-ਗੁਰਦੁਆਰਾ ਕਮੇਟੀ ਸੰਗਤਾਂ ਦੀ ਤੰਦਰੁਸਤੀ ਨੂੰ ਪਹਿਲ ਦੇਣ ਲਈ ਵਚਨਬੱਧ- ਜਸਵੀਰ ਭੰਮਰਾ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ ਵਿਖੇ 16 ਸਤੰਬਰ (ਬੁੱਧਵਾਰ) ਨੂੰ ਲਾਰਡ ਪ੍ਰੋਵੋਸਟ ਮਿ. ਫਿਲਿਪ ਬਰਾਟ ਨੇ ਸਿੱਖ ਸੰਗਤਾਂ ਨੂੰ ਮੁਖਾਤਿਬ ਹੋਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚਣਾ ਸੀ। ਇਸ ਦਿਨ ਹੋਣ ਵਾਲੇ ਸਮਾਗਮ ਨੂੰ ਦੂਰਅੰਦੇਸ਼ੀ ਨਜ਼ਰੀਏ ਦਾ ਸਬੂਤ ਦਿੰਦਿਆਂ ਪ੍ਰਬੰਧਕੀ ਕਮੇਟੀ ਵੱਲੋਂ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸੰਬੰਧੀ “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਜਸਵੀਰ ਸਿੰਘ ਭੰਮਰਾ ਨੇ ਕਿਹਾ ਕਿ “ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਗੁਰਦੁਆਰਾ ਕਮੇਟੀ ਵੱਲੋਂ ਅਹਿਮ ਫੈਸਲਾ ਲੈਂਦਿਆਂ ਉਕਤ ਸਮਾਗਮ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਅਸੀਂ ਸੰਗਤਾਂ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਲਈ ਹਮੇਸ਼ਾ ਅਰਦਾਸ ਕਰਦੇ ਰਹਿੰਦੇ ਹਾਂ। ਕਮੇਟੀ ਨਹੀਂ ਚਾਹੁੰਦੀ ਕਿ ਥੋੜ੍ਹੀ ਜਿਹੀ ਅਣਗਹਿਲੀ ਕਿਸੇ ਵੱਡੀ ਸਮੱਸਿਆ ਦਾ ਕਾਰਨ ਬਣੇ। ਕਮੇਟੀ ਦੇ ਮੁੱਖ ਸੇਵਾਦਾਰ ਪ੍ਰਧਾਨ ਭੁਪਿੰਦਰ ਸਿੰਘ ਬਰਮੀਂ, ਸਕੱਤਰ ਸੋਹਣ ਸਿੰਘ ਸੋਂਦ, ਸਹਾਇਕ ਸਕੱਤਰ ਹਰਜੀਤ ਸਿੰਘ ਮੋਗਾ, ਖਜਾਨਚੀ ਹਰਦੀਪ ਸਿੰਘ ਕੁੰਦੀ, ਸਹਾਇਕ ਖਜਾਨਚੀ ਇੰਦਰਜੀਤ ਸਿੰਘ ਗਾਬੜੀ ਮਹਿਣਾ ਨੇ ਕਿਹਾ ਕਿ ਬੇਸ਼ੱਕ ਇਸ ਸਮਾਗਮ ਦੇ ਮੁਲਤਵੀ ਹੋਣ ਨਾਲ ਸੰਗਤਾਂ ਨੂੰ ਠੇਸ ਪਹੁੰਚੀ ਹੋਵੇਗੀ ਪਰ ਜਿਉਂ ਹੀ ਹਾਲਾਤ ਸਾਜ਼ਗਾਰ ਹੁੰਦੇ ਹਨ ਤਾਂ ਇਹੀ ਸਮਾਗਮ ਮੁੜ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਰਾਜ ਬਾਜਵੇ (MBE) ਦੇ ਕਾਰਜਾਂ ਦੀ ਪ੍ਰਸੰਸਾ
ਪ੍ਰਬੰਧਕਾਂ ਵੱਲੋਂ ਰਾਜ ਬਾਜਵੇ (ਐੱਮ.ਬੀ.ਈ.) ਦੀਆਂ ਸਾਰਥਿਕ ਕੋਸ਼ਿਸ਼ਾਂ ਦੀ ਪੁਰਜ਼ੋਰ ਸਰਾਹਨਾ ਕੀਤੀ ਗਈ ਜੋ ਭਾਈਚਾਰੇ ਅਤੇ ਗੁਰੂਘਰ ਦੇ ਕਾਰਜਾਂ ਵਿੱਚ ਸਾਥ ਦੇਣ ਲਈ ਹਰ ਸਮੇਂ ਤਤਪਰ ਰਹਿੰਦੇ ਹਨ। ਪ੍ਰਬੰਧਕਾਂ ਨੇ ਕਿਹਾ ਕਿ ਰਾਜ ਬਾਜਵੇ ਵੱਲੋਂ ਦਿੱਤੀਆਂ ਜਾਂਦੀਆਂ ਨਿਸ਼ਕਾਮ ਸੇਵਾਵਾਂ ਉਹਨਾਂ ਦਾ ਕੱਦ ਹੋਰ ਉੱਚਾ ਕਰਦੀਆਂ ਹਨ।