾਮਲੇ ’ਚ ਪਹਿਲਾ ਕਿਸਾਨ ਸ਼ਹੀਦ ਹੋ ਨਿਬੜਿਆ ਹੈ। ਕਿਸਾਨ ਪ੍ਰੀਤਮ ਸਿੰਘ ਨੇ ਅੱਜ ਸਵੇਰੇ ਮੋਰਚੇ ’ਚ ਜਾਗਣ ਤੋਂ ਬਾਅਦ ਸਲਫਾਸ ਦੀ ਗੋਲੀ ਖਾ ਲਈ ਸੀ। ਪਤਾ ਲੱਗਣ ਤੇ ਉਸ ਨੂੰ ਮੁਢਲੀ ਸਹਾਇਤਾ ਲਈ ਸਿਵਲ ਹਸਪਤਾਲ ਬਾਦਲ ਲਿਆਂਦਾ ਗਿਆ। ਪਰ ਹਾਲਤ ਦੀ ਗੰਭੀਰਤਾ ਨੂੰ ਦੇਖਦਿਆਂ ਉਸ ਨੂੰ ਸਿਵਲ ਹਸਪਤਾਲ ਬਠਿੰਡਾ ’ਚ ਇਲਾਜ ਲਈ ਰੈਫਰ ਕਰ ਦਿੱਤਾ ਸੀ ਜਿੱਥੇ ਉਸ ਦੀ ਅੱਜ ਦੇਰ ਸ਼ਾਮ ਮੌਤ ਹੋ ਗਈ ਹੈ। ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਜਿੰਦਗੀ ਦੀ ਜੰਗ ਹਾਰ ਗਿਆ।
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਸਬੰਧੀ ਪੁਸ਼ਟੀ ਕੀਤੀ ਹੈ। ਕਿਸਾਨਾਂ ਨੇ ਦੱਸਿਆ ਕਿ ਪ੍ਰੀਤਮ ਸਿੰਘ ਨੇ ਪੂਰੀ ਰਾਤ ਪ੍ਰੇਸ਼ਾਨੀ ਦੀ ਹਾਲਤ ’ਚ ਗੁਜਾਰੀ ਸੀ। ਖੇਤੀ ਕਾਨੂੰਨਾਂ ਦੇ ਮਾੜੇ ਪੱਖਾਂ ਨੂੰ ਦੇਖਦਿਆਂ ਉਸ ਨੂੰ ਆਪਣੇ ਪ੍ਰੀਵਾਰ ਦੇ ਭਵਿੱਖ ਦੀ ਚਿੰਤਾ ਸਤਾ ਰਹੀ ਸੀ। ਪਤਾ ਲੱਗਿਆ ਹੈ ਕਿ ਕਿਸਾਨ ਪ੍ਰੀਤਮ ਸਿੰਘ ਦੇ ਪਰਿਵਾਰ ਸਿਰ ਵੀ ਹੋਰਨਾਂ ਕਿਸਾਨਾਂ ਦੀ ਤਰਜ ਤੇ ਕਰਜ਼ਿਆਂ ਦੀ ਭਾਰੀ ਪੰਡ ਹੈ। ਦੱਸਿਆ ਜਾਂਦਾ ਹੈ ਕਿ ਪ੍ਰੀਤਮ ਸਿੰਘ ਹੋਰੀ ਤਿੰਨ ਭਰਾ ਹਨ ਜਿੰਨਾਂ ਚੋਂ ਆਰਥਿਕ ਮੰਦਵਾੜੇ ਕਾਰਨ ਇੱਕ ਦਾ ਹੀ ਵਿਆਹ ਹੋ ਸਕਿਆ ਹੈ। ਜਾਣਕਾਰੀ ਅਨੁਸਾਰ ਪ੍ਰੀਵਾਰ ਕੋਲ ਮਸਾਂ ਕਰੀਬ-ਸੱਤ ਏਕੜ ਜਮੀਨ ਹੈ। ਪਰਿਵਾਰ ਸਿਰ 12-13 ਲੱਖ ਰੁਪਏ ਦਾ ਕਰਜ਼ਾ ਹੈ।
ਪ੍ਰੀਤਮ ਸਿੰਘ ਦੇ ਭਤੀਜੇ ਬਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਚਾਚਾ ਅਕਸਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਚਲਾਂਏ ਜਾਂਦੇ ਸੰਘਰਸ਼ਾਂ ’ਚ ਭਾਗ ਲੈਂਦਾ ਸੀ। ਆਪਣੇ ਇਸੇ ਅਹਿਦ ਤਹਿਤ ਉਹ ਪਿੰਡ ਬਾਦਲ ਆਇਆ ਸੀ ਜਿੱਥੇ ਕੁਦਰਤ ਨੂੰ ਕੁੱਝ ਹੋਰ ਹੀ ਮਨਜੂਰ ਸੀ। ਓਧਰ ਇਸ ਮਾਮਲੇ ’ਚ ਸੰਘਰਸ਼ ਕਰ ਰਹੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰੈਸ ਸਕੱਤਰ ਜਸਬੀਰ ਸਿੰਘ ਬੁਰਜਸੇਮਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਸਰਕਾਰ ਇਸ ਮਾਮਲੇ ਤੇ ਕੋਈ ਗੱਲਬਾਤ ਨਹੀਂ ਕਰਦੀ ਮਿ੍ਰਤਕ ਕਿਸਾਨ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਏਗਾ। ਗੌਰਤਲਬ ਹੈਕਿ ਬੀਕੇਯੂ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ’ਚ ਤਬਦੀਲੀਆਂ ਸਮੇਤ ਹੋਰ ਵੱਖ ਵੱਖ ਮੰਗਾਂ ਨੂੰ ਲੈਕੇ ਪਟਿਆਲਾ ਤੇ ਬਾਦਲ ’ਚ 25 ਸਤੰਬਰ ਤੱਕ ਮੋਰਚਾ ਲਾਇਆ ਹੋਇਆ ਹੈ। ਇਸ ਮੋਰਚੇ ’ਚ ਪੰਜਾਬ ਦੇ ਕਈ ਜਿਲਿਆਂ ਤੋਂ ਕਿਸਾਨ ਸ਼ਾਮਲ ਹੋ ਰਹੇ ਹਨ।