13.7 C
United Kingdom
Monday, June 22, 2026

More

    ਸਕਾਟਲੈਂਡ ਤੋਂ ਦੋ ਸਿੱਖ ਪਰਿਵਾਰਾਂ ਨੇ ਕੀਤੀ ਜਾਪਾਨ ‘ਤੇ ਜਿੱਤ ਦੇ 75ਵੇਂ ਵਰ੍ਹੇ ਦੇ ਸ਼ਰਧਾਂਜਲੀ ਸਮਾਗਮ ਮੌਕੇ ਸ਼ਿਰਕਤ

    -ਚਰਨਜੀਤ ਸਿੰਘ ਸੰਘਾ ਤੇ ਕਮਲਜੀਤ ਸਿੰਘ ਭੁੱਲਰ ਨੇ ਕਿਹਾ “ਬਾਪੂਆਂ ਦੀਆਂ ਸੇਵਾਵਾਂ ‘ਤੇ ਫ਼ਖ਼ਰ ਹੈ।”

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਵਿਸ਼ਵ ਯੁੱਧ ਦੌਰਾਨ ਸਿੱਖ ਫੌਜੀਆਂ ਦੀ ਸ਼ਮੂਲੀਅਤ ਦਾ ਜ਼ਿਕਰ  ਇਤਿਹਾਸ ਵਿੱਚ ਮਾਣ ਨਾਲ ਹੁੰਦਾ ਹੈ। ਬਰਤਾਨਵੀ ਸਰਕਾਰ ਤੇ ਅਵਾਮ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਸਿੱਖ ਫੌਜੀਆਂ ਵੱਲੋਂ ਜਿਸ ਬਹਾਦਰੀ ਨਾਲ ਇਸ ਯੁੱਧ ਵਿੱਚ ਆਪਣਾ ਯੋਗਦਾਨ ਪਾਇਆ ਹੈ, ਉਸ ਲਈ ਸਮੁੱਚੀ ਸਿੱਖ ਕੌਮ ਸਤਿਕਾਰ ਦੀ ਪਾਤਰ ਰਹੇਗੀ। ਸਟੈਫਰਡਸ਼ਾਇਰ ਦੇ ਨੈਸ਼ਨਲ ਮੈਮੋਰੀਅਲ ਅਰਬੌਰਟਮ ਵਿਖੇ ਜਪਾਨ ਜਿੱਤ ਦੇ 75ਵੇਂ ਵਰ੍ਹੇ ਸੰਬੰਧੀ ਯੁੱਧ ਦੌਰਾਨ ਸ਼ਹੀਦ ਹੋਏ ਜੁਝਾਰੂ ਯੋਧਿਆਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਪ੍ਰਿੰਸ ਆਫ ਵੇਲਜ਼ ਪ੍ਰਿੰਸ ਚਾਰਲਸ, ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਸਮੇਤ ਸ਼ਾਹੀ ਪਰਿਵਾਰ ਤੇ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਹੀਦਾਂ ਨੂੰ ਯਾਦ ਕੀਤਾ।

    ਜ਼ਿਕਰਯੋਗ ਹੈ ਕਿ ਹਰ ਸਾਲ ਹੁੰਦੇ ਸ਼ਰਧਾਂਜਲੀ ਸਮਾਗਮ ਵਿੱਚ ਜਿੱਥੇ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਕ ਜੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ ਉੱਥੇ ਯੁੱਧ ਦੌਰਾਨ ਜਿਉਂਦੇ ਪਰਤੇ ਫੌਜੀਆਂ ਨੂੰ ਵੀ ਖਾਸ ਤੌਰ ‘ਤੇ ਬੁਲਾਇਆ ਜਾਂਦਾ ਹੈ ਤਾਂ ਜੋ ਉਹ ਆਪਣੇ ਹੱਥੀਂ ਆਪਣੇ ਵਿਛੜੇ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਸਕਣ। ਇਸ ਯਾਦਗਾਰੀ ਸਮਾਗਮ ਵਿੱਚ ਸਿੱਖ ਫੌਜੀਆਂ ਦੇ ਪਰਿਵਾਰਾਂ ਵੱਲੋਂ ਦੇਸ਼ ਭਰ ਵਿੱਚੋਂ ਸ਼ਮੂਲੀਅਤ ਕੀਤੀ ਗਈ।

    ਸਕਾਟਲੈਂਡ ਵਿੱਚੋਂ ਵਿਕਟੋਰੀਆ ਕਰਾਸ ਪ੍ਰਾਪਤ ਮਰਹੂਮ ਨਾਇਕ ਗਿਆਨ ਸਿੰਘ ਸੰਘਾ ਦੇ ਫਰਜ਼ੰਦ ਚਰਨਜੀਤ ਸਿੰਘ ਸੰਘਾ, 97 ਸਾਲਾ ਦਰਬਾਰਾ ਸਿੰਘ ਭੁੱਲਰ ਕੋਕਰੀ ਕਲਾਂ ਅਤੇ ਉਹਨਾਂ ਦੇ ਸਪੁੱਤਰ ਕਮਲਜੀਤ ਸਿੰਘ ਭੁੱਲਰ ਵੱਲੋਂ ਸਟੈਫਰਡਸ਼ਾਇਰ ਯਾਦਗਾਰ ਵਿਖੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ। ਇਸ ਸਮੇਂ ਉਹਨਾਂ ਨਾਲ ਪ੍ਰਿੰਸ ਚਾਰਲਸ ਵੱਲੋਂ ਵਿਅਕਤੀਗਤ ਤੌਰ ‘ਤੇ ਗੱਲਬਾਤ ਕਰਦਿਆਂ ਬਰਤਾਨੀਆ ਲਈ ਨਿਭਾਈਆਂ ਸੇਵਾਵਾਂ ਦੀ ਸਰਾਹਨਾ ਕਰਦਿਆਂ ਧੰਨਵਾਦ ਕੀਤਾ। ਇਸ ਸਮਾਗਮ ‘ਚ ਸ਼ਿਰਕਤ ਕਰਨ ਉਪਰੰਤ ਚਰਨਜੀਤ ਸਿੰਘ ਸੰਘਾ ਤੇ ਕਮਲਜੀਤ ਸਿੰਘ ਭੁੱਲਰ ਨੇ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਉਹਨਾਂ ਦੇ ਪਿਤਾਵਾਂ ਵੱਲੋਂ ਨਿਭਾਈਆਂ ਮਾਣਮੱਤੀਆਂ ਸੇਵਾਵਾਂ ‘ਤੇ ਉਹ ਹੀ ਨਹੀਂ ਬਲਕਿ ਸਮੁੱਚਾ ਬਰਤਾਨੀਆ ਫ਼ਖ਼ਰ ਕਰਦਾ ਹੈ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!