ਮਾਲੇਰਕੋਟਲਾ (ਪੰਜ ਦਰਿਆ ਬਿਊਰੋ):
ਮਾਲੇਰਕੋਟਲਾ ਵਿਖੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਪੱਤਰਕਾਰਾਂ ਤੇ ਕੀਤੇ ਗਏ ਹਮਲੇ ਦੀ ਪੰਜਾਬ ਦੀਆਂ ਵੱਖ-ਵੱਖ ਪ੍ਰੈਸ ਯੂਨੀਅਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਘੋਰ ਨਿੰਦਾ ਕੀਤੀ ਜਾ ਰਹੀ ਹੈ । ਇਸੇ ਲੜੀ ਤਹਿਤ ਇੰਡੀਅਨ ਮੀਡੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਮੁਹੰਮਦ ਅਸਲਮ ਨਾਜ਼, ‘ਦੀ ਪ੍ਰੈਸ ਕਲੱਬ’ ਮਾਲੇਰਕੋਟਲਾ ਦੇ ਜਰਨਲ ਸਕੱਤਰ ਮੁਹੰਮਦ ਜਮੀਲ ਜੌੜਾ ਨੇ ਇਸ ਹਮਲੇ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਪ੍ਰੈਸ ਤੇ ਲਗਾਤਾਰ ਹਮਲੇ ਹੋ ਰਹੇ ਹਨ ਜਿਸਦਾ ਸਰਕਾਰਾਂ ਸਖਤ ਨੋਟਿਸ ਨਹੀਂ ਲੈ ਰਹੀਆਂ ਇਸੇ ਲਈ ਸ਼ਰਾਰਤੀ ਅਨਸਰਾਂ ਦੇ ਹੌਸਲੇ ਵਧ ਰਹੇ ਹਨ ਅਤੇ ਲੋਕਤੰਤਰ ਦਾ ਚੌਥਾ ਥੰਮ ਦਿਨੋਂ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ । ਉਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰੈਸ ਦੇ ਮਾਧਿਅਮ ਰਾਹੀਂ ਅਪੀਲ ਕੀਤੀ ਕਿ ਆਏ ਦਿਨ ਪੱਤਰਕਾਰਾਂ ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਵਿਧਾਨ ਸਭਾ ਵਿੱਚ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਕਿ ਫੀਲਡ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਅਤੇ ਉਨਾਂ ਦੇ ਪਰੀਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ । ਉਨਾਂ ਇਹ ਵੀ ਮੰਗ ਕੀਤੀ ਕਿ ਮਾਲੇਰਕੋਟਲਾ ਵਿਖੇ ਪੱਤਰਕਾਰਾਂ ਤੇ ਹੋਏ ਹਮਲੇ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ।