ਅਸ਼ੋਕ ਵਰਮਾ
ਬਠਿੰਡਾ, 5 ਸਤੰਬਰ । ਲੰਬੀ ਹਲਕੇ ਦੇ ਇੱਕ ਪਿੰਡ ਦੀ ਦਲਿਤ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਮੁਲਜਮਾਂ ਅਤੇ ਖਿਓਵਾਲੀ ਚ ਮਜਦੂਰ ਕਾਕਾ ਰਾਮ ਦੇ ਕਾਤਲਾਂ ਦੀ ਗਿ੍ਰਫਤਾਰੀ ਲਈ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ 7 ਸਤੰਬਰ ਤੋਂ ਲੰਬੀ ਥਾਣੇ ਅੱਗੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਲਈ ਇਲਾਕੇ ਤੇ ਆਸ ਪਾਸ ਦੇ ਪਿੰਡਾਂ ਦੇ ਪਿੰਡਾਂ ਵਿੱਚ ਲਾਮਬੰਦੀ ਨੂੰ ਪੁਲਿਸ ਵੱਲੋਂ ਦੋਸੀਆਂ ਨੂੰ ਫੜਨ ਦੀ ਥਾਂ ਮਜਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਸਮੇਤ ਹੋਰ ਆਗੂਆਂ ਦੇ ਘਰ ਪੁਲਿਸ ਵੱਲੋਂ ਕੀਤੀ ਛਾਪੇਮਾਰੀ ਨੇ ਹੋਰ ਵੀ ਭਖਾ ਦਿੱਤਾ ਹੈ। ਯੂਨੀਅਨ ਦੇ ਬਲਾਕ ਆਗੂ ਕਾਲਾ ਸਿੰਘ ਨੇ ਬਿਆਨ ਰਾਹੀਂ ਪੁਲਿਸ ਛਾਪਿਆਂ ਦੀ ਨਿਖੇਧੀ ਕਰਦਿਆਂ ਆਖਿਆ ਕਿ 7 ਸਤੰਬਰ ਨੂੰ ਜਿਲਾ ਪ੍ਰਧਾਨ ਨਾਨਕ ਸਿੰਘ ਦੀ ਬਰਸੀ ਮੁਲਜਮਾਂ ਦੀ ਗਿ੍ਰਫਤਾਰੀ ਤੇ ਪੀੜਤਾਂ ਲਈ ਇਨਸਾਫ ਦੀ ਮੰਗ ਨੂੰ ਲੈਕੇ ਛਾਪੇਮਾਰੀ ਦੇ ਬਾਵਜੂਦ ਲੰਬੀ ਥਾਣੇ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਦੇ ਕੇ ਮਨਾਈ ਜਾਵੇਗੀ।
ਉਹਨਾਂ ਦੱਸਿਆ ਕਿ ਧਰਨੇ ਦੀ ਤਿਆਰੀ ਲਈ ਸਿੰਘੇਵਾਲਾ ,ਫਤੂਹੀਵਾਲਾ, ਮਿੱਠੜੀ ਬੁੱਧਗਿਰ,ਗੱਗੜ ਤੇ ਮਹਿਣਾ ਤੋਂ ਇਲਾਵਾ ਸੰਗਤ ਬਲਾਕ ਦੇ ਵੀ ਕਈ ਪਿੰਡਾਂ ਚ ਮਜਦੂਰਾਂ ਤੇ ਨੌਜਵਾਨਾਂ ਦੀਆਂ ਮੀਟਿੰਗਾਂ ਤੇ ਰੈਲੀਆਂ ਕੀਤੀਆਂ ਗਈਆਂ। ਮੀਟਿੰਗਾਂ ਨੂੰ ਜਿਲਾ ਕਮੇਟੀ ਮੈਂਬਰ ਕਾਲਾ ਸਿੰਘ ਖੂਨਣ ਖੁਰਦ,ਮੱਖਣ ਸਿੰਘ,ਮਦਨ ਲਾਲ, ਗੁਰਮੇਲ ਕੌਰ ਤੇ ਜਸਪਾਲ ਕੌਰ ਤੋਂ ਇਲਾਵਾ ਨੌਜਵਾਨ ਭਾਰਤ ਸਭਾ ਦੇ ਆਗੂ ਅਸਵਨੀ ਕੁਮਾਰ ਘੁੱਦਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਖਿਆ ਬਲਾਤਕਾਰੀਆਂ ਤੇ ਕਾਤਲਾਂ ਨੂੰ ਫੜਨ ਦੀ ਥਾਂ ਬਠਿੰਡਾ ਪੁਲਿਸ ਯੂਨੀਅਨ ਦੇ ਸੂਬਾਈ ਆਗੂ ਲਛਮਣ ਸਿੰਘ ਸੇਵੇਵਾਲਾ ਤੇ ਤੀਰਥ ਸਿੰਘ ਕੋਠਾਗੁਰੂ ਦੇ ਘਰ ਛਾਪੇਮਾਰੀ ਕਰਕੇ ਧਰਨੇ ਨੂੰ ਸਾਬੋਤਾਜ ਕਰਨ ਲਈ ਕੋਝੇ ਹਥਕੰਡੇ ਅਪਣਾਅ ਰਹੀ ਹੈ ਜੋ ਸਫਲ ਨਹੀਂ ਹੋਣਗੇ। ਆਗੂਆਂ ਨੇ ਫੌਰੀ ਤੌਰ ਤੇ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਦੀ ਮੰਗ ਕਰਦਿਆਂ ਅਜਿਹਾ ਨਾਂ ਹੋਣ ਦੀ ਸੂਰਤ ’ਚ ਸੰਘਰਸ਼ ਤੇਜ ਕਰਨ ਦੀ ਚਿਤਾਵਨੀ ਵੀ ਦਿੱਤੀ।
ਉਹਨਾਂ ਆਖਿਆ ਕਿ ਕਾਂਗਰਸ ਹਕੂਮਤ ਤੇ ਪੁਲਿਸ ਕਰੋੜਾਂ ਦੀ ਆੜ ਚ ਲੋਕਾਂ ਦੇ ਜਥੇਬੰਦ ਹੋਣ ਤੇ ਸੰਘਰਸ ਕਰਨ ਦੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ ਅਤੇ ਦੋਸ਼ੀਆਂ ਦੇ ਪੈਸੇ ਤੇ ਸਿਆਸੀ ਜੋਰ ਕਾਰਨ ਪੁਲਿਸ ਉਹਨਾਂ ਨੂੰ ਬਚਾਇਆ ਜਾ ਰਿਹਾ ਹੈ। ਉਹਨਾਂ ਦੋਸ ਲਾਇਆ ਕਿ ਬਲਾਤਕਾਰ ਦੇ ਮਾਮਲੇ ’ਚ ਨਾਮਜਦ ਮਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਵਲੋਂ ਪੀੜਤ ਪਰਿਵਾਰ ਨੂੰ ਮੁਕੱਦਮਾ ਵਾਪਸ ਲੈਣ ਲਈ ਲਗਾਤਾਰ ਧਮਕਾਇਆ ਜਾ ਰਿਹਾ ਹੈ। ਉਹਨਾਂ ਦੋਸ਼ ਲਾਇਆ ਕਿ 6 ਮਈ ਨੂੰ ਖਿਓਵਾਲੀ ਚ ਕਤਲ ਕੀਤੇ ਮਜਦੂਰ ਦੇ ਕਾਤਲਾਂ ਨੂੰ ਲੰਬੀ ਪੁਲਿਸ ਸਿਰਫ ਫੜਨ ਤੋਂ ਹੀ ਇਨਕਾਰੀ ਨਹੀਂ ਸਗੋਂ ਚਲਾਨ ਪੇਸ ਕਰਨ ਸਮੇਂ ਕਤਲ ਦੀ ਧਾਰਾ ਹੀ ਹਟਾ ਕੇ ਮਾਮਲਾ ਰਫਾ ਦਫਾ ਕਰਨ ਤੇ ਉੱਤਰ ਆਈ ਹੈ। ਉਹਨਾਂ ਲੋਕਾਂ ਨੂੰ 7 ਦੇ ਧਰਨੇ ਚ ਪਰਿਵਾਰਾਂ ਸਮੇਤ ਪੁੱਜਣ ਦੀ ਅਪੀਲ ਕੀਤੀ।