9.8 C
United Kingdom
Monday, June 8, 2026

More

    ਪੰਜਾਬ ਅਚੀਵਮੈਂਟ ਸਰਵੇ ਸਬੰਧੀ ਸੈਕੰਡਰੀ ਵਿੰਗ ਵੱਲੋਂ ਸਰਗਰਮੀਆਂ ਤੇਜ਼

    ਅਸ਼ੋਕ ਵਰਮਾ
    ਬਠਿੰਡਾ, 23 ਅਗਸਤ: ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਰਾਜ ਦੇ ਸਮੂਹ ਸਰਕਾਰੀ ਤੇ ਅਰਧ ਸਰਕਾਰੀ ਸਕੂਲਾਂ ’ਚ ਪੰਜਾਬ ਅਚੀਵਮੈਂਟ ਸਰਵੇ 2020 ਦੀ ਤਿਆਰੀ ਦੇ ਸਬੰਧ ’ਚ ਛੇਵੀ ਤੋਂ ਬਾਰਵੀਂ ਜਮਾਤ ਤੱਕ ਦੀ ਪ੍ਰਸ਼ਨੋਤਰੀ (ਕੁਇਜ਼) 24 ਅਗਸਤ ਨੂੰ ਆਯੋਜਤ ਕੀਤੀ ਜਾ ਰਹੀ ਹੈ। ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਇਸ ਕੁਇਜ਼ ’ਤੇ ਅਧਾਰਿਤ ਨਤੀਜਿਆਂ ਨਾਲ ਚੰਗੀ ਯੋਜਨਾਬੰਦੀ ਹੋ ਸਕੇਗੀ। ਇਹ ਜਾਣਕਾਰੀ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀ ਹਰਦੀਪ ਸਿੰਘ ਤੱਗੜ ਨੇ ਸਾਂਝੀ ਕੀਤੀ।
    ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਨੇ ਦੱਸਿਆ ਕਿ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਪ੍ਰਮੁੱਖ ਛੇ ਵਿਸ਼ਿਆਂ ਪੰਜਾਬੀ, ਹਿੰਦੀ, ਅੰਗਰੇਜ਼ੀ, ਸਮਾਜਿਕ ਸਿੱਖਿਆ, ਗਣਿਤ ਤੇ ਹਿਸਾਬ ਅਤੇ ਸੀਨੀਅਰ ਸੈਕੰਡਰੀ ਜਮਾਤਾਂ (ਗਿਆਰਵੀਂ ਤੇ ਬਾਰਵੀ) ਦੇ ਮੁੱਖ ਪੰਜ ਵਿਸ਼ਿਆਂ ਦਾ ਆਨਲਾਈਨ ਟੈਸਟ ਲੈਣ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਦੀ ਜਾਂਚ ਕਰਨਾ ਹੈ। ਇਹ ਆਨਲਾਈਨ ਟੈਸਟ ਅਪ੍ਰੈਲ, 2020 ਤੋਂ ਜੁਲਾਈ 22 ਤੱਕ ਨਿਰਧਾਰਿਤ ਕੀਤੇ ਪਾਠਕ੍ਰਮ ਵਿੱਚਲੇ ਸਿੱਖਣ ਪਰਿਣਾਮਾਂ ’ਤੇ ਅਧਾਰਿਤ ਹੀ ਹੋਵੇਗਾ।
    ਪੰਜਾਬ ਅਚੀਵਮੈਂਟ ਸਰਵੇਖਣ ਦੀ ਤਿਆਰੀ ਸਬੰਧੀ ਹੋ ਰਹੇ ਆਨਲਈਨ ਕੁਇਜ਼ ਦੇ ਪੈਟਰਨ ਸਬੰਧੀ ਉਪ ਜ਼ਿਲਾ ਸਿੱਖਿਆ ਅਫਸਰ ਭੁਪਿੰਦਰ ਕੌਰ ਤੇ ਉਪ ਜ਼ਿਲਾ ਸਿੱਖਿਆ ਅਫਸਰ ਇਕਬਾਲ ਸਿੰਘ ਬੁੱਟਰ ਨੇ ਦੱਸਿਆ ਕਿ ਹਾਲ ਦੀ ਘੜੀ ਪ੍ਰਸ਼ਨ ਪੱਤਰ ਦੀ ਬਣਤਰ ਪੰਜਾਬ ਅਚੀਵਮੈਂਟ ਸਰਵੇ ਦੇ ਨਮੂਨੇ ਨਾਲੋਂ ਕਾਫੀ ਸਰਲ ਰੱਖੀ ਗਈ ਹੈ। ਛੇਵੀਂ ਤੋਂ ਦਸਵੀਂ ਜਮਾਤ ਦੇ ਛੇ ਵਿਸ਼ਿਆਂ ਦੇ ਪੰਜ-ਪੰਜ ਪ੍ਰਸ਼ਨ ਹੋਣਗੇ ਅਤੇ ਗਿਆਰਵੀਂ ਅਤੇ ਬਾਰਵੀ ਜਮਾਤ ਦੇ ਮੁੱਖ ਪੰਜ ਵਿਸ਼ਿਆਂ ਦੇ ਪੰਜ-ਪੰਜ ਪ੍ਰਸ਼ਨ ਹੋਣਗੇ। ਇਹ ਬਹੁ-ਵਿਕਲਪੀ ਪ੍ਰਸ਼ਨ ਸਿੱਖਣ ਅਧਾਰਿਤ ਪਰਿਣਾਮਾਂ ਜਾਂ ਸਥਿਤੀ ਅਧਾਰਿਤ ਹੋਣਗੇ। ਪੰਜਾਬ ਦੇ ਸਮੂਹ ਵਿਦਿਆਰਥੀਆਂ ਨੂੰ ਅਧਿਆਪਕਾਂ ਅਤੇ ਸਕੂਲ ਮੁਖੀਆਂ ਰਾਹੀਂ ਇਸ ਸਬੰਧੀ ਅਗਾਉਂ ਜਾਣਕਾਰੀ ਦਿੱਤੀ ਜਾ ਰਹੀ ਹੈ। ਅਧਿਆਪਕਾਂ ਵੱਲੋਂ ਪਹਿਲਾਂ ਹੀ ਗੂਗਲ ਕੁਇਜ਼ ਰਾਹੀਂ ਵਿਦਿਆਰਥੀਆਂ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ।
    ਉਨਾਂ ਕਿਹਾ ਕਿ ਆਨਲਾਈਨ ਟੈਸਟ ਸਬੰਧੀ ਲਿੰਕ 24 ਅਗਸਤ ਨੂੰ ਸਵੇਰੇ 6 ਵਜੇ ਪੰਜਾਬ ਐਜੂਕੇਅਰ ਐਪ ਅਤੇ ਜ਼ਿਲਾ ਮੈਂਟਰਾਂ ਰਾਹੀਂ ਸਾਂਝਾ ਕਰ ਦਿੱਤਾ ਜਾਵੇਗਾ ਜੋ ਕਿ ਪੂਰੇ ਇੱਕ ਦਿਨ ਲਈ ਉਪਲਬਧ ਰਹੇਗਾ। ਉਨਾਂ ਕਿਹਾ ਕਿ ਸਕੱਤਰ ਸਕੂਲ ਸਿੱਖਿਆ ਸ੍ਰੀ ਕਿ੍ਰਸ਼ਨ ਕੁਮਾਰ ਵੱਲੋਂ ਇਸ ਸਬੰਧੀ ਸੈਕੰਡਰੀ ਵਿੰਗ ਦੇ ਅਧਿਕਾਰੀਆਂ, ਸਕੂਲ ਮੁਖੀਆਂ, ਪੜੋ ਪੰਜਾਬ ਪੜਾਓ ਪੰਜਾਬ ਟੀਮਾਂ ਤੇ ਅਧਿਆਪਕਾਂ ਨਾਲ ਸਰਵੇਖਣ ਦੀਆਂ ਤਿਆਰੀਆਂ ਸਬੰਧੀ ਹਫਤਾਵਾਰ ਮੁਲਾਂਕਣ ਕਰਨ ਲਈ ਹਫਤਾਵਾਰੀ ਆਨਲਾਈਨ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
    ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਵਿਭਾਗ ਵੱਲੋਂ ਸਰਵੇ ਸਬੰਧੀ ਪੋਸਟਰ ਬਣਾਕੇ, ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਬਹੁਤ ਸਾਰੇ ਅਧਿਆਪਕ ਪਿੰਡਾਂ-ਸ਼ਹਿਰਾਂ ‘ਚ ਪੋਸਟਰ ਲਗਾ ਰਹੇ ਹਨ ਅਤੇ ਸਪੀਕਰਾਂ ਰਾਹੀਂ ਮਾਪਿਆਂ, ਆਮ ਲੋਕਾਂ ਤੇ ਮੋਹਤਬਰ ਸਖਸ਼ੀਅਤਾਂ ਨੂੰ ਸਰਵੇਖਣ ਪ੍ਰਤੀ ਜਾਗਰੂਰਕ ਕਰ ਰਹੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!