ਸਿੱਕੀ ਝੱਜੀ ਪਿੰਡ ਵਾਲਾ (ਇਟਲੀ)
ਮੋਤੀਆਂ ਵਰਗੇ ਸ਼ਬਦਾਂ ਨੂੰ ਗੀਤਾਂ ਦੀ ਮਾਲਾ ਵਿੱਚ ਪਰੋ ਕੇ ਪੰਜਾਬੀ ਸੱਭਿਆਚਾਰ ਦੀ ਝੋਲੀ ਆਪਣੇ ਅਨੇਕਾਂ ਗੀਤ ਪਾਉਣ ਵਾਲੇ ਗੀਤਕਾਰ ਨੇਕ ਬੇਰੰਗ ਦੀ ਜਿੰਦਗੀ ਤੇ ਆਓ ਝਾਤ ਮਾਰੀਏ। ਪਿਤਾ ਸਵ: ਗੁਰਦਿਆਲ ਸਿੰਘ ਮਾਤਾ ਸੁਖਦੇਵ ਕੌਰ ਦੇ ਘਰ ਜਨਮੇ ਨੇਕ ਬੇਰੰਗ ਦਾ ਪਿੰਡ ਕਸਬੇ ਜੋੜੇ ਉੱਪਲਾਂ ਇਤਿਹਾਸਕ ਸ਼ਹਿਰ ਨੂਰਮਹਿਲ ਤੋਂ ਕੁਝ ਕੁ ਹੀ ਦੂਰੀ ਤੇ ਹੈ। ਪੜਦੇ ਸਮੇਂ ਸਕੂਲ ਦੀ ਬਾਲ ਸਭਾ ਚ ਦੇਸ਼ ਭਗਤੀ ਦੇ ਗੀਤ ਗਾਉਣੇ ਤੇ ਹੱਲਾਸ਼ੇਰੀ ਮਿਲਦੀ ਦੇਖ ਹੌਲੀ ਹੌਲੀ ਨੇਕ ਨੂੰ ਖੁਦ ਲਿਖਣ ਦੀ ਚੇਟਕ ਵੀ ਲਗ ਗਈ। ਨੇਕ ਦੇ ਦੱਸਣ ਮੁਤਾਬਿਕ ਉਹ ਅਜੇ ਦਸਵੀਂ ਜਮਾਤ ਚ ਹੀ ਪੜਦਾ ਸੀ ਜਦ ਕਲਾਕਾਰਾਂ ਨਰ ਗੀਤਾਂ ਲਈ ਉਸ ਦੇ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ।ਘਰ ਚ ਅਰਥਿਕ ਤੰਗੀ ਕਰਕੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਪਹਿਲੇ ਗੀਤ ਦੀ ਰਿਕਾਰਡਿੰਗ ਦੀ ਸ਼ੁਰੂਆਤ ਰਾਣਾ ਸੰਧੂ ਦੇ ਗੀਤ ਤੋਂ ਹੋਈ। ਉਸ ਤੋਂ ਬਾਅਦ ਕੇ ਐਸ ਮੱਖਣ ਦੀ ਐਲਬਮ ਬਿੱਲੋ ਜਿਸ ਦਾ ਗੀਤ “ਵੈਲੀ ਹੋ ਗਏ ਆਂ” ਜੋ ਉਸ ਸਮੇਂ ਚਰਚਾ ਦਾ ਵਿਸ਼ਾ ਬਣਿਆ। ਗਾਇਕ ਸ਼ੀਰਾ ਜਸਵੀਰ ਦਾ ਗੀਤ “ਜਾਣ ਵਾਲੀਏ ਨੀ ਜਰਾ ਠਹਿਰ ਜਾ” ਪ੍ਰੀਤ ਹਰਪਾਲ ਦੇ ਗੀਤ ਕਿਹੜਾ ਸਾਡਾ ਨਾਂ ਨਹੀਂ ਜਾਣਦਾ” ਕਲੇਰ ਕੰਠ ਦੀ ਅਵਾਜ ਚ ਬੋਲ ਤਾਂ ਸਹੀ ਨੀ ਜੱਟ ਮੁੱਲ ਤਾਰਦਾ” ਅਤੇ ਸ਼ੀਰਾ ਲਾਈਵ ਜੋ ਕਿ ਸਾਰੀ ਹੀ ਨੇਕ ਬੇਰੰਗ ਦੀ ਲਿਖੀ ਸੀ ਇਹਨਾਂ ਸਭ ਗੀਤਾਂ ਨੂੰ ਮਿਲੇ ਪਿਆਰ ਸਦਕਾ ਨੇਕ ਨੂੰ ਮੰਜਿਲ ਵੱਲ ਵਧਣ ਲਈ ਹੁੰਗਾਰਾ ਦਿੱਤਾ। ਸਿਲਸਿਲਾ ਇਸੇ ਤਰਾਂ ਚੱਲਦਾ ਰਿਹਾ ਮਿੱਠੀ ਅਵਾਜ ਦੇ ਮਾਲਿਕ ਸੰਗਰਾਮ ਦੇ ਗਾਏ ਗੀਤ “ਸਵਾਲ” ਨੇ ਸੰਗੀਤ ਇੰਡਸਟਰੀ ਚ ਨੇਕ ਬੇਰੰਗ ਤੇ ਇੱਕ ਕਾਮਯਾਗ ਗੀਤਕਾਰ ਦੀ ਮੋਹਰ ਲਗਾਈ। ਕੁਲਵਿੰਦਰ ਬਿੱਲੇ ਦੇ ਸੰਗਦੀ ਸੰਗਦੀ ਗੀਤ ਤੇ ਮਨੀ ਮਾਨ ਦੇ ਗਾਏ “ਇਹ ਮੁਲਕ ਤਾਂ ਸੋਹਣਾ ਏ” ਗੀਤ ਨੇ ਵੀ ਵੱਖਰੀ ਛਾਪ ਛੱਡੀ। ਇਸ ਤੋਂ ਇਲਾਵਾ ਰੋਸ਼ਨ ਪ੍ਰਿੰਸ ਦੇ ਬਹੁ ਚਰਚਿਤ ਰਹੇ ਗੀਤ ਜੇ ਕੋਈ ਪੁੱਛੇ ਜਾਨ ਤੋਂ ਪਿਆਰਾ ਕੌਣ ਏ” ਗੀਤ ਨੇ ਵੀ ਸਰੋਤਿਆਂ ਦੇ ਦਿਲਾਂ ਚ ਵੱਖਰੀ ਥਾਂ ਬਣਾਈ। ਹੋਰ ਬਹੁਤ ਸਾਰੇ ਗਾਇਕਾਂ ਨੇ ਨੇਕ ਬੇਰੰਗ ਦੇ ਗੀਤ ਗਾਏ ਜਿਹਨਾਂ ਚ ਗੈਰੀ ਹੋਠੀ, ਸਲਾਮਤ ਅਲੀ, ਹਰਦੀਪ ਚੀਮਾ, ਅਤੇ ਮੰਗਾ ਉੱਪਲ ਜੋ ਕਿ ਨੇਕ ਲਈ ਭਰਾਵਾਂ ਵਰਗਾ ਹੈ ਜਿਸ ਨੇ ਹਰ ਸਮੇਂ ਸਾਥ ਵੀ ਬਹੁਤ ਦਿੱਤਾ। ਆਉਣ ਵਾਲੇ ਗੀਤਾਂ ਚ ਨੇਕ ਦੀ ਕਲਮ ਦੇ ਲਿਖੇ ਗੀਤ ਲੇੰਹਿੰਬਰ ਹੂਸੈਨਪੁਰੀ, ਨਵਜੀਤ ਗਿੱਲ, ਮਨਜੀਤ ਛਾਲਾਪੁਰੀ, ਇੰਦਰਜੀਤ ਨਿੱਕੂ, ਇਹਨਾਂ ਅਵਾਜਾਂ ਚ ਜਲਦ ਸੁਣਨ ਨੂੰ ਮਿਲਣਗੇ। ਸਰੋਤਿਆਂ ਦਾ ਧੰਨਵਾਦ ਕਰਦੇ ਨੇਕ ਨੇ ਸੁਨੇਹਾ ਦਿੰਦਿਆਂ ਕਿਹਾ ਕਿ ਗਾਉਣ ਅਤੇ ਲਿਖਣ ਵਾਲਿਆਂ ਨੇ ਪੁੰਨ ਕੀਤੇ ਹੋਏ ਹੁੰਦੇ ਨੇ ਜੋ ਉਹਨਾਂ ਦੀ ਮਿਹਨਤ ਸਦਕਾ ਸਰੋਤੇ ਉਹਨਾਂ ਨੂੰ ਅਲੱਗ ਪਹਿਚਾਣ ਦੇ ਕੇ ਆਪਣੇ ਦਿਲਾਂ ਚ ਥਾਂ ਦਿੰਦੇ ਹਨ। ਨੇਕ ਦਾ ਕਹਿਣਾ ਹੈ ਕਿ ਹਰ ਬੰਦੇ ਦਾ ਸਤਿਕਾਰ ਕਰੋ ਜੇਕਰ ਸਾਡੇ ਤੇ ਰੱਬ ਨੇ ਬਰਕਤਾਂ ਦੇ ਕੇ ਰਹਿਮਤ ਦਾ ਮੀਂਹ ਵਰਸਾਇਆ ਹੈ ਤਾਂ ਗਾਇਕ ਜਾਂ ਗੀਤਕਾਰ ਨੂੰ ਇਸ ਗੱਲ ਤੇ ਕੋਈ ਮਾਣ ਨਹੀਂ ਸਗੋਂ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਪੰਜਾਬੀ ਗੀਤਕਾਰੀ ਚੋਂ ਅਰਥ ਭਰਪੂਰ ਸ਼ਬਦਾਂ ਦਾ ਦੂਰ ਹੋਣਾ ਨੇਕ ਦੱਸਦਾ ਹੈ ਕਿ ਬਹੁਤ ਹੀ ਚਿੰਤਾਜਨਕ ਹੈ। ਲਿਖਣ ਵਾਲਿਆਂ ਲਈ ਸਾਹਿਤ ਪੜਨਾ ਬਿਲਕੁਲ ਉਸੇ ਤਰਾਂ ਜਰੂਰੀ ਹੈ ਜਿਵੇਂ ਗਾਉਣ ਵਾਲੇ ਲਈ ਰਿਆਜ ਕਰਨਾ ਹੈ। ਨੇਕ ਬੇਰੰਗ ਆਪਣੀ ਜੀਵਨ ਸਾਥਣ ਮਨਜੀਤ ਕੌਰ ਆਪਣੀ ਇੱਕ ਧੀ ਅਤੇ ਪੱਤਰ ਕਾਰਤਿਕ ਧਾਰੀਵਾਲ ਨਾਲ ਪਿੰਡ ਚ ਹੀ ਰਹਿ ਕੇ ਸਾਦੇ ਢੰਗ ਨਾਲ ਕੁਦਰਤ ਦੇ ਰੰਗਾਂ ਦਾ ਨਿੱਘ ਮਾਣਦੇ ਹੋਏ ਵਧੀਆ ਜੀਵਨ ਬਤੀਤ ਕਰ ਰਹੇ ਹਨ। ਚਰਚਾ ਚ ਰਹਿਣ ਵਾਲੇ ਗੀਤਕਾਰ ਨੇਕ ਬੇਰੰਗ ਦੇ ਆਉਣ ਵਾਲੇ ਗੀਤਾਂ ਲਈ ਦਿਲੋਂ ਦੁਆਵਾਂ ਤੇ ਨੇਕ ਦੀ ਕਲਮ ਇਸੇ ਤਰਾਂ ਮੰਜਿਲਾਂ ਨੂੰ ਛੂੰਹਦੀ ਰਹੇ।