18.3 C
United Kingdom
Friday, June 26, 2026

More

    ਤੈਨੂੰ ਆਖਿਆ ਸੀ

    ਦੁੱਖਭੰਜਨ ਸਿੰਘ ਰੰਧਾਵਾ
    0351920036369

    ਤੈਨੂੰ ਆਖਿਆ ਸੀ ਰੱਬਾ
    ਉਹਨੂੰ ਤੱਤੀ ਵਾ ਨਾ ਲੱਗੇ |
    ਤੇਰੇ ਤਰਲੇ ਮੈਂ ਕੀਤੇ ਤੇ,
    ਕੱਢੇ ਹਾੜੇ ਤੇਰੇ ਅੱਗੇ |
    ਤੂੰ ਮੰਨੀ ਕਿਉਂ ਨਾ ਮੇਰੀ,
    ਤੇਰੀ ਕੇਹੀ ਏ ਖੁਦਾਈ |
    ਉਹਦਾ ਦੁੱਖ ਵੇਖਣ ਤੋ ਪਹਿਲਾਂ,
    ਮੈਨੂੰ ਮੌਤ ਕਿਉਂ ਨਾ ਆਈ |

    ਜਿੰਦ ਡੱਕੇ-ਡੋਲੇ ਖਾਵੇ,
    ਤੇ ਭਾਰੇ ਲਗਦੇ ਨੇ ਸਾਹ |
    ਮੈਨੂੰ ਫਾਹੇ ਲਾ ਦੇ ਮੌਲਾ,
    ਮੇਰੀ ਚੱਲਦੀ ਨਹੀਂ ਵਾਹ |
    ਮੇਰੀ ਮਲੂਕੜੀ ਜਈ ਰੂਹ ਰਹੇ,
    ਉਹਦੀ ਦੀਦ ਦੀ ਤਿਹਾਈ |
    ਉਹਦਾ ਦੁੱਖ ਵੇਖਣ ਤੋ ਪਹਿਲਾਂ,
    ਮੈਨੂੰ ਮੌਤ ਕਿਉਂ ਨਾ ਆਈ

    ਕੱਚੇ ਘੜੇ ਵਾਂਗੂ ਕਾਹਤੋਂ,
    ਮੈਂ ਖੁਰਨ ਲੱਗਾ ਹਾਂ |
    ਮੈਂ ਗਮਾਂ ਦੀ ਸਲੇਟ ਉੱਤੇ,
    ਭੁਰਨ ਲੱਗਾ ਹਾਂ |
    ਜਾਨਲੇਵਾ ਜਿਹੜੀ ਹੁੰਦੀ,
    ਮਾਰ ਦੇਂਦੀ ਏ ਦਵਾਈ |
    ਉਹਦਾ ਦੁੱਖ ਵੇਖਣ ਤੋ ਪਹਿਲਾਂ,
    ਮੈਨੂੰ ਮੌਤ ਕਿਉਂ ਨਾ ਆਈ |

    ਮੈਂ ਕਿੱਲੀ ਉੱਤੇ ਸੁੱਕਣੇਂ ਪਈ,
    ਲੀਰ ਹੋ ਗਿਆ ਹਾਂ |
    ਮੈਂ ਭੁੱਬੀਂ ਹੋ-ਹੋ ਰੋਇਆ,
    ਨੀਰੋ-ਨੀਰ ਹੋ ਗਿਆ ਹਾਂ |
    ਮਿਲੀ ਉਹ ਜਦੋਂ ਦੀ,
    ਬਚਿਆ ਹੋਣੋਂ ਸੁ਼ਦਾਈ |
    ਉਹਦਾ ਦੁੱਖ ਵੇਖਣ ਤੋ ਪਹਿਲਾਂ,
    ਮੈਨੂੰ ਮੌਤ ਕਿਉਂ ਨਾ ਆਈ |

    ਸਾਹਾਂ ਦੇ ਸਿੱਟਿਆਂ ਨੇਂ,
    ਨਾਂਹ ਕਰ ਦਿੱਤੀ ਪੱਕਣੋਂ |
    ਕਿਸੇ ਮੋਈਆਂ ਖਵਾਹਿਸ਼ਾਂ,
    ਨੂੰ ਰੋਕ ਦਿੱਤਾ ਚੱਕਣੋਂ |
    ਉਹਦੇ ਦੇ ਮੈਨੂੰ ਦੁੱਖ ਤੇ,
    ਮੇਰੀ ਵੇਖ ਪਕਿਆਈ |
    ਉਹਦਾ ਦੁੱਖ ਵੇਖਣ ਤੋ ਪਹਿਲਾਂ,
    ਮੈਨੂੰ ਮੌਤ ਕਿਉਂ ਨਾ ਆਈ |

    ਮੈਂ ਦੁੱਖਾਂ ਦੇ ਲਿਬਾਜ਼ ਵਿੱਚ,
    ਹਾਂ ਪੀੜਾਂ ਦਾ ਪੂਰ |
    ਹੌਕਾ ਕਾਲਜੇ ਚ ਮੱਚੇ,
    ਤੇ ਮੈਂ ਸੱਜਣਾਂ ਤੋਂ ਦੂਰ |
    ਅੱਜ ਗੀਤ ਧਾਹਾਂ ਮਾਰੇ,
    ਤੇ ਨਾਲ ਰੋਵੇਗੀ ਰੁਬਾਈ |
    ਉਹਦਾ ਦੁੱਖ ਵੇਖਣ ਤੋ ਪਹਿਲਾਂ,
    ਮੈਨੂੰ ਮੌਤ ਕਿਉਂ ਨਾ ਆਈ |

    ਉਹਦੇ ਲਈ ਅੱਗ ਵਿੱਚ ਤਾਰੀ,
    ਲਾ ਕੇ ਮੈਂ ਲੱਭ ਲੈਣੇਂ ਮੋਤੀ |
    ਮੈਨੂੰ ਹੋਣੀਏਂ ਤੂੰ ਲੱਭ ਲੈ,
    ਅੱਜ ਜਿੱਥੇ ਵੀ ਖਲੋਤੀ |
    ਦੁੱਖਭੰਜਨ ਨੇਂ ਅੱਜ ਸਾਹੀਂ,
    ਅੱਗ ਕਿਉਂ ਜਮਾਈ |
    ਉਹਦਾ ਦੁੱਖ ਵੇਖਣ ਤੋ ਪਹਿਲਾਂ,
    ਮੈਨੂੰ ਮੌਤ ਕਿਉਂ ਨਾ ਆਈ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!