23.7 C
United Kingdom
Monday, June 22, 2026

More

    ਪਿਆਰ ਨਾਲੋਂ ਵੱਡੀ

    ਦੁੱਖਭੰਜਨ ਰੰਧਾਵਾ
    0351920036369

    ਪਿਆਰ ਨਾਲੋਂ ਵੱਡੀ ਕੋਈ,
    ਸਜਾ ਨਹੀਂ ਜਹਾਨ ‘ਤੇ |
    ਇਸ਼ਕ ਬਲਦਾ ਏ ਸਿਵੇ ਵਾਂਗੂ,
    ਉੱਤੋਂ ਬਣੀ ਰਵੇ ਜਾਨ ‘ਤੇ |
    ਪਿਆਰ ਨਾਲੋਂ ਵੱਡੀ ਕੋਈ,
    ਸਜਾ ਨਹੀਂ ਜਹਾਨ ‘ਤੇ |

    ਭੁੱਲਦੇ ਨਾ ਦੌਰ ਉਹ ਜੋ,
    ਚੇਤੇ ਆ ਕੇ ਜਾਂਦੇ ਨੇਂ |
    ਕੀੜੇ ਮੈਨੂੰ ਯਾਦਾਂ ਵਾਲੇ,
    ਦਿਨੇਂ ਰਾਤ ਖਾਂਦੇ ਨੇਂ |
    ਪੀੜਾਂ ਮੈਨੂੰ ਮਿਲਦੀਆਂ,
    ਹੋਏ ਨੁਕਸਾਨ ‘ਤੇ |
    ਪਿਆਰ ਨਾਲੋਂ ਵੱਡੀ ਕੋਈ,
    ਸਜਾ ਨਹੀਂ ਜਹਾਨ ‘ਤੇ |

    ਜਿੰਦੇ ਜਦੋਂ ਤੇਰੀ ਜਾਨ ਵਿੱਚ,
    ਜਾਨ ਤੇਰੀ ਰਹੀ ਨਾ |
    ਉਹਨੇ ਸੁ ਜੋ ਪੀੜ ਦਿੱਤੀ,
    ਗਈ ਤੈਥੋ ਸਹੀ ਨਾ |
    ਵੱਜ ਜਾਂਦਾ ਡਾਕਾ ਜਦੋਂ,
    ਯਾਰਾ ਅਰਮਾਨ ‘ਤੇ |
    ਪਿਆਰ ਨਾਲੋਂ ਵੱਡੀ ਕੋਈ,
    ਸਜਾ ਨਹੀਂ ਜਹਾਨ ‘ਤੇ |

    ਮੈਨੂੰ ਸੁੰਨਾ ਪਹਿਰ ਜਾਪੇ,
    ਦੀਦ ਤੋਂ ਬਗੈਰ ਨੀ |
    ਮੈਨੂੰ ਸੁੰਨਾਂ ਸ਼ਹਿਰ ਜਾਪੇ,
    ਦੀਦ ਤੋਂ ਬਗੈਰ ਨੀ |
    ਰੋਕ ਕਿਵੇਂ ਲਾ ਲਵਾਂ ਮੈਂ,
    ਆਉਂਦੇ ਹੋਏ ਤੁਫਾਨ ‘ਤੇ |
    ਪਿਆਰ ਨਾਲੋਂ ਵੱਡੀ ਕੋਈ,
    ਸਜਾ ਨਹੀਂ ਜਹਾਨ ‘ਤੇ |

    ਮੇਰੀ ਜਾਨ ਹੋਵੇ ਸਾਹਮਣੇਂ ਤੇ,
    ਬੋਲ ਕੁਝ ਹੁੰਦਾ ਨਹੀਂ |
    ਚੁੱਪ-ਚੁੱਪ ਰਵਾਂ ਮੂੰਹੋਂ,
    ਖੋਲ ਕੁਝ ਹੁੰਦਾ ਨਹੀਂ |
    ਸਿੱਕਰੀ ਜਈ ਜਮ ਜਾਂਦੀ,
    ਉਦੋਂ ਤਾਂ ਜੁਬਾਨ ‘ਤੇ |
    ਪਿਆਰ ਨਾਲੋਂ ਵੱਡੀ ਕੋਈ,
    ਸਜਾ ਨਹੀਂ ਜਹਾਨ ‘ਤੇ |

    ਸਾਹ ਤੇਰੇ ਹੋ ਗਏ ਨੇ,
    ਜਾਨ ਤੇਰੇ ਨਾਂ ਨੀ |
    ਸਭ ਧੁੱਪਾਂ ਦੇਣ ਮੈਨੂੰ,
    ਕਰਦੇ ਨਾ ਛਾਂ ਨੀ |
    ਤੂੰ ਜਿੰਦਾ ਮਾਰ ਛੱਡਿਆ ਈ,
    ਰੂਹ ਦੇ ਮਕਾਨ ‘ਤੇ |
    ਪਿਆਰ ਨਾਲੋਂ ਵੱਡੀ ਕੋਈ,
    ਸਜਾ ਨਹੀਂ ਜਹਾਨ ‘ਤੇ |

    ਤੂੰ ਦੋਸਤੀ ਦੇ ਸਾਲੂ ਵਿੱਚ,
    ਪਿਆਰ ਨੂੰ ਲੁਕਾ ਲਿਆ |
    ਹੁਣ ਆਪਾਂ ਦੋਵਾਂ ਨੇ ,
    ਰੱਬ ਨੂੰ ਵੀ ਪਾ ਲਿਆ |
    ਦੁੱਖਭੰਜਨਾਂ ਵਿਕਦੇ ਨੇ ਹੌਕੇ
    ਹੰਝੂ ਪਿਆਰ ਦੀ ਦੁਕਾਨ ‘ਤੇ |
    ਪਿਆਰ ਨਾਲੋਂ ਵੱਡੀ ਕੋਈ,
    ਸਜਾ ਨਹੀਂ ਜਹਾਨ ‘ਤੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!