ਮੋਗਾ (ਪੰਜ ਦਰਿਆ ਬਿਊਰੋ)
ਪੰਜਾਬ ਇਸਤਰੀ ਸਭਾ ਦੀ ਐਕਟਿੰਗ ਸੂਬਾ ਜਨਰਲ ਸਕੱਤਰ ਨਰਿੰਦਰ ਕੌਰ ਸੋਹਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤੀ ਮਹਿਲਾ ਫੈਡਰੇਸ਼ਨ ( ਐਨ ਐਫ ਆਈ ਡਬਲਿਊ ) ਵੱਲੋਂ 14 ਸਤੰਬਰ ਨੂੰ ਪਾਰਲੀਮੈਂਟ ਸੈਸ਼ਨ ਦੌਰਾਨ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਸਮੇਂ ਕੇਂਦਰ ਦੀ ਮੋਦੀ ਸਰਕਾਰ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਆਪਣੀਆਂ ਦਮਨਕਾਰੀ ਨੀਤੀਆਂ ਚਲਾ ਰਹੀ ਹੈ। ਜਿਸ ਕਾਰਨ ਨਿੱਤ ਨਵੇਂ ਕਾਨੂੰਨ ਹੋਂਦ ਵਿੱਚ ਆਉਣ ਕਰਕੇ ਲੋਕਾਂ ਦਾ ਜੀਣਾ ਦੁੱਭਰ ਹੋ ਗਿਆ ਹੈ। ਸਰਕਾਰ ਵੱਲੋਂ ਲਿਆਂਦੇ ਖੇਤੀ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਬਿੱਲ 20 ਨੇ ਅੰਨ ਦਾਤੇ ਨੂੰ ਸੜਕਾਂ ਉੱਪਰ ਸੰਘਰਸ਼ ਕਰਨ ਲਈ ਮਜਬੂਰ ਕਰ ਦਿੱਤਾ ਹੈ। ਇਸੇ ਤਹਿਤ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਣ ਦੌਰਾਨ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤਾਂ ਕਿ ਲੋਕਾਂ ਦੀ ਆਵਾਜ਼ ਹਾਕਮਾਂ ਤੱਕ ਪਹੁੰਚ ਸਕੇ। ਜਦਕਿ ਮੋਦੀ ਸਰਕਾਰ ਇਹਨਾਂ ਅਹਿਮ ਮੰਗਾਂ ਵੱਲ ਧਿਆਨ ਨਾ ਦੇ ਕੇ, ਨਫ਼ਰਤ ਦੀ ਰਾਜਨੀਤੀ ਕਰਨ ਵਿੱਚ ਰੁਝੀ ਹੋਈ ਹੈ। ਜਿਹੜੇ ਪੱਤਰਕਾਰ, ਬੁੱਧੀਜੀਵੀ ਅਤੇ ਲੋਕ ਆਗੂ ਸਰਕਾਰ ਦੇ ਖਿਲਾਫ ਬੋਲਦੇ ਜਾਂ ਲਿਖਦੇ ਹਨ, ਉਹਨਾਂ ਨੂੰ ਦੇਸ਼ ਧ੍ਰੋਹੀ ਤੇ ਦੇਸ਼ ਵਿਰੋਧੀ ਸਮਝਕੇ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਤਾਲਾਬੰਦੀ ਦੌਰਾਨ ਹੀ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਅਤੇ ਲੇਖਕਾਂ ਨੂੰ ਨਜ਼ਰਬੰਦ ਤੇ ਗ੍ਰਿਫਤਾਰ ਕੀਤਾ ਗਿਆ ਹੈ। ਪੂਰੇ ਦੇਸ਼ ਵਿੱਚ ਜ਼ੁਬਾਨਬੰਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਗੂਆਂ ਤੇ ਧੜਾਧੜ ਪਰਚੇ ਦਰਜ ਕਰਕੇ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦਕਿ ਦੁਜੇ ਪਾਸੇ ਦੇਸ਼ ਭਰ ਵਿੱਚ ਭੁੱਖਮਰੀ ਦੇ ਹਾਲਾਤ ਬਣਦੇ ਜਾ ਰਹੇ ਹਨ। ਕੋਰੋਨਾ ਮਹਾਂਮਾਰੀ ਦੌਰਾਨ ਬੇਰੁਜ਼ਗਾਰੀ ਵਿਚ ਬੇਤਹਾਸ਼ਾ ਵਾਧਾ ਹੋਣ ਕਾਰਨ ਖੁਦਕੁਸ਼ੀਆਂ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਸਮੇਂ ਸਭ ਤੋਂ ਵੱਧ ਮਾਰ ਔਰਤਾਂ ਨੂੰ ਪਈ ਹੈ, ਜਿੰਨਾ ਲੲੀ ਚੁੱਲ੍ਹਾ ਚੌਂਕਾ ਚਲਾਉਣਾ ਔਖਾ ਹੋ ਗਿਆ ਹੈ। ਪੰਜਾਬ ਇਸਤਰੀ ਸਭਾ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰਦੀ ਹੋਈ, ਕਿਸਾਨ ਜੱਥੇਬੰਦੀਆਂ ਦੀ ਪੂਰਨ ਹਮਾਇਤ ਕਰਦੀ ਹੈ। ਮੰਗ ਕਰਦੀ ਹੈ ਕਿ ਖੇਤੀਬਾੜੀ ਵਿਰੋਧੀ ਆਰਡੀਨੈਂਸ ਅਤੇ ਬਿਜਲੀ ਬਿੱਲ 20 ਵਾਪਸ ਲੲੇ ਜਾਣ। ਜੰਮੂ-ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਰੁਤਬਾ ਦਿੱਤਾ ਜਾਵੇ। ਅਧਾਰ ਕਾਰਡ ਨੂੰ ਰਾਸ਼ਨ ਕਾਰਡ ਅਤੇ ਪੈਨਸ਼ਨ ਤੋਂ ਵੱਖ ਕੀਤਾ ਜਾਵੇ। ਨਰੇਗਾ ਕਾਮਿਆਂ ਨੂੰ 200 ਦਿਨ ਕੰਮ ਅਤੇ 600 ਰੁਪਏ ਦਿਹਾੜੀ ਦਿੱਤੀ ਜਾਵੇ। ਔਰਤਾਂ ਦੀ ਸੁਰੱਖਿਆ ਦੀ ਗਾਰੰਟੀ ਦਿੱਤੀ ਜਾਵੇ। ਹਰ ਵਿਅਕਤੀ ਲਈ ਰੁਜ਼ਗਾਰ ਦਾ ਪ੍ਰਬੰਧ ਕਰਕੇ ਲੋਕਾਂ ਨੂੰ ਭੁੱਖਮਰੀ ਤੋਂ ਬਚਾਇਆ ਜਾਵੇ ਅਤੇ ਲਾਜ਼ਮੀ ਅਤੇ ਮੁਫ਼ਤ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇ। ਮਾਈਕਰੋ ਫਾਈਨਾਂਸ ਕੰਪਨੀਆਂ ਤੋਂ ਔਰਤਾਂ ਵੱਲੋਂ ਲਿਆ ਕਰਜ਼ਾ ਮੁਆਫ਼ ਕੀਤਾ ਜਾਵੇ। ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਵੰਗਾਰ ਰੈਲੀ ਮੋਗਾ ਵਿੱਚ ਜਸਵੀਰ ਕੌਰ ਚੰਦ ਨਵਾਂ ਬਲਾਕ ਪ੍ਰਧਾਨ ਮੋਗਾ ਦੋ , ਮਨਜੀਤ ਕੌਰ ਚੂਹੜਚੱਕ ਬਲਾਕ ਪ੍ਰਧਾਨ ਮੋਗਾ ਇੱਕ, ਹਰਜਿੰਦਰ ਕੌਰ ਧਰਮਕੋਟ ਦੀ ਅਗਵਾਈ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ।