ਅਸ਼ੋਕ ਵਰਮਾ
ਬਠਿੰਡਾ,5 ਸਤੰਬਰ। ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਠਿੰਡਾ, ਮਾਨਸਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਫਜ਼ਿਲਕਾ ਅਤੇ ਫਰੀਦਕੋਟ ਜਿਲਿਆਂ ਨਲ ਸਬੰਧਤ ਆਗੂਆਂ ਨੇ ਮੀਟਿੰਗ ਕਰਕੇ ਪਟਿਆਲਾ ਅਤੇ ਬਾਦਲ ਮੋਰਚਿਆਂ ’ਚ ਵੱਧ ਤੋਂ ਵੱਧ ਸ਼ਮੂਲੀਅਤ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਕਰੋਨਾ ਦੀ ਆੜ ਹੇਠ ਕੇਂਦਰ ਸਰਕਾਰ ਵੱਲੋਂ ਜਾਰੀ ਜਾਰੀ ਕੀਤੇ ਤਿੰਨ ਆਰਡੀਨੈਂਸ, ਬਿਜਲੀ ਸੋਧ ਕਾਨੂੰਨ 2020 ਅਤੇ ਜਮੀਨ ਸੋਧ ਕਾਨੂੰਨ 2020 ਰੱਦ ਕਰਵਾਉਣ ਲਈ ਕੇਂਦਰ ਦੀ ਭਾਜਪਾ ਸਰਕਾਰ ਵਿੱਚ ਭਾਈਵਾਲ ਅਕਾਲੀ ਦਲ ਬਾਦਲ ਦੀ ਮੰਤਰੀ ਹਰਸਿਮਰਤ ਕੌਰ ਅਤੇ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਦੇ ਪਿੰਡ ਬਾਦਲ ਵਿਖੇ , ਪੰਜਾਬ ਸਰਕਾਰ ਵੱਲੋਂ ਸੰਘਰਸ਼ ਰੋਕਣ ਲਈ ਜਨਤਕ ਇਕੱਠਾਂ ਤੇ ਲਾਈ ਪਾਬੰਦੀ ਰੱਦ ਅਤੇ ਚੋਣਾਂ ਵੇਲੇ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 15 ਸਤੰਬਰ ਤੋਂ 20 ਸਤੰਬਰ ਤੱਕ ਮੋਰਚਾ ਲਾਇਆ ਜਾ ਰਿਹਾ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ , ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਅਤੇ ਜਰਨਲ ਸਕੱਤਰ ਹਰਿੰਦਰ ਕੌਰ ਬਿੰਦੂ ਨੇ ਕਿਹਾ ਤੇ ਕੇਂਦਰ ਵੱਲੋਂ ਜਾਰੀ ਕੀਤੇ ਆਰਡੀਨੈਂਸਾਂ ਅਤੇ ਬਿਜਲੀ ਅਤੇ ਜਮੀਨ ਸੋਧ ਕਾਨੂੰਨ 2020 ਲਾਗੂ ਹੋਣ ਦੇ ਨਾਲ ਜਿੱਥੇ ਕਿਸਾਨਾਂ ਦੀਆਂ ਫਸਲਾਂ ਵਪਾਰੀਆਂ ਹੱਥੋਂ ਕੌਡੀਆਂ ਦੇ ਭਾਅ ਲੁੱਟੀਆਂ ਜਾਣਗੀਆਂ ਅਤੇ ਖੇਤੀ ਮੋਟਰਾਂ ਦੇ ਬਿੱਲ ਲੱਗਣੇ ਹਨ ਉੱਥੇ ਮਜਦੂਰਾਂ ਨੂੰ ਮਿਲਦੀ ਘਰੇਲੂ ਬਿਜਲੀ ਯੂਨਿਟਾਂ ਵਿੱਚ ਮਿਲਦੀ ਮੁਆਫੀ ਅਤੇ ਜਨਤਕ ਵੰਡ ਪ੍ਰਣਾਲੀ ਰਾਹੀਂ ਮਿਲਦੀ ਸਸਤੀ ਆਟਾ-ਦਾਲ ਵੀ ਬੰਦ ਹੋ ਜਾਣੀ ਹੈ । ਉਨਾਂ ਕਿਹਾ ਕਿ ਮੰਡੀ ਬੋਰਡ ਟੁੱਟਣ ਦੇ ਨਾਲ ਦਾਲਾਂ ਅਤੇ ਸਬਜੀਆਂ ਮੰਡੀਆਂ ਵਿੱਚ ਕੰਮ ਕਰਦੇ ਹਜਾਰਾਂ ਮਜਦੂਰਾਂ ਰੁਜਗਾਰ ਤੋਂ ਵਿਹਲੇ ਹੋ ਜਾਣਗੇ ਜੋਕਿ ਰੁਜਗਾਰਾਂ ਦੇ ਪੱਖ ਤੋਂ ਵੀ ਚਿੰਤਾ ਦਾ ਵਿਸ਼ਾ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਦੇ ਇਨਾਂ ਕਾਨੂੰਨਾਂ ਖਿਲਾਫ ਵਿਧਾਨ ਸਭਾ ਵਿਚ ਰੱਦ ਕਰਨ ਦਾ ਮਤਾ ਪਾਸ ਕਰ ਕੇ ਫੋਕੀ ਵਾਹ-ਵਾਹ ਖੱਟ ਰਹੀ ਹੈ ਜਦੋਂ ਕਿ ਇਨਾਂ ਕਾਨੂੰਨਾਂ ਖਿਲਾਫ ਲੜ ਰਹੇ ਕਿਸਾਨਾਂ ਮਜਦੂਰਾਂ ਤੇ ਕਰੋਨਾਂ ਦੀ ਆੜ ਹੇਠ ਪੁਲਸ ਕੇਸ ਮੜੇ ਜਾ ਰਹੇ ਹਨ । ਉਨਾਂ ਆਖਿਆ ਕਿ ਇਹ ਪੰਜਾਬ ਅਤੇ ਕੇਂਦਰ ਦੋਵਾਂ ਸਰਕਾਰਾਂ ਵੱਲੋਂ ਕਿਸਾਨਾਂ ਮਜਦੂਰਾਂ ਵਿਰੁੱਧ ਵਿੱਢੇ ਆਰਥਿਕ ਹੱਲੇ ਖਿਲਾਫ ਉਠ ਰਹੇ ਕਿਸਾਨ ਰੋਹ ਤੋਂ ਪੈਦਾ ਹੋਈ ਬੁਖਲਾਹਟ ਦੀ ਨਿਸ਼ਾਨੀ ਹੈ । ਮੀਟਿੰਗ ਵਿੱਚ ਹਾਜਰ ਕਿਸਾਨਾਂ ਨੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂਆਂ ਤੇ ਪਿਛਲੇ ਦਿਨੀ ਮਜਦੂਰ ਆਗੂਆਂ ਤੇ ਪੁਲਿਸ ਕੇਸ ਦਰਜ ਕਰਨ ਅਤੇ ਮਜਦੂਰ ਆਗੂਆਂ ਦੇ ਘਰਾਂ ਤੇ ਛਾਪੇ ਮਾਰਨ ਦੀ ਨਿਖੇਧੀ ਕਰਦਿਆਂ ਸਰਕਾਰ ਤੋਂ ਇਹ ਵਰਤਾਰਾ ਰੋਕਣ ਦੀ ਮੰਗ ਕੀਤੀ ਹੈ।