ਅਸ਼ੋਕ ਵਰਮਾ
ਚੰਡੀਗੜ 29 ਅਗਸਤ । ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ 15 ਤੋਂ 20 ਸਤੰਬਰ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ’ਚ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੰਤਾ ਹੈ। ਜੱਥੇਬੰਦੀ ਨੇ ਆਖਿਆ ਕਿ ਮੋਰਚੇ ਦੀ ਸਫਲਤਾ ਲਈ ਪਿੰਡਾਂ ’ਚ ਲਾਮਬੰਦੀ ਮੁਹਿੰਮ ਚਲਾਂਈ ਜਾਏਗੀ। ਖੇਤੀ ਆਰਡੀਨੈਂਸਾਂ ਨੂੰ ਕਰੋਨਾ ਦੀ ਆੜ ਹੇਠ ਮੜਨ ‘ਤੇ ਤੁਲੀ ਹੋਈ ਕੇਂਦਰ ਸਰਕਾਰ ‘ਚ ਹਿੱਸੇਦਾਰ ਭਾਜਪਾ ਅਕਾਲੀ ਮੰਤਰੀ,ਐਮ ਪੀ, ਐਮ ਐਲ ਏ ਨੂੰ ਪਿੰਡਾਂ ‘ਚ ਵੜਨੋਂ ਰੋਕਣ ਲਈ ਲਾਏ ਗਏ ਨਾਕਾਬੰਦੀ ਧਰਨਿਆਂ ਨੂੰ ਅੱਜ ਪੰਜਵੇਂ ਤੇ ਆਖਰੀ ਦਿਨ ਲਾਮਿਸਾਲ ਹੁੰਗਾਰਾ ਮਿਲਣ ਦਾ ਦਾਅਵਾ ਕਰਦਿਆਂ ਜੱਥੇਬੰਦੀ ਨੇ ਇਹ ਨਵਾਂ ਪੈਂਤੜਾ ਅਖਤਿਆਰ ਕੀਤਾ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਅੱਜ ਇੱਥੇ ਜਾਰੀ ਕੀਤੇ ਗਏ ਸੂਬਾਈ ਪ੍ਰੈਸ ਰਿਲੀਜ ਰਾਹੀਂ ਦੱਸਿਆ ਗਿਆ ਕਿ ਪੂਰੇ ਮੋਰਚੇ ਦੌਰਾਨ 13 ਜਿਲਿਆਂ ਦੇ 600 ਤੋਂ ਵੱਧ ਪਿੰਡਾਂ ਵਿੱਚ ਮੰਗਾਂ ਦਾ ਪ੍ਰਚਾਰ ਤਾਂ 20 ਲੱਖ ਲੋਕਾਂ ਤੱਕ ਲਿਜਾਇਆ ਗਿਆ ਜਦੋਂਕਿ ਇੱਕ ਲੱਖ ਤੋਂ ਵੱਧ ਕਿਸਾਨ ਮਜਦੂਰ ਪਰਿਵਾਰਾਂ ਸਮੇਤ ਅੱਜ ਵੀ ਕਰੋਨਾ ਸਾਵਧਾਨੀਆਂ ਵਰਤਦਿਆਂ ਸ਼ਾਮਲ ਹੋਏ। ਉਨਾਂ ਦੱਸਿਆ ਕਿ ਬੀਤੇ ਦਿਨ ਪਿੰਡ ਲੌਂਗੋਵਾਲ ‘ਚ ਸੁਆਲ ਪੁੱਛਣ ਲਈ ਰੋਕੇ ਉੱਘੇ ਅਕਾਲੀ ਆਗੂ ਗੋਬਿੰਦ ਸਿੰਘ ਨੇ ਧਰਨਾਕਾਰੀਆਂ ਵੱਲੋਂ ਕੀਤੇ ਗਏ ਸੁਆਲਾਂ ਦਾ ਕੋਈ ਵੀ ਜੁਆਬ ਨਾ ਦੇਣ ਵਿੱਚ ਹੀ ਆਪਣਾ ਭਲਾ ਸਮਝਿਆ। ਕੁੱਝ ਪਿੰਡਾਂ ਵਿੱਚ ਅੱਜ ਵੀ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ , ਰੋਸ ਮਾਰਚ ਤੇ ਢੋਲ ਮਾਰਚ ਵੀ ਕੀਤੇ ।
ਧਰਨਾਕਾਰੀਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਕਾਰਜਕਾਰੀ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ,ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ, ਅਮਰੀਕ ਸਿੰਘ ਗੰਢੂਆਂ ਤੇ ਰਾਜਵਿੰਦਰ ਸਿੰਘ ਰਾਮਨਗਰ ਤੋਂ ਇਲਾਵਾ ਵੱਖ ਵੱਖ ਜਿਲਿਆਂ/ਬਲਾਕਾਂ/ਪਿੰਡਾਂ ਦੇ ਆਗੂ ਸ਼ਾਮਲ ਸਨ। ਸਭ ਥਾਂਈਂ ਬੁਲਾਰਿਆਂ ਨੇ ਐਲਾਨ ਕੀਤਾ ਕਿ 15 ਤੋਂ 20 ਸਤੰਬਰ ਤੱਕ ਪਟਿਆਲਾ (ਪੂਡਾ ਗ੍ਰਾਊਂਡ) ਅਤੇ ਬਾਦਲ ਪਿੰਡ ਵਿੱਚ ਪੰਜਾਬ ਤੇ ਕੇਂਦਰ ਦੋਨਾਂ ਸਰਕਾਰਾਂ ਵਿਰੁੱਧ ਪੱਕੇ ਮੋਰਚੇ ਲਾਏ ਜਾਣਗੇ। ਪੰਜਾਬ ਸਰਕਾਰ ਦੁਆਰਾ ਕੇਂਦਰ ਸਰਕਾਰ ਨੂੰ ਕਿਸਾਨ ਰੋਹ ਤੋਂ ਬਚਾਉਣ ਹਿਤ ਸ਼ਾਂਤਮਈ ਇਕੱਠਾਂ ਉੱਤੇ ਦਫਾ144 ਮੜ ਕੇ ਕਿਸਾਨਾਂ ਮਜਦੂਰਾਂ ਸਿਰ ਪੁਲਿਸ ਕੇਸ ਮੜਨੇ ਬੰਦ ਕਰਨ, ਮੌਂਟੇਕ ਆਹਲੂਵਾਲੀਆ ਕਮੇਟੀ ਭੰਗ ਕਰਨ ਅਤੇ ਕਿਸਾਨਾਂ ਮਜਦੂਰਾਂ ਸਿਰ ਚੜੇ ਸਾਰੇ ਕਰਜੇ ਖਤਮ ਕਰਨ ਸਮੇਤ ਹੋਰ ਭਖਦੀਆਂ ਮੰਗਾਂ ਮੁੱਖ ਤੌਰ ਤੇ ਪਟਿਆਲਾ ਧਰਨੇ ਦੀਆਂ ਮੰਗਾਂ ਵਿੱਚ ਸ਼ਾਮਲ ਹੋਣਗੀਆਂ।
ਉਨਾਂ ਦੱਸਿਆ ਕਿ ਤਿੰਨੇ ਕਿਸਾਨ ਮਾਰੂ ਖੇਤੀ ਆਰਡੀਨੈਂਸ, ਬਿਜਲੀ ਸੋਧ ਬਿੱਲ ਤੇ ਭੂਮੀ-ਗ੍ਰਹਿਣ ਸੋਧਾਂ ਵਾਪਸ ਲੈਣ ਸਮੇਤ ਮਜਦੂਰਾਂ ਕਿਸਾਨਾਂ ਦੇ ਸ਼ਾਂਤਮਈ ਇਕੱਠਾਂ ਅਤੇ ਲੋਕ-ਪੱਖੀ ਬੁੱਧੀਜੀਵੀਆਂ, ਪੱਤਰਕਾਰਾਂ, ਵਕੀਲਾਂ ਆਦਿ ਸਭਨਾਂ ਦੇ ਲਿਖਣ ਬੋਲਣ ‘ਤੇ ਮੜੀਆਂ ਪਾਬੰਦੀਆਂ ਵਾਪਸ ਲੈਣ ਨਜ਼ਰਬੰਦਾਂ ਨੂੰ ਬਿਨਾਂ ਸਰਤ ਰਿਹਾਅ ਕਰਨ ਵਰਗੀਆਂ ਭਖਦੀਆਂ ਮੰਗਾਂ ਕੇਂਦਰ ਵਿਰੋਧੀ ਬਾਦਲ ਧਰਨੇ ਦੀਆਂ ਮੁੱਖ ਮੰਗਾਂ ਵਿੱਚ ਸ਼ਾਮਲ ਹੋਣਗੀਆਂ। ਇਸ ਤੋਂ ਇਲਾਵਾ ਇਹ ਐਲਾਨ ਵੀ ਕੀਤਾ ਗਿਆ ਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ(ਸਤਨਾਮ ਪੰਨੂ) ਵੱਲੋਂ 7 ਸਤੰਬਰ ਤੋਂ ਜਿਲਾ ਕੇਂਦਰਾਂ ‘ਤੇ ਲਾਏ ਜਾ ਰਹੇ ਪੱਕੇ ਧਰਨਿਆਂ ਦੀ ਹਮਾਇਤ ਵਿੱਚ ਵੀ ਇੱਕ ਦਿਨ ਲਈ ਤਾਲਮੇਲਵੇਂ ਧਰਨੇ 7 ਸਤੰਬਰ ਨੂੰ ਜਿਲਾ ਕੇਂਦਰਾਂ ‘ਤੇ ਲਾਏ ਜਾਣਗੇ।
ਅੱਜ ਦੇ ਧਰਨਿਆਂ ਵਿੱਚ ਕਈ ਥਾਂਈਂ ਪੰਜਾਬ ਖੇਤ ਮਜਦੂਰ ਯੂਨੀਅਨ, ਪੀ ਐਸ ਯੂ ਰੰਧਾਵਾ, ਨੌਜਵਾਨ ਭਾਰਤ ਸਭਾ,ਡੀ ਟੀ ਐਫ, ਟੀ ਐਸ ਯੂ ਭੰਗਲ ਅਤੇ ਠੇਕਾ ਮੁਲਾਜਮਾਂ ਵੱਲੋਂ ਕੀਤੀ ਗਈ ਹਿਮਾਇਤੀ ਸ਼ਮੂਲੀਅਤ ਲਈ ਧੰਨਵਾਦ ਕੀਤਾ ਗਿਆ। ਬੁਲਾਰਿਆਂ ਨੇ ਐਲਾਨ ਕੀਤਾ ਕਿ ਖੇਤੀ ਆਰਡੀਨੈਂਸ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਹਨਾਂ ਪੰਜਾਬ ਭਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਇਸ ‘ ਕਿਸਾਨੀ ਬਚਾਓ ‘ ਸੰਘਰਸ਼ ਵਿੱਚ ਹੋਰ ਵੀ ਵਧ ਚੜ ਕੇ ਪਰਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ ।