23.1 C
United Kingdom
Sunday, June 21, 2026

More

    ਕੀ ਖ਼ੁਦਕੁਸ਼ੀ ਕਰ ਲੈਣਾ ਸਮੱਸਿਆਵਾਂ ਦਾ ਹੱਲ ਹੈ ਜਾਂ ਜ਼ਿੰਦਗੀ ਜਿਉਣਾ?

    ਜ਼ਿੰਦਗੀ ਇੱਕ ਅਣਮੋਲ ਤੇ ਵਿਸ਼ਾਲ ਅਨੁਭਵਾਂ ਦਾ ਇੱਕ ਪਿਆਰਾ ਜਿਹਾ ਅਨੁਭਵ ਹੈ, ਤੇ ਨਾਲ ਹੀ ਇਸ ਜ਼ਿੰਦਗੀ ਨੂੰ ਜਿਉਣਾ ਤੇ ਅਨੰਦ ਮਾਣਦੇ ਰਹਿਣਾ,ਜ਼ਿੰਦਗੀ ਜਿਉਣ ਤੇ ਬਿਤਾਉਣ ਦਾ ਇੱਕ ਮਿੱਠਾ ਜਿਹਾ ਅਹਿਸਾਸ,ਤੇ ਸ਼ੁਕਰਾਨਾ ਉਸ ਰੱਬ ਦਾ ਜਿਸ ਨੇ ਸਾਨੂੰ ਇਹ ਜ਼ਿੰਦਗੀ ਜਿਉਣ ਦੀ ਅਨਮੋਲ ਦਾਤ ਦੀ ਬਖਸ਼ ਕੀਤੀ।
             ਜਿੱਥੇ ਅਸੀਂ ਤੁਸੀਂ ਆਪਣੀ ਆਪਣੀ ਜ਼ਿੰਦਗੀ ਜਿਉਣ ਜਾਂ ਬਿਤਾਉਣ ਦੇ ਪਲਾਂ ਨੂੰ ਖੁਸ਼ੀ ਦਾ ਰੂਪ ਦਿੰਦੇ ਹਾਂ, ਜਾਂ ਖੁਸ਼ ਰਹਿਣ ਦੇ ਪਲ ਲੱਭਦੇ ਰਹਿੰਦੇ ਹਾਂ, ਉੱਥੇ ਹੀ ਦੂਸਰੇ ਪਲ ਅਸੀਂ ਦੁੱਖਾਂ ਜਾਂ ਦੁੱਖ ਸ਼ਬਦ ਤੋਂ ਡਰ ਵੀ ਜਾਂਦੇ ਹਾਂ, ਜਿਵੇਂ ਸਾਡੇ ਸਰੀਰ ਦਾ ਪਰਛਾਵਾਂ ਚਾਹਕੇ ਵੀ ਸਾਡਾ ਸਾਥ ਨਹੀਂ ਛੱਡ ਸਕਦਾ,ਉਸੇ ਤਰਾਂ ਹੀ ਦੁੱਖ ਤੇ ਸੁੱਖ ਆਪਸ ਵਿੱਚ ਦੋ ਭਰਾਵਾਂ ਵਾਂਗੂ ਸਾਡੀ ਜ਼ਿੰਦਗੀ ਦਾ ਮਿੱਠਾ ਕੌੜਾ ਸੱਚ ਬਣਕੇ ਸਾਡੇ ਨਾਲ ਵਿਚਰਦੇ ਰਹਿੰਦੇ ਹਨ।
           ਇਨਸਾਨ ਤੇ ਇਨਸਾਨੀਅਤ ਉਹ ਮਰਜ਼ ਦੀ ਦਵਾਈ ਹੈ ਜ਼ੋ ਮੋਇਆ ਨੂੰ ਵੀ ਜਿਉਂਦਾ ਕਰਨ ਤੱਕ ਦਾ ਹੌਂਸਲਾ ਰੱਖਦੀ ਹੈ, ਤੇ ਉਦਾਸਿਆ ਨੂੰ ਹਸਾਉਣ ਦਾ ਕੰਮ ਕਰ ਸਕਦੀ ਹੈ,ਹਾਰਿਆ ਨੂੰ ਦੁਬਾਰਾ ਜਿਤਾਉਣ ਦਾ ਰੁਤਬੇ ਆਪਣੇ ਕੋਲ ਰੱਖਦੀ ਹੈ, ਪਰ ਕੀ ਅਸੀਂ ਕਦੇ ਇਹਨਾਂ ਖ਼ੂਬੀਆ ਨੂੰ  ਅਜ਼ਮਾਇਆ ਹੈ ਜਾਂ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਹੈ, ਜ਼ੇਕਰ ਨਹੀਂ ਤਾਂ ਕਿਉਂ,ਜ਼ੇਕਰ ਕੀਤੀ ਹੈ ਤਾਂ ਉਹਨਾਂ ਨੂੰ ਸਲਾਮ ।
          ਸਾਡੀ ਜ਼ਿੰਦਗੀ ਵਿੱਚ ਜ਼ਿਆਦਾਤਰ ਦੁੱਖਾਂ ਦਾ ਕਾਰਨ ਸਾਡੀਆਂ ਵੱਧ ਰਹੀਆਂ ਲੋੜਾਂ ਹੀ ਹਨ,ਜ਼ੋ ਨਾ ਪੂਰੀਆਂ ਹੋਣ ਤੇ ਸਾਨੂੰ ਅਪਾਰ ਦੁੱਖ ਦਿੰਦੀਆਂ ਹਨ,ਜਾਂ ਸਾਡੇ ਵਲੋਂ ਵੇਖੇਂ ਜਾਣ ਵਾਲੇ ਵੱਡੇ ਵੱਡੇ ਸੁਪਨੇ ਹਨ,ਜੋ ਨਾ ਪੂਰੇ ਹੋਣ ਦੀ ਸੂਰਤ ਵਿੱਚ ਸਾਨੂੰ ਦੁੱਖ ਦਿੰਦੇ ਹਨ।ਅਸਲੀਅਤ ਵਿੱਚ ਅਸੀਂ ਜ਼ਿੰਦਗੀ ਜਿਊਂਦੇ ਹਾਂ ਉਸਦਾ ਅਨੰਦ ਨਹੀਂ ਮਾਣਦੇ।
           ਜ਼ੇਕਰ ਕੁਦਰਤ ਦੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਹਰੇਕ ਨਵੇਂ ਸਵੇਰੇ ਦਾ ਸਾਡੇ ਲਈ ਇੱਕ ਬਹੁਤ ਹੀ ਪਿਆਰਾ ਸੁਨੇਹਾ ਹੁੰਦਾ ਹੈ, ਕੀ ਐ ਇਨਸਾਨ ਵੇਖ ਮੈਂ ਕੱਲ ਗਿਆ ਸੀ ਤੇ ਹਨ੍ਹੇਰੇ ਮਗਰੋਂ ਅੱਜ ਫ਼ੇਰ ਤੈਂਨੂੰ ਜੀ ਆਇਆਂ ਆਖਣ ਲਈ ਆਇਆ ਹਾਂ, ਪਰ ਅਸੀਂ ਉਸ ਆਏ ਦਿਨ ਨੂੰ ਕਦੇ ਆਪਣੀ ਜ਼ਿੰਦਗੀ ਦਾ ਸ਼ਾਇਦ ਦਿਨ ਗਿਣਿਆ ਵੀ ਨਾ ਹੋਵੇ,ਕਿਉਂਕਿ ਅਸੀਂ ਅੱਜ ਨੂੰ ਭੁੱਲ ਕੱਲ ਵਿੱਚ ਜ਼ਿਆਦਾ ਯਕੀਨ ਰੱਖਦੇ ਹਾਂ।
          ਜ਼ਿੰਦਗੀ ਕੱਲ ਲਈ ਨਹੀਂ ਬਣੀ ,ਜ਼ਿੰਦਗੀ ਅੱਜ ਲਈ ਹੈ, ਇਸੇ ਲਈ ਤੇ ਜ਼ਿੰਦਗੀ ਨੂੰ ਬਹੁਤੇ ਲੋਕ ਜ਼ਿੰਦਗੀ ਜ਼ਿੰਦਾਬਾਦ ਨਾਲ਼ ਸੰਬੋਧਨ ਕਰਦੇ ਹਨ,ਤੇ ਕਈ ਉਦਾਸੇ ਮੁੱਖ ਲੈਕੇ ਜਿਊਂਦੇ ਹਨ।ਅੱਜ ਦਾ ਇਨਸਾਨ ਥੋੜ੍ਹੇ ਜਿਹੇ ਔਖੇ ਵੇਲੇ ਤੇ ਨਾ ਪੂਰੇ ਹੋਏ ਖੁਆਬਾਂ ਨੂੰ ਲੈਕੇ ਆਪਣੇ ਆਪ ਲਈ ਖ਼ੁਦਕੁਸ਼ੀ ਵਾਲਾ ਰਸਤਾ ਅਖਤਿਆਰ ਕਰ ਲੈਂਦਾ ਹੈ।ਜਦ ਕੀ ਖ਼ੁਦਕੁਸ਼ੀ ਸਾਡੀ ਜ਼ਿੰਦਗੀ ਦਾ ਕਦੇ ਅੰਗ ਹੈ ਹੀ ਨਹੀਂ ਸੀ।
          ਮਰਨਾ ਤੇ ਆਪਣੇ ਆਪ ਨੂੰ ਮਾਰ ਲੈਣਾ ਇਹਨਾਂ ਦੋਹਾਂ ਸ਼ਬਦਾਂ ਵਿੱਚ ਬਹੁਤ ਫ਼ਰਕ ਹੈ, ਮਰਨਾ ਹੁੰਦਾ ਹੈ ਅਸੀਂ ਕੁਦਰਤੀ ਮੌਤ ਮਰੀਏ ਜਾਂ ਕੋਈ ਹਾਦਸਾ ਦੌਰਾਨ ਮਰ ਜਾਣ ਨੂੰ ਮਰਨਾ ਕਿਹਾ ਜਾਂਦਾ ਹੈ, ਦੂਸਰੇ ਪਾਸੇ ਆਪਣੇ ਆਪ ਨੂੰ ਮਾਰ ਲੈਣਾ ਭਾਵ ਖ਼ੁਦਕੁਸ਼ੀ ਕਰ ਲੈਣਾ ਇਹ ਮੂਰਖਤਾ ਦੀ ਸਭ ਵੱਡੀ ਨਿਸ਼ਾਨੀ ਹੈ।ਬੀਤੇ ਸਮੇਂ ਦੌਰਾਨ ਬਹੁਤ ਸਾਰੀਆਂ ਨਾਮਵਰ ਹਸਤੀਆਂ ਵੱਲੋ ਖੁਦਕੁਸ਼ੀਆਂ ਕੀਤੀਆਂ ਗਈਆਂ ਜੋ ਕਿ ਸਾਡੇ ਸਭ ਲਈ ਇੱਕ ਸੋਚਣ ਵਾਲਾ ਵਿਸ਼ਾ ਬਣ ਜਾਂਦਾ ਹੈ, ਕੀ ਇੱਕ ਗਰੀਬ ਭੁੱਖਾ ਮਰੇ ਸਮਝ ਵਿੱਚ ਆਉਂਦਾ ਹੈ, ਪਰ ਇੱਕ ਸਭ ਪਾਸੇ ਤੋਂ ਠੀਕ ਠਾਕ ਹੋਵੇ ਤੇ ਮਰ ਜਾਵੇ ,ਸਾਡੇ ਸਭ ਲਈ ਇੱਕ ਸਵਾਲੀਆ ਨਿਸ਼ਾਨ ਹੈ।
         ਕਿਸੇ ਗਰੀਬ ਦਾ ਮਰ ਜਾਣਾ ਸਮਝ ਆਉਂਦਾ ਹੈ, ਪਰ ਅਮੀਰ ਦਾ ਮਰ ਜਾਣਾ ਸਾਡੇ ਸਮਾਜ ਤੇ ਸਮਾਜਿਕ ਰਿਸ਼ਤਿਆਂ ਲਈ ਇੱਕ ਸੋਚਣ ਤੇ ਸਮਝਣ ਵਾਲਾ ਵਿਚਾਰ ਬਣ ਜਾਂਦਾ ਹੈ।ਕਿਸੇ ਵੀ ਪੱਖੋਂ ਆਪਣੇ ਆਪ ਨੂੰ ਮਾਰ ਲੈਣਾ ਇਨਸਾਨੀਅਤ ਨੂੰ ਹੀ ਸ਼ਰਮਸਾਰ ਕਰ ਦੇਣ ਦੇ ਬਰਾਬਰ ਹੈ, ਚਾਹੇ ਉਹ ਕਿਸੇ ਵੀ ਸਥਿਤੀ ਵਿੱਚ ਹੋਵੇ ,ਪਰ ਖ਼ੁਦਕੁਸ਼ੀ ਕਿਸੇ ਵੀ ਮੁਸ਼ਕਿਲ ਦਾ ਹੱਲ ਨਹੀਂ ਹੈ ਮੇਰੇ ਦੋਸਤ,ਪਰ ਅਸੀਂ ਲੋਕ ਜੇ ਇਸ ਜ਼ਿੰਦਗੀ ਦੀ ਅਹਿਮੀਅਤ ਸਮਝੀਏ ਤਾਂ?
               ਦੁੱਖਾਂ ਨਾਲ ਤੇ ਮੁਸੀਬਤਾਂ ਨਾਲ ਜ਼ਿੰਦਗੀ ਜਿਊਣਾ ਇੱਕ ਕਲਾ ਹੈ, ਜਿਸ ਇਨਸਾਨ ਨੂੰ ਦੁੱਖਾਂ ਤੇ ਮੁਸੀਬਤਾਂ ਸੰਗ ਜ਼ਿੰਦਗੀ ਜਿਉਣੀ ਆ ਗਈ ,ਅਸਲ ਜ਼ਿੰਦਗੀ ਦਾ ਉਹ ਹੀ ਹੀਰੋ ਹੈ, ਜੋ ਆਪਣੇ ਜ਼ਿੰਦਗੀ ਦੇ ਕਿਰਦਾਰ ਨੂੰ ਹਰੇਕ ਸਥਿਤੀ ਵਿੱਚ ਨਿਭਾ ਗਿਆ ਉਹ ਹੀ ਜ਼ਿੰਦਗੀ ਜ਼ਿੰਦਾਬਾਦ ਦਾ ਹੱਕਦਾਰ ਹੈ।ਤੁਸੀਂ ਜ਼ਿੰਦਗੀ ਉਹ ਨਾ ਵੇਖੋ ਜੋ ਹੋਰ ਜਿਉਂਦੇ ਹਨ,ਅਸੀਂ ਤੁਸੀਂ ਜ਼ਿੰਦਗ਼ੀ ਉਹ ਵੇਖੀਏ ਜੋ ਸਾਡੇ ਜਿਊਣ ਨਾਲ ਸਾਨੂੰ ਤੇ ਸਾਡੇ ਚਾਉਂਣ ਵਾਲਿਆਂ ਨੂੰ ਖੁਸ਼ੀ ਦੇਵੇ ,ਅਸਲੀ ਉਹ ਜ਼ਿੰਦਗੀ ਹੈ, ਜੋ ਸਾਡੇ ਆਪਣਿਆਂ ਨੂੰ ਦੁੱਖ ਦੇਵੇ ਅਸਲੀਅਤ ਵਿੱਚ ਉਹ ਖ਼ੁਦਕੁਸ਼ੀ ਹੈ।
          ਆਉ ਪਿਆਰੇ ਦੋਸਤੋਂ ਅੱਜ ਆਪਣੇ ਆਪ ਨਾਲ ਇੱਕ ਵਾਹਦਾ ਕਰਦੇ ਹਾਂ ਕਿ ਜ਼ਿੰਦਗੀ ਵਿੱਚ ਹਰੇਕ ਦੁੱਖ ਮੁਸੀਬਤ ਦਾ ਹੱਸਕੇ ਸਾਹਮਣਾ ਕਰਾਂਗੇ, ਪਰ ਕਦੇ ਵੀ ਖ਼ੁਦਕੁਸ਼ੀ ਕਰਨਾ ਤੇ ਦੂਰ ,ਅਸੀਂ ਖ਼ੁਦਕੁਸ਼ੀ ਕਰ ਲੈਣ ਵਾਲਾ ਕਦੇ ਵਿਚਾਰ ਵੀ ਆਪਣੇ ਮਨ ਵਿੱਚ ਨਹੀਂ ਲਿਆਵਾਂਗੇ।ਕਿਉਂਕਿ ਜ਼ਿੰਦਗੀ ਅਨਮੋਲ ਰਤਨ ਹੈ ਅਸੀਂ ਇਸ ਨੂੰ ਅਨਮੋਲ ਤਰੀਕਿਆਂ ਨਾਲ ਹੀ ਬਿਤਾਵਾਂਗੇ।
    ਗੁਰਪ੍ਰੀਤ ਸਿੰਘ ਜਖਵਾਲੀ
    ਮੋਬਾਇਲ 98550 36444

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!