24.8 C
United Kingdom
Wednesday, June 24, 2026

More

    ਅਸਾਮੀਆਂ ਤੇ ਕੁਹਾੜਾ: ਪਾਵਰਕੌਮ ਨੇ ਲਾਏ ਟੀਟੀਆਈ ਸੈਂਟਰਾਂ ਨੂੰ ਤਾਲੇ

    ਅਸ਼ੋਕ ਵਰਮਾ
    ਬਠਿੰਡਾ, 1 ਸਤੰਬਰ। ਪਾਵਰਕੌਮ ਵਿੱਚੋਂ ਅਸਾਮੀਆਂ ਖਤਮ ਕਰਨ ਦੇ ਫੈਸਲੇ ਦਾ ਹੌਲੀ ਹੌਲੀ ਅਸਰ ਦਿਖਾਈ ਦੇਣ ਲੱਗਿਆ ਹੈ। ਤਾਜਾ ਮਾਮਲਾ ਪਾਵਰਕੌਮ ਦੇ ਸਿਖਲਾਈ ਕੇਂਦਰਾਂ ਨਾਲ ਜੁਣਿਆ ਹੈ ਜਿੱਥੇ ਸਹਾਇਕ ਲਾਈਨਮੈਨ, ਲਾਈਨਮੈਨ, ਐਸਐਸਏ ਆਦਿ ਮੁਲਾਜਮਾਂ ਤਕੀਨੀਕੀ ਸਿੱਖਿਆ ਦਿੱਤੀ ਜਾਂਦੀ ਸੀ। ਟੀਟੀਆਈ ਦੇ ਨਾਮ ਨਾਲ ਜਾਣੇ ਜਾਦੇ ਇੰਨਾਂ ਸੈਂਟਰਾਂ ਨੂੰ ਪਾਵਰਕੌਮ ਨੇ ਜਿੰਦਰੇ ਮਾਰ ਦਿੱਤੇ ਹਨ ਜਿਸ ਨਾਲ ਮੁਲਾਜਮਾਂ ਦੀ ਟਰੇਨਿੰਗ ਤੇ ਸੰਕਟ ਖੜਾ ਹੋ ਗਿਆ ਹੈ। ਪ੍ਰਬੰਧਕਾਂ ਨੇ ਇੰਨਾਂ ਸੈਂਟਰਾਂ ’ਚ ਸਿਖਾਲਾਈ ਦੇਣ ਲਈ ਰੱਖੇ ਇੰਜਨੀਅਰਾਂ ਨੂੰ ਫੀਲਡ ’ਚ ਤਾਇਨਾਤ ਕਰ ਦਿੱਤਾ ਹੈ। ਹਾਲਾਂਕਿ ਪ੍ਰਬੰਧਕਾਂ ਨੇ ਇਸ ਕਾਰਵਾਈ ਪਿੱਛੇ ਹੋਰ ਕਾਰਨ ਦੱਸਿਆ ਹੈ ਪਰ ਜੱਥੇਬੰਦੀਆਂ ਦੇ ਆਗੂ ਇਸ ਨੂੰ ਪੋਸਟਾਂ ਖਤਮ ਕਰਨ ਦੇ ਅਮਲ ਨਾਲ ਜੋੜ ਕੇ ਦੇਖ ਰਹੇ ਹਨ। ਪਾਵਰਕੌਮ ਦੀ ਤਾਜਾ ਕਾਰਵਾਈ ਨਾਲ ਸਿਖਲਾਈ ਹਾਸਲ ਕਰਨ ਵਾਲੇ ਮੁਲਾਜਮਾਂ ’ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਮਹੱਤਵਪੂਰਨ ਤੱਥ ਹੈ ਕਿ ਮੁਲਾਜਮਾਂ ਨੂੰ ਸਿਖਲਾਈ ਨਾਂ ਮਿਲਣ ਦਾ ਸਿੱਧਾ ਅਸਰ ਉਨਾਂ ਦੀ ਕੰਮ ਕਰਨ ਦੀ ਸਮਰੱਥਾ ਤੇ ਅਸਰ ਪੈਂਦਾ ਹੈ। ਖਾਸ ਤੌਰ ਤੇ ਹਾਦਸਾ ਹੋਣ ਦੇ ਖਤਰੇ ਆਮ ਨਾਲੋਂ ਵਧ ਜਾਦੇ ਹਨ ਜੋਕਿ ਮਨੁੱਖੀ ਪੱਖ ਤੌਂ ਚਿੰਤਾਜਨਕ ਹੈ।  
                               ਜਾਣਕਾਰੀ ਅਨੁਸਾਰ ਤੱਤਕਾਲੀ ਬਿਜਲੀ ਬੋਰਡ ਵੱਲੋਂ ਵਿੱਚ ਮੁਲਾਜਮਾਂ ਨੂੰ ਤਕਨੀਕੀ ਸਿਖਲਾਈ ਦੇਣ ਲਈ ਮਹਿਕਮੇ  ਦਾ ਆਪਣਾ ਇੱਕ ਯੂਨਿਟ ਬਣਾਇਆ ਸੀ ਜਿਸ ਨੂੰ ਟੀ ਟੀ ਆਈ ਦੇ ਨਾਮ ਤੇ ਜਾਣਿਆ ਜਾਂਦਾ ਹੈ। ਇਹ ਕੇਂਦਰ ਕਾਇਮ ਕਰਨ ਦਾ ਮਕਸਦ  ਹੁਨਰਮੰਦ ਕਾਮੇ ਤਿਆਰ ਕਰਨਾ ਸੀ ਤਾਂ ਜੋ ਖਪਤਕਾਰਾਂ ਨੂੰ ਬਿਜਲੀ ਸਬੰਧੀ ਸੁਚੱਜੀਆਂ ਤੇ ਸੁਚਾਰੂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਕੰਮ ਲਈ ਜਮੀਨੀ ਪੱਧਰ ਤੇ ਕੰਮ ਕਰਨ ਵਾਲਿਆਂ ਜਿੰਨਾਂ ’ਚ  ਸਹਾਇਕ ਲਾਈਨਮੈਨ, ਲਾਈਨਮੈਨ, ਐੱਸਐੱਸਏ ਆਦਿ ਸ਼ਾਮਲ ਹਨ ਨੂੰ ਸਿਖਲਾਈ ਦੇ ਕੇ ਫੀਲਡ ਵਿੱਚ ਕੰਮ ਕਰਨ ਦੇ ਨਿਪੁੰਨ ਬਣਾਇਆ ਜਾਂਦਾ ਸੀ। ਵੇਰਵਿਆਂ ਅਨੁਸਾਰ ਪੰਜਾਬ ਅੰਦਰ ਕਰੀਬ 21 ਸੈਂਟਰਾਂ ਵਿੱਚ ਤਕਨੀਕੀ ਤੌਰ ਤੇ ਮਾਹਿਰ  ਜੂਨੀਅਰ ਇੰਜਨੀਅਰ ਬਤੌਰ ਅਧਿਆਪਕ ਤਾਇਨਾਤ ਕੀਤੇ ਹੋਏ ਸਨ । ਹੁਣ ਇਨਾਂ ਇੰਜਨੀਅਰ ਅਧਿਆਪਕਾਂ ਨੂੰ ਝੋਨੇ ਦੇ ਸੀਜਨ ਬਹਾਨੇ ਮੁੱਖ ਦਫਤਰ ਪਟਿਆਲਾ ਦੇ ਦਫਤਰੀ ਹੁਕਮ ਨੰਬਰ 261 ਜੋਨ ਡੀ, 5 ਅਗਸਤ 2020 ਤਹਿਤ ਫੀਲਡ ਵਿੱਚ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਪੱਤਰ ’ਚ ਇੰਨਾਂ ਹੁਕਮਾਂ ਦੀ ਤੁਰੰਤ ਪਾਲਣਾ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ ।
                                ਪਾਵਰਕੌਮ ਦੇ ਅਹਿਮ ਸੂਤਰਾਂ  ਨੇ ਦੱਸਿਆ ਹੈ ਕਿ  ਇੰਨਾਂ ਸੈਂਟਰਾਂ ’ਚ ਹਰ ਮਹੀਨੇ ਮੁਲਾਜਮਾਂ ਦਾ ਇੱਕ ਗਰੁੱਪ ਬਣਾ ਕੇ ਸਿਖਲਾਈ ਲਈ ਭੇਜ ਭੇਜਿਆ ਜਾਂਦਾ ਸੀ। ਹੁਣ ਜਦੋਂ ਟਰੇਨਿੰਗ ਸੈਂਟਰਾਂ ਅੰਦਰ ਕੋਈ ਅਧਿਆਪਕ ਹੀ ਨਹੀਂ ਹੈ ਤਾਂ ਮੁਲਾਜਮ ਤਕਨੀਕੀ ਸਿੱਖਿਆਂ ਲੈਣ ਤੋਂ ਵਾਂਝੇ ਹੋ ਗਏ ਹਨ। ਕੁੱਝ ਮੁਲਾਜਮਾਂ ਨੇ ਦੱਸਿਆ ਕਿ ਉਹ  ਸੈਂਟਰਾਂ ਵਿੱਚ ਜਾਂਦੇ ਹਨ ਪਰ ਕੋਈ ਟਰੇਨਰ ਨਾਂ ਹੋਣ ਕਰਕੇ ਉਨਾਂ ਨੂੰ  ਖਾਲੀ ਹੱਥ ਵਾਪਸ ਪਰਤਣਾ ਪੈ ਰਿਹਾ ਹੈ। ਉਨਾਂ ਦੱਸਿਆ ਕਿ  ਇਸ ਮਾਮਲੇ ਨੂੰ ਲੈਕੇ ਕਰਮਚਾਰੀਆਂ ’ਚ ਰੋਸ ਹੈ ਜੋ ਕਿ ਕਿਸੇ ਵੇਲੇ ਵੀ ਭਾਂਬੜ ਬਣ ਸਕਦਾ ਹੈ। ਮੁਲਾਜਮਾਂ ਨੇ ਖਦਸ਼ਾ ਪ੍ਰਗਟਾਇਆ ਕਿ ਕੋਈ ਤਕਨੀਕੀ ਸਿੱਖਿਆ ਨਾ ਮਿਲਣ ਕਾਰਨ ਹਾਦਸਾ ਵਾਪਰਨ ਦੀ ਸੂਰਤ ’ਚ ਮੁਲਾਜਮ ਮੌਤ ਦੇ ਮੂੰਹ ਜਾ ਸਕਦੇ  ਹਨ। ਉਨਾਂ ਦੱਸਿਆ ਕਿ ਸਿਖਲਾਈ ਲਈ ਦਰਸਾਏ ਜਾਂਦੇ ਸਾਜੋ ਸਮਾਨ ਦਾ ਵੀ ਪ੍ਰਬੰਧਕ ਕੋਈ ਇੰਤਜਾਮ ਨਹੀਂ ਕਰ ਰਹੇ ਜੋਕਿ ਪਹਿਲਾਂ ਹੀ ਚਿੰਤਾ ਦਾ ਦਾ ਕਾਰਨ ਬਣਿਆ ਹੋਇਆ ਹੈ ਉੱਪਰੋਂ ਤਾਜਾ ਮਸੀਬਤ ਆਣ ਪਈ ਹੈ।
                                 ਮੁਲਾਜਮਾਂ ਦਾ ਘਾਣ ਕਰ ਰਹੇ ਪ੍ਰਬੰਧਕ- ਸੂਬਾ ਪ੍ਰਧਾਨ
    ਅਸਿਸਟੈਂਟ ਲਾਈਨ ਮੈਨ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਮਹਿਮਾ ਦਾ ਕਹਿਣਾ ਸੀ ਕਿ ਨਵੀਂ ਭਰਤੀ ਦੇ ਮੁਲਾਜਮਾਂ ਦੀ ਗਿਣਤੀ ਕਰੀਬ 7000 ਹਜਾਰ ਹੈ ਜਿੰਨਾਂ ਦੀ ਜਾਨ ਸਿਖਲਾਈ ਨਾਂ ਮਿਲਣ ਕਾਰਨ ਦਾਅ ਤੇ ਲੱਗ ਗਈ ਹੈ।  ਉਨਾਂ ਕਿਹਾ ਕਿ ਪਾਵਰਕੌਮ ਨਿੱਤ ਨਵੇਂ ਫਰਮਾਨ ਜਾਰੀ ਕਰਕੇ ਮੁਲਾਜਮਾਂ ਦੇ ਹੱਕਾਂ ਦਾ ਘਾਣ ਕਰ ਰਿਹਾ ਹੈ ਜਿਸ ਖਿਲਾਫ ਮੁਲਾਜਮ ਲੜਾਈ ਲੜਨਗੇ। ਉਨਾਂ ਪਾਵਰਕੌਮ ਤੋਂ ਟੀਟੀਆਈ ਸੈਂਟਰਾਂ ਚੋਂ ਬਦਲੀ ਕੀਤੇ ਟ੍ਰੇਨਰਾਂ (ਜੂਨੀਅਰ ਇੰਜਨੀਅਰਾਂ) ਜਲਦੀ ਤੋਂ ਜਲਦੀ ਵਾਪਸ ਭੇਜਣ ਦੀ ਮੰਗ ਕੀਤੀ।
                                     ਪ੍ਰਾਈਵੇਟ ਕੰਪਨੀਆਂ ਲਈ ਮਹੌਲ ਦੀ ਤਿਆਰੀ:ਸੰਧੂ
     ਥਰਮਲ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਦਾ ਕਹਿਣਾ ਸੀ ਕਿ ਅਸਲ ’ਚ ਇਹ ਅਸਾਮੀਆਂ ਤੇ ਕੁਹਾੜਾ ਚਲਾਉਣ ਦੀ ਨੀਤੀ ਹੈ ਜਿਸ ਤਹਿਤ ਇਹ ਸੈਂਟਰ ਬੰਦ ਕਰ ਦਿੱਤੇ ਗਏ ਹਨ। ਉਨਾਂ ਆਖਿਆ ਕਿ ਸਰਕਰ ਕੁੱਝ ਵੀ ਕਹੇ ਬਿਜਲੀ ਖੇਤਰ ਪ੍ਰਾਈਵੇਟ ਕੰਪਨੀਆਂ ਹਵਾਲੇ ਕਰਨ ਲਈ ਮਹੌਲ ਬਣਾਇਆ ਜਾ ਰਿਹਾ ਹੈ। ਸ੍ਰੀ ਸੰਧੂ ਨੇ ਇਸ  ਫੈਸਲੇ ਦੀ ਨਿਖੇਧੀ ਕਰਦਿਆਂ  ਕਿਹਾ ਕਿ ਪਾਵਰਕੌਮ ਨੇ ਮੁਲਾਜਮਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰਨ ਵਾਲਾ ਫੈਸਲਾ ਲਿਆ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ।
       ਕੋਵਿਡ ਕਾਰਨ ਬੰਦ ਕੀਤੇ ਸੈਂਟਰ:ਚੀਫ ਇੰਜਨੀਅਰ
    ਪਾਵਰਕੌਮ ਦੇ ਚੀਫ ਇੰਜਨੀਅਰ (ਐਚਆਰ) ਅਸ਼ੋਕ ਸੱਭਰਵਾਲ ਦਾ ਕਹਿਣਾ ਸੀ ਕਿ ਕੋਵਿਡ-19 ਦੇ ਸੰਕਟ ਕਾਰਨ ਸੈਂਟਰ ਬੰਦ ਕੀਤੇ ਹਨ ਜਿਨਾਂ ਨੂੰ ਹਾਲਾਤ ਠੀਕ ਹੰੁਦਿਆਂ ਹੀ ਚਾਲੂ ਕਰ ਦਿੱਤਾ ਜਾਏਗਾ। ਉਨਾਂ ਕਿਹਾ ਕਿ ਪੱਕੇ ਤੌਰ ਤੇ ਇਹ ਕੇਂਦਰ ਬੰਦ ਕਰਨ ਵਾਲੀ ਗੱਲ ਸਹੀ ਨਹੀਂ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!