ਅਸ਼ੋਕ ਵਰਮਾ
ਬਠਿੰੰਡਾ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਥਰਮਲ ਪਲਾਂਟ ਲਹਿਰਾ,ਪਾਵਰਕਾਮ ਜ਼ੋਨ ਬਠਿੰਡਾ,ਜਲ ਸਪਲਾਈ ਅਤੇ ਸੈਨੀਟੇਸ਼ਨ,ਪਾਵਰਕਾਮ ਅਤੇ ਟ੍ਰਾਂਸਕੋ,ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਅਤੇ ਨਰੇਗਾ ਆਦਿ ਅਦਾਰਿਆਂ ’ਚ ਕੰੰਮ ਕਰਦੇ ਠੇਕਾ ਮੁਲਾਜਮਾਂ ਨੇ ਅੱਜ ਆਜ਼ਾਦੀ ਦਿਵਸ ਨੂੰ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ। ਪ੍ਰੀਵਾਰਾਂ ਸਮੇਤ ਅੱਜ ਦੇ ਰੋਸ ਪ੍ਰੋਗਰਾਮ ’ਚ ਪੁੱਜੇ ਸੈਂਕੜਿਆਂ ਦੀ ਗਿਣਤੀ ’ਚ ਵਿਖਾਵਾਕਾਰੀਆਂ ਨੇ ਮੋਟਰਸਾਈਕਲਾਂ ਆਦਿ ਰੋਸ ਮਾਰਚ ਕੱਢਿਆ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਭਾਰੀ ਬਾਰਸ਼ ਵੀ ਠੇਕਾ ਮੁਲਾਜਮਾਂ ਦਾ ਰੋਹ ਠੱਲਣ ’ਚ ਫੇਲ ਰਹੀ ਅਤੇ ਮੁਲਾਜਮਾਂ ਨੇ ਚਿਤਾਵਨੀ ਦਿੱਤ ਕਿ ਮੰਗਾਂ ਮਨਵਾਉਣ ਲਈ ਸਰਕਾਰ ਨੂੰ ਹਰ ਫਰੰਟ ਦੇ ਘੇਰਿਆ ਜਾਏਗਾ । ਮੋਰਚੇ ਦੇ ਆਗੂਆਂ ਜਗਰੂਪ ਸਿੰਘ ਲਹਿਰਾ,ਗੁਰਵਿੰਦਰ ਸਿੰਘ ਪੰਨੂੰ,ਜਗਸੀਰ ਸਿੰਘ ਭੰਗੂ,ਖੁਸ਼ਦੀਪ ਸਿੰਘ ਬਠਿੰਡਾ,ਸੇਵਕ ਸਿੰਘ ਦੰਦੀਵਾਲ,ਵਰਿੰਦਰ ਸਿੰਘ ਬੀਬੀਵਾਲਾ,ਸੰਦੀਪ ਖਾਨ ਅਤੇ ਰਾਜੇਸ਼ ਕੁਮਾਰ ਮੌੜ ਨੇ ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕੀਤਾ।
ਬੁਲਾਰਿਆਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਆਗੂਆਂ ਨੇ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵਾਅਦੇ ਯਾਦ ਦਿਵਾਉਂਦਿਆਂ ਨਿਸ਼ਾਨੇ ਤੇ ਲਿਆ। ਠੇਕਾ ਮੁਲਾਜਮ ਆਗੂਆਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਵੀ ਸੁਰ ਤਿੱਖੀ ਰੱਖੀ ਆਗੂਆਂ ਨੇ ਕਿਹਾ ਕਿ ਵਿੱਤ ਮੰਤਰੀ ਵੱਲੋਂ ਬਣਾਏ ਚੋਣ ਮੈਨੀਫੈਸਟੋ ’ਚ ਠੇਕਾ ਕਾਮਿਆਂ ਨੂੰ ਪੱਕਾ ਵਾਅਦਾ ਕਰਕੇ ਖਜਾਨਾ ਮੰਤਰੀ ਨੇ ਹਜਾਰਾਂ ਪ੍ਰੀਵਾਰਾਂ ਨਾਲ ਧਰੋਹ ਕਮਾਇਆ ਹੈ। ਆਗੂਆਂ ਨੇ ਕਿਹਾ ਕਿ ਥਰਮਲ ਦੀ ਬੰਦ ਚਿਮਨੀਆਂ ਦੇਖ ਕੇ ਹੰਝੂ ਨਿਕਲਣ ਦਾ ਡਰਾਮਾ ਕਰਨ ਵਾਲਾ ਵਿੱਤ ਮੰਤਰੀ ਉਸੇ ਥਰਮਲ ਦੀ ਜਮੀਨ ਵੇਚਣ ਦੇ ਰਾਹ ਪੈ ਗਿਆ ਹੈ। ਉਨਾਂ ਕਿਹਾ ਕਿ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਨੇ ਸਾਢੇ ਤਿੰਨ ਸਾਲਾਂ ਵਿੱਚ ਕਿਸੇ ਵੀ ਠੇਕਾ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਬਲਕਿ ਸਮੂਹ ਅਦਾਰਿਆਂ ’ਚ ਛਾਂਟੀਆਂ ਅਤੇ ਤਨਖਾਹ ਕਟੌਤੀਆਂ ਦਾ ਕੁਹਾੜਾ ਚਲਾਇਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਸੰਘਰਸ਼ਾਂ ਦੀ ਬਦੌਲਤ ਪਿਛਲੀ ਸਰਕਾਰ ਨੇ ‘ਦੀ ਪੰਜਾਬ ਐਡਹਾਕ,ਕੰਟਰੈਕਟ, ਡੇਲੀਵੇਜ ,ਟੈਂਪਰੇਰੀ ,ਆਊਟਸੌਰਸਿੰਗ ਅਤੇ ਇੰਪਲਾਇਜ ਵੈੱਲਫੇਅਰ ਐਕਟ 2016’ ਬਣਾਇਆ ਸੀ ਜਿਸ ਨੂੰ ਲਾਗੂ ਕਰਨ ਤੋਂ ਟਾਲਾ ਵੱਟਣ ਦੇ ਨਾਲ ਨਾਲ ਇਸ ਐਕਟ ਨੂੰ ਤੋੜਕੇ ਇਸ ’ਚ ਸ਼ਾਮਲ ਕੈਟਾਗਿਰੀਆਂ ਨੂੰ ਬਾਹਰ ਕਰਨ ਵੱਲ ਤੁਰੀ ਹੋਈ ਹੈ ।ਆਗੂਆਂ ਨੇ ਕੈਪਟਨ ਸਰਕਾਰ ਤੋਂ ‘ਵੈੱਲਫੇਅਰ ਐਕਟ 2016’ ਇੰਨ ਬਿੰਨ ਲਾਗੂ ਕਰਕੇ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ, ਬਾਹਰ ਰੱਖੀਆਂ ਕੈਟਾਗਿਰੀਆਂ ਨੂੰ ਐਕਟ ਵਿੱਚ ਸ਼ਾਮਲ, ਨਿੱਜੀਕਰਨ ਕਰਨ ਦੀ ਨੀਤੀ ਰੱਦ ਕਰਨ, ਵਿਭਾਗਾਂ ਦੇ ਪੁਨਰਗਠਨ ਦੇ ਨਾਮ ਤੇ ਆਸਾਮੀਆਂ ਖ਼ਤਮ ਕਰਨ ਦਾ ਫੈਸਲਾ ਵਾਪਿਸ ਲੈਣ, ਠੇਕਾ ਮੁਲਾਜ਼ਮਾਂ ਦੀਆਂ ਛਾਂਟੀਆਂ ਅਤੇ ਤਨਖਾਹ ਕਟੌਤੀਆਂ ਰੋਕਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਠੇਕਾ ਮੁਲਾਜ਼ਮਾਂ ਨੂੰ ਉਨਾਂ ਦੇ ਪਿੱਤਰੀ ਵਿਭਾਗਾਂ ਵਿੱਚ ਰੈਗੂਲਰ ਕਰਨ ਨਾਲ ਪੰਜਾਬ ਸਰਕਾਰ ਅਤੇ ਮਹਿਕਮਿਆਂ ਤੇ ਕੋਈ ਵਾਧੂ ਵਿੱਤੀ ਬੋਝ ਨਹੀਂ ਪਵੇਗਾ ਬਲਕਿ ਕੰਪਨੀਆਂ ਨੂੰ ਦਿੱਤੇ ਜਾਣ ਵਾਲੇ ਕਮਿਸ਼ਨ ਅਤੇ ਜੀਐੱਸਟੀ ਦੀ ਵੱਡੇ ਪੱਧਰ ਬੱਚਤ ਹੋਵੇਗੀ।
ਆਗੂਆਂ ਨੇ ਦੋਸ਼ ਲਾਏ ਕਿ ਸਰਕਾਰ ਠੇਕਾ ਮੁਲਾਜਮਾਂ ਦੀਆਂ ਮੰਗਾਂ ਮੰਨਣ ‘ਚ ਟਾਲਮਟੋਲ ਕਰ ਰਹੀ ਹੈ ਜਿਸ ਕਰਕੇ ਉਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ ।ਉਨਾਂ ਆਖਿਆ ਕਿ ਜੇਕਰ ਸਰਕਾਰ ਨੇ ਆਪਣਾ ਵਤੀਰਾ ਨਾ ਬਦਲਿਆ ਤਾਂ ਆਉਂਦੇ ਦਿਨਾਂ ਵਿੱਚ ਸਰਕਾਰ ਨੂੰ ਘੇਰਨ ਦੇ ਫੈਸਲੇ ਲਏ ਜਾਣਗੇ ਅਤੇ ਮੰਗਾਂ ਮੰਨਵਾ ਕੇ ਹੀ ਸਾਹ ਲਿਆ ਜਾਏਗਾ। ਉਨਾਂ ਆਖਿਆ ਕਿ ਸਰਕਾਰ ਕਰੋਨਾ ਵਾਇਰਸ ਦੇ ਮੱਦੇਨਜ਼ਰ ਝੂਠੇ ਕੇਸ ਦਰਜ ਕਰਕੇ ਸੰਘਰਸ਼ ਦਬਾਉਣਾ ਚਾਹੁੰਦੀ ਹੈ ਪਰ ਉਹ ਕਿਸੇ ਵੀ ਕੀਮਤ ਤੇ ਪੈਰ ਪਿੱਛੇ ਨਹੀਂ ਹਟਾਉਣਗੇ। ਬੁਲਾਰਿਆਂ ਨੇ ਮੋਨਟੇਕ ਸਿੰਘ ਆਹਲੂਵਾਲੀਆ ਵੱਲੋਂ ਨਿੱਜੀਕਰਨ ਵਧਾਉਣ ਦੇ ਸੁਝਾਅ , ਪਾਵਰਕੌਮ ਚੋਂ ਚਾਲੀ ਹਜ਼ਾਰ ਪੋਸਟਾਂ ਦੇ ਖਾਤਮੇ ਅਤੇ ਠੇਕਾ ਮੁਲਾਜਮਾਂ ਦੀ ਛਾਂਟੀ ਕਰਨ ਦੇ ਬਿਆਨ ਦੀ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ 22 ਅਗਸਤ ਨੂੰ ਪਟਿਆਲਾ ਮੀਟਿੰਗ ’ਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।