ਤੂੰ ਸਮੁੰਦਰ ਹੀ ਸਹੀ, ਮੈਂ ਸ਼ੂਕਦਾ ਦਰਿਆ ਤਾਂ ਹਾਂ,
ਤੂੰ ਸਥਿਰ ਇੱਕੋ ਜਗ੍ਹਾ, ਮੈਂ ਦਰ ਕਦਮ ਚੱਲਦਾ ਤਾਂ ਹਾਂ ,
ਤੇਰੇ ਤੇ ਮੇਰੇ ਵਿਚਾਲ਼ੇ ਫ਼ਰਕ ਹੈ,ਤਦਬੀਰ ਦਾ,
ਤੂੰ ਉਡੀਕੇਂ ਇੱਕ ਜਗਾ,ਮੈਂ ਹਰ ਘੜੀ ਮਿਲਦਾ ਤਾਂ ਹਾਂ ,
ਉੱਚੇ ਉੱਚੇ ਪਰਬਤਾਂ ਤੋਂ,ਜੰਗਲਾਂ ਤੋਂ ਬੇਲਿਆਂ ਤੋਂ,
ਮੋਢਿਆਂ ‘ਤੇ ਚੁੱਕ ਪਾਣੀ,ਤੇਰੇ ਲਈ ਢੋਂਹਦਾ ਤਾਂ ਹਾਂ,
ਹੈ ਮੇਰਾ ਅੰਜਾਮ ਜਿੱਥੇ ਉਹ ਤੇਰਾ ਆਗਾਜ਼ ਹੈ,
ਤੂੰ ਮੇਰੇ ਲਈ ਜੀਂਵਦਾ,ਮੈਂ ਤੇਰੇ ਲਈ ਮਰਦਾ ਤਾਂ ਹਾਂ,
ਮੋਢਿਆਂ ਤੋਂ ਫੜ ਕਦੇ,ਮੈਨੂੰ ਗਲ਼ੇ ਲਾਇਆ ਨਹੀਂ,
ਮੁੱਦਤਾਂ ਤੋਂ ਤੇਰਿਆਂ ਕਦਮਾਂ ‘ਚ ਡਿੱਗਦਾ ਤਾਂ ਹਾਂ,
ਮੇਰੇ ਜਿਹੇ ਲੱਖਾਂ ਦੀਵਾਨੇ ਤੇਰੇ ਅੰਦਰ ਜਜ਼ਬ ਨੇ,
ਜਾਣਦਾ ਹਾਂ,ਫਿਰ ਵੀ ਤੇਰੀ ਆਸ਼ਿਕੀ ਕਰਦਾ ਤਾਂ ਹਾਂ..!
ਮੈਂ ਤਿਰੇ ਵੱਲ ਤੂੰ, ਹਮੇਸ਼ਾ ਚੰਨ ਵੰਨੀ ਦੌੜਦਾ,
ਚਾਂਦਨੀ ਰਾਤਾਂ ਦਾ ਧੋਖਾ ਮੈਂ ਸਦਾ ਜਰਦਾ ਤਾਂ ਹਾਂ..!
ਵਿਜੈ ਭੱਟੀ