ਰੁਪਿੰਦਰ ਸ਼ੇਖਰ ਸੁਮਨ
ਖਾ ਕੇ ਦਿਲ ‘ਤੇ ਸੱਟ ਅਵੱਲੀ
ਝੋਲੀ ਪਾ ਗਿਆ ਦੇਣ ਸਵੱਲੀ
ਮਾਂ ‘ਬਿਰਹੋਂ’ ਦਾ ਜਾਇਆ ਸੀ ਉਹ
ਇਸ਼ਕ ਕਮਾਵਣ ਆਇਆ ਸੀ ਉਹ
ਦੋ ਨੈਣਾਂ ਦੀਆਂ ਢਾਬਾਂ ਅੰਦਰ
ਰੱਜ ਕੇ ਪਿਸਿਆ ਖ਼ਾਬਾਂ ਅੰਦਰ
ਉਹ ਸੀ ਛੀਂਬੇ ਸੱਪ ਦਾ ਡੰਗਿਆ
ਹੱਜ ਨਾ ਡਿੱਠਾ,ਦਰ ਦਰ ਮੰਗਿਆ
ਵਸਲਾਂ ਦੀ ਉਹ ਡਾਰੋਂ ਖੁੰਝਾ
ਪਿੱਪਲੀਂ ਰਹਿ ਗਿਆ ਪੱਤ ਕੋਈ ਸੁੰਞਾ
ਪੀੜ-ਪਰਾਗੇ ਲੱਖ ਭੁੰਨਾਏ
ਯਾਰੜੇ ਦੇ ਸ਼ਿਵ ਮਰਸੀਏ ਗਾਏ
ਪਰ ਕਿੱਕਰਾਂ ਨਾ,ਥੋਹੜਾਂ ਭਾਏ
ਜੱਗ ਚੰਦਰਾ ਤਾਂ ਆਸ਼ਕ ਖਾਏ
ਜਿਸਨੂੰ ਲੱਗੀਆਂ, ਉਹ ਹੀ ਜਾਣੇ
ਕਿਉਂ ਕੋਈ ਬੇਲੇ, ਰੋਹੀਆਂ ਛਾਣੇ
ਰੱਬਾ ਦੱਸ ਕੀ ਸ਼ੈਅ ਬਣਾਈ
ਦਿਲ ਨੂੰ ਮਿੱਟ ‘ਤਲਬ’ ਦੀ ਲਾਈ
ਜ਼ਿੰਦ ਜਿਨ੍ਹਾਂ ਕਿਸੇ ਲੇਖੇ ਲਾਈ
‘ਸਦੀਆਂ’ ਦੀ ਵਸੀਅਤ ਪਾਈ
ਗਲ਼-ਘੋਟੂ ਜਿਹਾ ਇਸ਼ਕ ਦਾ ਪੈਂਡਾ
ਆਸ਼ਕ ਪੱਲੇ ਕੁੱਝ ਨਹੀਂ ਰਹਿੰਦਾ
ਦਿਲ ਦਾ ਲਹੂ ਨਿਚੋੜ ਪੁਗਾਏ
ਆਸ਼ਕ ਉਹ ਹੀ ‘ਸ਼ਿਵ’ ਕਹਾਏ