ਜੱਗਾ ਗਿੱਲ ਸਾਫੂਵਾਲਾ
ਨੋਕ ਕਲਮ ਦੀ ਬਹੁਤ ਹੀ ਤਿੱਖੀ
ਤਿੱਖੀ ਲੋਕੋ ਵਾਂਗਰਾਂ ਤੀਰ
ਲਿਖਣ ਵਾਲਾ ਜੇ ਹੋਵੇ ਲਿਖਾਰੀ
ਪੱਥਰਾਂ ਨੂੰ ਵੀ ਦੇਂਦੀ ਚੀਰ
ਏਸ ਕਲਮ ਨਾਲ ਲਿਖੀ ਹੈ ਬਾਣੀ
ਗੁਰੂ ਪੀਰ ਪੈਗ਼ੰਬਰ ਰਿਸ਼ੀਆਂ ਨੇ
ਕਾਨੂੰਨ ਲਿਖੇ ਇਤਿਹਾਸ ਲਿਖੇ ਨੇ
ਕਈ ਹਿਸਟੀਰੀਆ ਵੀ ਲਿਖੀਆਂ ਨੇ
ਕਾਇਰਾਂ ਦੇ ਵਿੱਚ ਗ਼ੈਰਤ ਭਰਦੀ
ਹਾਰਿਆਂ ਤਾਂਈ ਬਨ੍ਹਾਵੇ ਧੀਰ
ਲਿਖਣ ਵਾਲਾ ਜੇ ਹੋਵੇ ਲਿਖਾਰੀ
ਪੱਥਰਾਂ ਨੂੰ ਵੀ ਦੇਂਦੀ ਚੀਰ
ਹੈ ਕਿਸੇ ਅਤੇ ਕਹਾਣੀਆਂ ਲਿਖਦੀ
ਨਾਲੇ ਗੱਲਾਂ ਲਿਖੇ ਅਤੀਤ ਦੀਆਂ
ਯਾਦ ਕਰਾਵੇ ਲੋਕਾਂ ਨੂੰ ਸਭ
ਭਾਂਵੇਂ ਸਦੀਆਂ ਬੀਤ ਗਈਆਂ
ਵਾਰਿਸ਼ ਸ਼ਾਹ ਨੇ ਲਿਖੀ ਏਸ ਨਾਲ
ਵਿੱਚ ਸਿਆਲਾਂ ਜਨਮੀ ਹੀਰ
ਲਿਖਣ ਵਾਲਾ ਜੇ ਹੋਵੇ ਲਿਖਾਰੀ
ਪੱਥਰਾਂ ਨੂੰ ਵੀ ਦੇਂਦੀ ਚੀਰ
ਕਈਆਂ ਦੀ ਏ ਰੋਜ਼ੀ ਰੋਟੀ
ਭੁੱਖਿਆਂ ਦੇ ਢਿੱਡ ਭਰਦੀ ਏ
ਗੂੰਗਿਆਂ ਦੀ ਏ ਬਣਕੇ ਜ਼ੀਭਾ
ਰਮਜ਼ ‘ਚ’ ਗੱਲਾਂ ਕਰਦੀ ਏ
ਰੋਂਦਿਆਂ ਨੂੰ ਹੈ ਹੱਸਣ ਲਾਉਂਦੀ
ਹੱਸਦਿਆਂ ਅੱਖੀਂ ਲਿਆਵੇ ਨੀਰ
ਲਿਖਣ ਵਾਲਾ ਜੇ ਹੋਵੇ ਲਿਖਾਰੀ
ਪੱਥਰਾਂ ਨੂੰ ਵੀ ਦੇਂਦੀ ਚੀਰ
ਜੱਗਿਆ ਜਿਸਨੂੰ ਸੋਝੀ ਆ ਗਈ
ਦੋ ਚਾਰ ਝਰੀਟਾਂ ਮਾਰਨ ਦੀ
ਹਥਿਆਰਾਂ ਦੀ ਲੋੜ ਕੋਈ ਨਾਂ
ਕੰਮ ਕਰਦੀ ਕੰਡ ਝਾੜਨ ਦੀ
ਹੈ ਫਿਰ ਗੁੱਝੀਆਂ ਚੋਟਾਂ ਕਰਦੀ
ਗਿੱਲਾ ਝੱਲ ਨਾਂ ਹੁੰਦੀ ਪੀੜ
ਨੋਕ ਕਲਮ ਦੀ ਬਹੁਤ ਹੀ ਤਿੱਖੀ
ਤਿੱਖੀ ਲੋਕੋ ਵਾਂਗਰਾਂ ਤੀਰ
ਲਿਖਣ ਵਾਲਾ ਜੇ ਹੋਵੇ ਲਿਖਾਰੀ
ਪੱਥਰਾਂ ਨੂੰ ਵੀ ਦੇਂਦੀ ਚੀਰ