ਮਹਿਲ ਕਲਾਂ 20 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
-ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੇ ਹਲਕੇ ਦੇ ਪਿੰਡ ਚੰਨਣਵਾਲ ਵਿਖੇ ਸਰਕਾਰ ਵੱਲੋਂ 12 ਲੱਖ 73 ਹਜ਼ਾਰ 205 ਰੁਪਏ ਦੀ ਲਾਗਤ ਨਾਲ ਪੰਚਾਇਤ ਦੁਆਰਾ ਪਿੰਡ ਦੀਆਂ ਗਲੀਆਂ ਨਾਲੀਆਂ ਦੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਉਦਘਾਟਨ ਨੀਂਹ ਪੱਥਰ ਰੱਖ ਕੇ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਆਉਂਦੇ ਸਾਲ 2021 ਨੂੰ ਵਿਕਾਸ ਵਰ੍ਹੇ ਵਜੋਂ ਮਨਾਇਆ ਜਾ ਰਿਹਾ ਹੈ, ਕਿਉਂਕਿ ਹਲਕਾ ਪੱਧਰ ਤੇ ਪਿੰਡਾਂ ਦਾ ਵਿਕਾਸ ਸ਼ਹਿਰੀ ਤਰਜ ਤੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਗਲੀਆਂ ਨਾਲੀਆਂ ,ਇੰਟਰਲਾਕ ਇੱਟਾਂ, ਸੀਵਰੇਜ ਅਤੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਵਾ ਕੇ ਪਿੰਡਾਂ ਨੂੰ ਖ਼ੁਸ਼ਹਾਲੀ ਤੇ ਤਰੱਕੀ ਦੇ ਰਾਹ ਤੇ ਲਿਜਾਇਆ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪਿੰਡਾਂ ਦਾ ਵਿਕਾਸ ਬਿਨਾਂ ਵਿਤਕਰੇ ਤੇ ਭੇਦਭਾਵ ਤੋਂ ਕਰਵਾਇਆ ਜਾ ਰਿਹਾ ਹੈ ,ਕਿਸੇ ਵੀ ਪੰਚਾਇਤ ਨਾਲ ਕੋਈ ਵਿਤਕਰਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੇ ਫੰਡ ਪੰਚਾਇਤਾਂ ਦੇ ਖਾਤਿਆਂ ਵਿੱਚ ਭੇਜੇ ਜਾ ਰਹੇ ਹਨ, ਕੋਈ ਵੀ ਪਿੰਡ ਵਿਕਾਸ ਪੱਖੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ- ਸ਼ਹਿਰਾਂ ਤੇ ਕਸਬਿਆਂ ਦਾ ਵਿਕਾਸ ਹਮੇਸ਼ਾ ਹੀ ਕੇਂਦਰ ਤੇ ਰਾਜ ਵਿਚਲੀਆਂ ਕਾਂਗਰਸ ਸਰਕਾਰਾਂ ਦੇ ਕਾਰਜਕਾਲ ਦੌਰਾਨ ਹੋਇਆ ,ਪਰ ਅਕਾਲੀ -ਭਾਜਪਾ ਸਰਕਾਰਾਂ ਨੇ ਕਦੇ ਵੀ ਪਿੰਡਾਂ ਦੇ ਵਿਕਾਸ ਕਾਰਜਾਂ ਵੱਲ ਧਿਆਨ ਨਹੀਂ ਦਿੱਤਾ । ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਪਾਰਟੀਬਾਜ਼ੀ ਤੋਂ ਉੱਪਰ ਉਠੱ ਕੇ ਸਾਰਿਆਂ ਨੂੰ ਨਾਲ ਲੈ ਕੇ ਪਿੰਡਾਂ ਦੇ ਵਿਕਾਸ ਕੰਮ ਤੇਜ਼ੀ ਨਾਲ ਮੁਕੰਮਲ ਕਰਨ ਤਾਂ ਜੋ ਆਉਂਦੇ ਸਮੇਂ ਵਿੱਚ ਉਨ੍ਹਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟ ਹੋਰ ਜਾਰੀ ਕੀਤੀ ਜਾ ਸਕੇ । ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਆਮ ਲੋਕਾਂ ਨੂੰ ਪਿੰਡਾਂ ਦੇ ਵਿਕਾਸ ਕਾਰਜ ਕਰਾਉਣ ਅਤੇ ਵਧੇਰੇ ਸਹੂਲਤਾਂ ਲੈਣ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ । ਇਸ ਮੌਕੇ ਸਰਪੰਚ ਬੂਟਾ ਸਿੰਘ ਅਤੇ ਸਾਬਕਾ ਸਰਪੰਚ ਗੁਰਜੰਟ ਸਿੰਘ ਧਾਲੀਵਾਲ ਨੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਦਾ ਧੰਨਵਾਦ ਕਰਦਿਆਂ ਪਿੰਡ ਦੇ ਹੋਰ ਅਧੂਰੇ ਪਏ ਕੰਮਾਂ ਤੇ ਸਮੱਸਿਆ ਸਬੰਧੀ ਉਨ੍ਹਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਸਰਪੰਚ ਬੂਟਾ ਸਿੰਘ ਚੰਨਣਵਾਲ ਦੀ ਅਗਵਾਈ ਹੇਠ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਸਮਾਜ ਸੇਵੀ ਬਾਬਾ ਯਾਦਵਿੰਦਰ ਸਿੰਘ ਚੰਨਣਵਾਲ, ਪੰਚ ਰੂਪ ਬਸੰਤ ,ਪੰਚ ਬੰਤ ਸਿੰਘ, ਬਲੀ ਖਾ ,ਜਰਨੈਲ ਸਿੰਘ ਅਤੇ ਸੁਖਦੇਵ ਸਿੰਘ ਸੁੱਖਾ ਹੋਰ ਪਿੰਡ ਵਾਸੀ ਤੇ ਮੋਹਤਬਰ ਵਿਅਕਤੀ ਹਾਜ਼ਰ ਸਨ ।